ਨਸ਼ਾ ਤਸਕਰਾਂ ਖਿਲਾਫ਼ ਅੰਮ੍ਰਿਤਸਰ ਦਿਹਾਤੀ ਪੁਲਸ ਦੀ ਵੱਡੀ ਕਾਰਵਾਈ
Friday, Jul 03, 2026 - 05:58 PM (IST)
ਅੰਮ੍ਰਿਤਸਰ (ਰਮਨ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਜੰਡਿਆਲਾ ਗੁਰੂ ਵਿਚ ਵੱਡਾ ਕਾਸੋ ਆਪਰੇਸ਼ਨ ਚਲਾਇਆ। ਇਸ ਦੌਰਾਨ ਪੁਲਸ ਨੇ ਭਾਰੀ ਫੋਰਸ ਨਾਲ ਇਲਾਕੇ ਦੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਦਿਆਂ ਨਸ਼ਾ ਤਸਕਰਾਂ ਦੇ ਟਿਕਾਣਿਆਂ, ਸ਼ੱਕੀ ਘਰਾਂ ਅਤੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਕਾਰਵਾਈ ਦੌਰਾਨ ਇਕ ਨਸ਼ਾ ਤਸਕਰ ਦੇ ਘਰੋਂ ਕਰੀਬ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ, ਜਦਕਿ ਵੱਡੀ ਗਿਣਤੀ ਵਿਚ ਬਿਨਾਂ ਨੰਬਰ ਅਤੇ ਬਿਨਾਂ ਲੋੜੀਂਦੇ ਦਸਤਾਵੇਜ਼ਾਂ ਵਾਲੇ ਵਾਹਨਾਂ ਨੂੰ ਵੀ ਕਬਜ਼ੇ ਵਿਚ ਲਿਆ ਗਿਆ।
ਇਹ ਵਿਸ਼ੇਸ਼ ਆਪਰੇਸ਼ਨ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਕੰਵਲਪ੍ਰੀਤ ਸਿੰਘ ਅਤੇ ਡੀਐੱਸਪੀ ਬਲਜੀਤ ਸਿੰਘ ਦੀ ਅਗਵਾਈ ਹੇਠ ਚਲਾਇਆ ਗਿਆ। ਪੁਲਸ ਟੀਮਾਂ ਨੇ ਇਲਾਕੇ ਵਿਚ ਸ਼ੱਕੀ ਗਤੀਵਿਧੀਆਂ 'ਤੇ ਨਜ਼ਰ ਰੱਖਦਿਆਂ ਕਈ ਥਾਵਾਂ 'ਤੇ ਸਰਚ ਆਪਰੇਸ਼ਨ ਕੀਤਾ ਤਾਂ ਜੋ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ।
ਐੱਸਐੱਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਪਰੇਸ਼ਨ ਦੌਰਾਨ ਕਰੀਬ 30 ਤੋਂ 35 ਮੋਟਰਸਾਈਕਲ ਅਤੇ ਐਕਟਿਵਾ ਜੋ ਬਿਨਾਂ ਨੰਬਰ ਪਲੇਟਾਂ ਜਾਂ ਅਧੂਰੇ ਕਾਗਜ਼ਾਂ ਨਾਲ ਚੱਲ ਰਹੇ ਸਨ, ਕਬਜ਼ੇ ਵਿਚ ਲਏ ਗਏ ਹਨ। ਇਸ ਤੋਂ ਇਲਾਵਾ ਇਕ ਨਸ਼ਾ ਤਸਕਰ ਦੇ ਘਰੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ ਹੈ, ਜਿਸ ਸਬੰਧੀ ਤੁਰੰਤ ਐੱਫਆਈਆਰ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੁਲਸ ਨੂੰ ਗੁਪਤ ਸੂਚਨਾਵਾਂ ਮਿਲ ਰਹੀਆਂ ਹਨ ਕਿ ਕੁਝ ਅਪਰਾਧੀ ਅਨਸਰਾਂ ਕੋਲ ਗੈਰ-ਕਾਨੂੰਨੀ ਹਥਿਆਰ ਵੀ ਮੌਜੂਦ ਹਨ। ਇਸ ਲਈ ਆਉਣ ਵਾਲੇ ਦਿਨਾਂ ਵਿਚ ਵੀ ਇਸ ਤਰ੍ਹਾਂ ਦੇ ਸਰਚ ਅਤੇ ਕਾਸੋ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ।
