ਅੰਮ੍ਰਿਤਸਰ: ਘਰੇਲੂ ਗੈਸ ਸਿਲੰਡਰਾਂ ਨੂੰ ਲੈ ਕੇ ਪ੍ਰਸ਼ਾਸਨ ਦਾ ਵੱਡਾ ਫ਼ਰਮਾਨ, ਦਿੱਤਾ 3 ਮਹੀਨਿਆਂ ਦਾ ਸਮਾਂ
Thursday, Jul 09, 2026 - 02:53 PM (IST)
ਅੰਮ੍ਰਿਤਸਰ (ਨੀਰਜ)- ਕੇਂਦਰ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਗਜ਼ਟ ਨੋਟੀਫਿਕੇਸ਼ਨ ਦੀ ਪਾਲਣਾ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਇਲਾਕਿਆਂ ਵਿਚ ਪੀ. ਐੱਨ. ਜੀ. (ਪਾਈਪਡ ਨੈਚੁਰਲ ਗੈਸ) ਪਾਈਪਲਾਈਨ ਵਿਛ ਚੁੱਕੀ ਹੈ, ਉੱਥੋਂ ਦੇ ਨਿਵਾਸੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਪੀਐਨਜੀ ਕੁਨੈਕਸ਼ਨ ਲੈਣਾ ਲਾਜ਼ਮੀ ਹੈ। ਜ਼ਿਲੇ ਦੀ ਨਵ-ਨਿਯੁਕਤ ਏ. ਡੀ. ਸੀ. (ਜਨਰਲ) ਪੱਲਵੀ ਮਿਸ਼ਰਾ (ਆਈ. ਏ. ਐੱਸ.) ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- SIR ਦੀ ਡਿਊਟੀ ਤੋਂ ਦੁਖੀ ਸਰਕਾਰੀ ਅਧਿਆਪਕ ਨੇ ਠਾਠਾਂ ਮਾਰ ਦੇ ਪਾਣੀ 'ਚ ਮਾਰੀ ਛਾਲ
ਏ. ਡੀ. ਸੀ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਤਿੰਨ ਮਹੀਨਿਆਂ ਦੇ ਅੰਦਰ ਯੋਗ ਲੋਕ ਪੀ. ਐੱਨ. ਜੀ. ਕੁਨੈਕਸ਼ਨ ਨਹੀਂ ਲੈਂਦੇ ਹਨ, ਤਾਂ ਉਨ੍ਹਾਂ ਦੀ ਐੱਲ. ਪੀ. ਜੀ. ਸਿਲੰਡਰਾਂ ਦੀ ਸਪਲਾਈ ਬੰਦ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਇਸ ਹੁਕਮ ਤੋਂ ਬਾਅਦ ਜ਼ਿਲੇ ਦੀਆਂ 60 ਤੋਂ ਵੱਧ ਘਰੇਲੂ ਗੈਸ ਸਿਲੰਡਰ ਸਪਲਾਈ ਕਰਨ ਵਾਲੀਆਂ ਗੈਸ ਏਜੰਸੀਆਂ ਦੇ ਭਵਿੱਖ ’ਤੇ ਸੰਕਟ ਦੇ ਬੱਦਲ ਛਾ ਗਏ ਹਨ। ਸਾਰਿਆਂ ਦੇ ਮਨ ਵਿਚ ਇਹੀ ਸਵਾਲ ਖੜ੍ਹਾ ਹੋ ਰਹੀ ਹੈ ਕਿ ਜਦੋਂ ਪੂਰੇ ਜ਼ਿਲੇ ਵਿਚ ਪੀ. ਐੱਨ. ਜੀ. ਪਾਈਪਲਾਈਨ ਵਿਛ ਜਾਵੇਗੀ ਤਾਂ ਐੱਲ. ਪੀ. ਜੀ. ਸਿਲੰਡਰ ਸਪਲਾਈ ਕਰਨ ਵਾਲੀਆਂ ਗੈਸ ਏਜੰਸੀਆਂ ਦਾ ਕੀ ਹੋਵੇਗਾ, ਜਦਕਿ ਇਹ ਗੈਸ ਏਜੰਸੀਆਂ— ਜਿਨ੍ਹਾਂ ਵਿਚ ਆਈ. ਓ. ਸੀ., ਬੀ. ਪੀ. ਸੀ. ਅਤੇ ਹੋਰ ਸ਼ਾਮਲ ਹਨ— ਪਿਛਲੇ ਲੰਮੇ ਸਮੇਂ ਤੋਂ ਜਨਤਾ ਦੀ ਸੇਵਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ASI ਨੇ ਰੱਖਿਆ ਪ੍ਰਾਈਵੇਟ ਬਾਡੀਗਾਰਡ, ਹੱਥ 'ਚ ਫੜਾਈ ਸਰਕਾਰੀ AK47, SSP ਨੇ ਕਰ'ਤੀ ਕਾਰਵਾਈ
ਸੁਰੱਖਿਅਤ ਊਰਜਾ ਪ੍ਰਦਾਨ ਕਰਨ ਲਈ ਪੀ. ਐੱਨ. ਜੀ. ਕੁਨੈਕਸ਼ਨ: ਏ. ਡੀ. ਸੀ.
ਏ. ਡੀ. ਸੀ. ਨੇ ਆਪਣੇ ਫ਼ਰਮਾਨ ਵਿਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਐੱਲ. ਪੀ. ਜੀ. ਤੋਂ ਪੀ. ਐੱਨ. ਜੀ. ਵੱਲ ਕੁਨੈਕਸ਼ਨ ਤਬਦੀਲ ਕਰਨ ਦਾ ਮਕਸਦ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰੀ ਅਤੇ ਵਧੇਰੇ ਕੁਸ਼ਲ ਊਰਜਾ ਦੀ ਸਹੂਲਤ ਪ੍ਰਦਾਨ ਕਰਨਾ ਹੈ ਅਤੇ ਲੋਕਾਂ ਨੂੰ ਪਾਈਪਡ ਨੈਚੁਰਲ ਗੈਸ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਏ. ਡੀ. ਸੀ. ਨੇ ਜ਼ਿਲ੍ਹੇ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਤੈਅ ਸਮੇਂ ਦੇ ਅੰਦਰ ਪੀਐਨਜੀ ਕੁਨੈਕਸ਼ਨ ਲੈਣ ਦੀ ਪ੍ਰਕਿਰਿਆ ਨੂੰ ਪੂਰਾ ਕਰਕੇ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, ਕਾਰੋਬਾਰੀ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ ਦੋ ਸ਼ੂਟਰ ਗ੍ਰਿਫਤਾਰ
ਜ਼ਿਲੇ ਦੇ 40 ਫੀਸਦੀ ਇਲਾਕਿਆਂ ਵਿਚ ਵਿਛ ਚੁੱਕੀ ਹੈ ਪੀ. ਐੱਨ. ਜੀ. ਪਾਈਪਲਾਈਨ
ਪੀ. ਐੱਨ. ਜੀ. ਪਾਈਪਲਾਈਨ ਦੀ ਗੱਲ ਕਰੀਏ ਤਾਂ ਜ਼ਿਲਾ ਅੰਮ੍ਰਿਤਸਰ ਵਿਚ ਪੀ. ਐੱਨ. ਜੀ. ਪਾਈਪਲਾਈਨ ਵਿਛਾਉਣ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ ਅਤੇ ਕਾਫੀ ਵਿਵਾਦਾਂ ਵਿਚ ਵੀ ਰਿਹਾ ਹੈ। ਕਈ ਵਾਰ ਪਾਈਪਲਾਈਨ ਵਿਛਾਉਣ ਦਾ ਕੰਮ ਰੋਕਿਆ ਵੀ ਗਿਆ ਹੈ। ਫਿਲਹਾਲ ਇਸ ਸਮੇਂ ਜ਼ਿਲੇ ਦੇ 40 ਫੀਸਦੀ ਇਲਾਕੇ ਵਿਚ ਪੀ. ਐੱਨ. ਜੀ. ਪਾਈਪਲਾਈਨ ਵਿਛ ਚੁੱਕੀ ਹੈ ਪਰ ਬਹੁਤ ਘੱਟ ਗਿਣਤੀ ਵਿੱਚ ਲੋਕਾਂ ਨੇ ਪੀਐਨਜੀ ਪਾਈਪਲਾਈਨ ਦੇ ਕੁਨੈਕਸ਼ਨ ਲਏ ਹਨ। ਪੀ. ਐੱਨ. ਜੀ. ਕੁਨੈਕਸ਼ਨ ਨਾਲ ਖਪਤਕਾਰਾਂ ਨੂੰ ਹਰ ਮਹੀਨੇ ਐੱਲ. ਪੀ. ਜੀ. ਵਾਂਗ ਸਿਲੰਡਰ ਲੈਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਪਾਣੀ ਦੀ ਪਾਈਪਲਾਈਨ ਵਾਂਗ ਹੀ ਪੀਐਨਜੀ ਦੀ ਸਪਲਾਈ ਰਸੋਈ ਤੱਕ ਪਹੁੰਚਾਈ ਜਾਂਦੀ ਹੈ।
ਇਰਾਨ-ਅਮਰੀਕਾ ਜੰਗ ਦੇ ਬੱਦਲਾਂ ਕਾਰਨ ਪੈਦਾ ਹੋਏ ਹਾਲਾਤ
ਮਿਡਲ-ਈਸਟ ਵਿਚ ਇਰਾਨ-ਅਮਰੀਕਾ-ਇਜ਼ਰਾਈਲ ਜੰਗ ਦੌਰਾਨ ਪੂਰੇ ਦੇਸ਼ ਵਿਚ ਐੱਲ. ਪੀ. ਜੀ. ਸੰਕਟ ਛਾ ਗਿਆ ਸੀ ਅਤੇ ਆਈ. ਓ. ਸੀ. ਤੋਂ ਲੈ ਕੇ ਸਾਰੀਆਂ ਆਇਲ ਕੰਪਨੀਆਂ ਦਾ ਆਨਲਾਈਨ ਬੁਕਿੰਗ ਸਿਸਟਮ ਠੱਪ ਹੋ ਗਿਆ ਸੀ, ਜੋ ਅਜੇ ਵੀ ਠੱਪ ਹੀ ਹੈ।
ਲੋੜ ਤੋਂ ਵੱਧ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਸੀ, ਕਿਉਂਕਿ ਲੋਕ ਪੈਨਿਕ ਵਿਚ ਆ ਕੇ ਤੈਅ ਸਮੇਂ ਤੋਂ ਪਹਿਲਾਂ ਹੀ ਸਿਲੰਡਰਾਂ ਦੀ ਬੁਕਿੰਗ ਕਰਵਾ ਰਹੇ ਸਨ ਅਤੇ ਬਲੈਕ ਵਿੱਚ ਵੀ ਸਿਲੰਡਰ ਖਰੀਦ ਰਹੇ ਸਨ ਪਰ ਇਨ੍ਹਾਂ ਕੁਝ ਮਹੀਨਿਆਂ ਦੇ ਸਮੇਂ ਦੌਰਾਨ ਪੀਐਨਜੀ ਦੀ ਸਪਲਾਈ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਈ, ਇਸਦੇ ਮੁਕਾਬਲੇ ਲੋਕਾਂ ਨੂੰ ਬਲੈਕ ਵਿੱਚ 2500 ਤੋਂ 2800 ਰੁਪਏ ਦੀ ਕੀਮਤ ਅਦਾ ਕਰਕੇ ਐੱਲ. ਪੀ. ਜੀ. ਸਿਲੰਡਰ ਖਰੀਦਣੇ ਪਏ।
ਲੋਕਾਂ ਨੂੰ ਸਮਝ ਨਹੀਂ ਆ ਰਿਹਾ 2.0 ਪੈਟਰੋਲ ਦਾ ਫੰਡਾ
ਜਿਸ ਤਰ੍ਹਾਂ ਪੀ. ਐੱਨ. ਜੀ. ਕੁਨੈਕਸ਼ਨ ਸਬੰਧੀ ਪ੍ਰਸ਼ਾਸਨ ਦੇ ਹੁਕਮਾਂ ਨੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ, ਉਸੀ ਤਰ੍ਹਾਂ 2.0 ਪੈਟਰੋਲ ਦਾ ਫੰਡਾ ਵੀ ਕਿਸੇ ਨੂੰ ਸਮਝ ਨਹੀਂ ਆ ਰਿਹਾ ਹੈ। ਪੈਟਰੋਲ ਕੰਪਨੀਆਂ ਵੱਲੋਂ ਪੈਟਰੋਲ ਵਿਚ ਐਥਨੌਲ ਦੀ ਮਿਲਾਵਟ 20 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਵਾਹਨਾਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਹਾਲ ਹੀ ਵਿੱਚ ਪ੍ਰਸ਼ਾਸਨ ਵੱਲੋਂ ਕੁਝ ਪੈਟਰੋਲ ਪੰਪਾਂ ’ਤੇ ਪੈਟਰੋਲ ਦੇ ਸੈਂਪਲ ਵੀ ਲਏ ਗਏ, ਜਿਨ੍ਹਾਂ ਵਿੱਚ ਐਥਨੌਲ ਦੀ ਮਿਲਾਵਟ ਦਾ ਪਤਾ ਚੱਲਿਆ ਪਰ ਇਹ ਮਿਲਾਵਟ ਪਿੱਛੋਂ ਹੀ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਹੈ।
ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੀ ਪ੍ਰਸ਼ਾਸਨ ਨੇ ਜਾਰੀ ਕੀਤੇ ਹਨ ਨਿਰਦੇਸ਼
ਏ. ਡੀ. ਸੀ. (ਜਨਰਲ) ਪੱਲਵੀ ਮਿਸ਼ਰਾ ਨੇ ਦੱਸਿਆ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜੋ ਨਿਰਦੇਸ਼ ਜਾਰੀ ਕੀਤੇ ਗਏ ਹਨ, ਪ੍ਰਸ਼ਾਸਨ ਉਸੇ ਦੀ ਹੀ ਪਾਲਣਾ ਕਰ ਰਿਹਾ ਹੈ। ਜਨਤਾ ਨੂੰ ਅਪੀਲ ਹੈ ਕਿ ਪ੍ਰਸ਼ਾਸਨ ਦਾ ਸਹਿਯੋਗ ਕਰਨ ਅਤੇ ਨੋਟਿਸ ਜਾਰੀ ਹੋਣ ਦੇ ਤਿੰਨ ਮਹੀਨਿਆਂ ਦੇ ਅੰਦਰ ਪੀਐਨਜੀ ਕੁਨੈਕਸ਼ਨ ਲੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
