ਅੰਮ੍ਰਿਤਸਰ ਨਗਰ ਨਿਗਮ ਲਈ NGT ਦਾ ਸਖ਼ਤ ਰੁਖ, ਲਗਾਇਆ 50 ਹਜ਼ਾਰ ਰੁਪਏ ਜੁਰਮਾਨਾ

Thursday, Jul 02, 2026 - 12:58 PM (IST)

ਅੰਮ੍ਰਿਤਸਰ ਨਗਰ ਨਿਗਮ ਲਈ NGT ਦਾ ਸਖ਼ਤ ਰੁਖ, ਲਗਾਇਆ 50 ਹਜ਼ਾਰ ਰੁਪਏ ਜੁਰਮਾਨਾ

ਚੰਡੀਗੜ੍ਹ/ਅੰਮ੍ਰਿਤਸਰ : ਨੈਸ਼ਨਲ ਗ੍ਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਪੁਰਾਣੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ 'ਤੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਟ੍ਰਿਬੀਊਨਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨਗਰ ਨਿਗਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਟ੍ਰਿਬੀਊਨਲ ਨੇ ਝਬਾਲ ਰੋਡ 'ਤੇ ਸਥਿਤ ਡੰਪਸਾਈਟ ਦੇ ਸਬੰਧ 'ਚ ਵਿਸਤ੍ਰਿਤ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਣ 'ਤੇ ਨਗਰ ਨਿਗਮ ਨੂੰ 50,000 ਰੁਪਏ ਦਾ ਜੁਰਮਾਨਾ ਕੀਤਾ ਹੈ।

ਇਹ ਰਾਸ਼ੀ ਨੈਸ਼ਨਲ ਗ੍ਰੀਨ ਟ੍ਰਿਬੀਊਨਲ ਬਾਰ ਐਸੋਸੀਏਸ਼ਨ ਕੋਲ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ, ਜਿਸ ਦੀ ਵਰਤੋਂ ਕਾਨੂੰਨੀ ਸਹਾਇਤਾ ਅਤੇ ਲਿਟੀਗੈਂਟਸ ਲਈ ਸਹੂਲਤਾਂ ਬਣਾਉਣ ਲਈ ਕੀਤੀ ਜਾਵੇਗੀ। ਹਾਲਾਂਕਿ ਨਗਰ ਨਿਗਮ ਨੇ ਦਾਅਵਾ ਕੀਤਾ ਸੀ ਕਿ ਝਬਾਲ ਰੋਡ ਵਾਲੀ ਸਾਈਟ ਪੁਰਾਣੀ ਹੈ ਅਤੇ ਉੱਥੇ ਨਵਾਂ ਕੂੜਾ ਨਹੀਂ ਸੁੱਟਿਆ ਜਾ ਰਿਹਾ, ਪਰ ਟ੍ਰਿਬੀਊਨਲ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਇਆ। ਐੱਨ. ਜੀ. ਟੀ. ਨੇ ਨੋਟ ਕੀਤਾ ਕਿ ਨਿਗਮ ਕਮਿਸ਼ਨਰ ਨੇ ਸ਼ਿਕਾਇਤਾਂ ਦੀ ਸਹੀ ਤਰ੍ਹਾਂ ਜਾਂਚ ਨਹੀਂ ਕੀਤੀ ਅਤੇ ਨਾ ਹੀ ਪੁਰਾਣੇ ਹੁਕਮਾਂ ਦੀ ਪਾਲਣਾ ਕੀਤੀ ਹੈ।

ਨਿਗਮ ਨੇ ਅਦਾਲਤ ਨੂੰ ਦੱਸਿਆ ਕਿ ਵਿਰਾਸਤੀ ਕੂੜੇ ਦੇ ਨਿਪਟਾਰੇ ਲਈ ਬਾਇਓ-ਮਾਈਨਿੰਗ ਦੇ ਟੈਂਡਰ ਮੰਗੇ ਗਏ ਹਨ ਅਤੇ 6 ਮਹੀਨਿਆਂ 'ਚ ਕੰਮ ਪੂਰਾ ਕਰ ਲਿਆ ਜਾਵੇਗਾ ਪਰ ਟ੍ਰਿਬੀਊਨਲ ਨੇ ਪਾਇਆ ਕਿ ਰਿਪੋਰਟ ਵਿੱਚ ਬਜਟ ਵੰਡ, ਸਮਾਂ ਸੀਮਾ, ਅਤੇ ਟੈਂਡਰ ਪ੍ਰਕਿਰਿਆ ਦੇ ਜ਼ਰੂਰੀ ਵੇਰਵੇ ਗਾਇਬ ਸਨ। ਟ੍ਰਿਬੀਊਨਲ ਨੇ ਪੀ. ਪੀ. ਸੀ. ਬੀ. ਨੂੰ ਦੋ ਮਹੀਨਿਆਂ ਦੇ ਅੰਦਰ ਇੱਕ ਵਾਧੂ ਜਵਾਬ ਦਾਇਰ ਕਰਨ ਲਈ ਕਿਹਾ ਹੈ, ਜਿਸ ਵਿੱਚ ਨਗਰ ਨਿਗਮ ਖ਼ਿਲਾਫ਼ ਕੀਤੀ ਗਈ ਕਾਰਵਾਈ ਦਾ ਪੂਰਾ ਵੇਰਵਾ ਹੋਣਾ ਚਾਹੀਦਾ ਹੈ।


author

Babita

Content Editor

Related News