ਪੁਲਸ ਅਤੇ ਡਰੱਗ ਵਿਭਾਗ ਦੀ ਸਾਂਝੀ ਛਾਪੇਮਾਰੀ, ਪਾਬੰਦੀਸ਼ੁਦਾ ਦਵਾਈਆਂ ਬਰਾਮਦ
Wednesday, Jul 17, 2024 - 03:08 PM (IST)
ਅੰਮ੍ਰਿਤਸਰ (ਅਵਧੇਸ਼)-ਸਿਹਤ ਵਿਭਾਗ ਦੇ ਡਰੱਗ ਵਿਭਾਗ ਵਿਚ ਤਾਇਨਾਤ ਜ਼ੋਨਲ ਲਾਇਸੈਂਸਿੰਗ ਅਥਾਰਟੀ ਕਰਨ ਸਚਦੇਵ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿਆਸ ਕਸਬੇ ਦੇ ਪਿੰਡ ਸਠਿਆਲਾ ਸਥਿਤ ਇਕ ਘਰ ਵਿਚ ਇਕ ਵਿਅਕਤੀ ਆਪਣੇ ਤੌਰ ’ਤੇ ਪਾਬੰਦੀਸ਼ੁਦਾ ਦਵਾਈਆਂ ਵੇਚ ਰਿਹਾ ਹੈ। ਇਸ ’ਤੇ ਉਨ੍ਹਾਂ ਡਰੱਗ ਕੰਟਰੋਲ ਅਫਸਰ ਅੰਮ੍ਰਿਤਸਰ-4 ਹਰਪ੍ਰੀਤ ਸਿੰਘ ਅਤੇ ਥਾਣਾ ਬਿਆਸ ਦੀ ਪੁਲਸ ਨਾਲ ਟੀਮ ਬਣਾ ਕੇ ਉਕਤ ਘਰ ’ਤੇ ਛਾਪੇਮਾਰੀ ਕੀਤੀ, ਜਿੱਥੇ ਤਿੰਨ ਤਰ੍ਹਾਂ ਦੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਪ੍ਰੀਗਾਬਾਲਿਨ ਦੇ 8400 ਕੈਪਸੂਲ ਬਰਾਮਦ ਹੋਏ, ਜਿਨ੍ਹਾਂ ਦੀ ਕੀਮਤ 2 ਲੱਖ 60 ਹਜ਼ਾਰ ਰੁਪਏ ਦੇ ਕਰੀਬ ਬਣਦੀ ਹੈ।
ਇਸ ਦੌਰਾਨ ਗੁਰਵਿੰਦਰ ਸਿੰਘ ਨਾਂ ਦਾ ਵਿਅਕਤੀ ਨਾ ਤਾਂ ਉਕਤ ਸਾਰੀਆਂ ਦਵਾਈਆਂ ਸਬੰਧੀ ਕੋਈ ਲਾਇਸੈਂਸ ਦਿਖਾ ਸਕਿਆ ਅਤੇ ਨਾ ਹੀ ਇਸ ਦੀ ਵਿਕਰੀ ਅਤੇ ਖਰੀਦ ਸਬੰਧੀ ਕੋਈ ਬਿੱਲ ਦਿਖਾ ਸਕਿਆ। ਟੀਮ ਨੇ ਉਕਤ ਵਿਅਕਤੀ ਖ਼ਿਲਾਫ਼ ਧਾਰਾ 18 ਸੀ ਅਤੇ 18 ਏ ਡਰੱਗ ਐਂਡ ਕਾਸਮੈਟਿਕ ਐਕਟ 1940 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਦਵਾਈਆਂ ਨੂੰ ਜ਼ਬਤ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।