CM 15 ਜੂਨ ਨੂੰ ਜਲੰਧਰ ਬੱਸ ਅੱਡੇ ਤੋਂ ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਲਈ ਸ਼ੁਰੂ ਕਰਨਗੇ AC ਵੋਲਵੋ ਬੱਸਾਂ

Tuesday, Jun 14, 2022 - 05:44 PM (IST)

CM 15 ਜੂਨ ਨੂੰ ਜਲੰਧਰ ਬੱਸ ਅੱਡੇ ਤੋਂ ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਲਈ ਸ਼ੁਰੂ ਕਰਨਗੇ AC ਵੋਲਵੋ ਬੱਸਾਂ

ਅੰਮ੍ਰਿਤਸਰ (ਜਸ਼ਨ) - ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 15 ਜੂਨ ਨੂੰ ਜਲੰਧਰ ਦੇ ਬੱਸ ਸਟੈਂਡ ਤੋਂ  ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਏ.ਸੀ. ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਨਾਲ ਆਮ ਲੋਕਾਂ ਨੂੰ ਬੱਸਾਂ ਦੇ ਕਿਰਾਏ ਵਿੱਚ ਕਾਫ਼ੀ ਬਚਤ ਹੋਵੇਗੀ ਅਤੇ ਇਸ ਨਾਲ ਟਰਾਂਸਪੋਰਟ ਮਾਫ਼ੀਆਂ ਵੀ ਖ਼ਤਮ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਬਰਿੰਦਰ ਸਿੰਘ ਗਿੱਲ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਲਈ ਰੋਡਵੇਜ਼ ਅੰਮ੍ਰਿਤਸਰ-1 ਦੀ ਬੱਸ ਸਵੇਰੇ 9:20 ਤੋਂ ਅਤੇ ਜਲੰਧਰ ਤੋਂ 11:40 ’ਤੇ ਚੱਲ ਕੇ ਰਾਤ 20:10 ਵਜੇ ਦਿੱਲੀ ਏਅਰਪੋਰਟ ਵਿਖੇ ਪੁਜੇਗੀ। ਸਵੇਰ 02:40 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਿਸ ਰਵਾਨਾ ਹੋਵੇਗੀ। 

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਅੰਮ੍ਰਿਤਸਰ-2 ਦੀ ਬੱਸ ਦੁਪਹਿਰ 13:40 ਤੋਂ ਅੰਮ੍ਰਿਤਸਰ ਤੋਂ 16:20 ਤੇ ਜਲੰਧਰ ਤੋਂ ਚੱਲ ਕੇ ਰਾਤ 00:35 ਤੇ ਦਿੱਲੀ ਏਅਰਪੋਰਟ ਵਿਖੇ ਪੁਜੇਗੀ ਅਤੇ ਸਵੇਰ 05:00 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਵਾਪਿਸ ਰਵਾਨਾ ਹੋਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਏ.ਸੀ. ਵੋਲਵੋ ਬੱਸਾਂ ਦੀ ਟਿਕਟਾਂ ਦੀ ਬੁਕਿੰਗ www.punbusonline.com ਵੈਬਸਾਈਟ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਵੈਬਸਾਈਟ ’ਤੇ ਉਪਲੱਬਧ ਹੋਵੇਗੀ। 

ਗਿੱਲ ਨੇ ਦੱਸਿਆ ਕਿ ਸੁਪਰ ਲਗਜ਼ਰੀ ਵੋਲਵੋ ਬੱਸ ਦਾ ਅੰਮ੍ਰਿਤਸਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1380/- ਰੁਪਏ, ਜਲੰਧਰ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 1160/- ਰੁਪਏ ਅਤੇ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਦਾ ਕਿਰਾਇਆ 990/- ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 10/- ਰੁਪਏ ਆਨਲਾਈਨ ਦੇ ਵਾਧੂ ਚਾਰਜ ਵਜੋਂ ਵਸੂਲੇ ਜਾਣਗੇ। ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਇਸ ਰੂਟ ਤੇ ਬੱਸਾਂ ਚਲਾਉਂਦੇ ਸਨ ਅਤੇ ਲੋਕਾਂ ਕੋਲੋਂ ਮਨ ਮਰਜੀ ਨਾਲ ਪੈਸੇ ਵਸੂਲਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਇਹ ਬੱਸਾਂ ਚੱਲਣ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੇਗੀ ਅਤੇ ਅੱਧੇ ਰੇਟਾਂ ਤੋਂ ਘੱਟ ਕਿਰਾਇਆ ਮੁਸਾਫਿਰ ਕੋਲੋਂ ਲਿਆ ਜਾਵੇਗਾ। ਸੂਬੇ ਭਰ ਵਿੱਚ 15 ਜੂਨ ਨੂੰ ਇਹ ਪਨਬੱਸ ਦੀਆਂ ਵੋਲਵੋ ਬੱਸਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। 


author

rajwinder kaur

Content Editor

Related News