ਪੰਜਾਬ ’ਚ ਅੱਤਵਾਦੀਆਂ ਦੇ ਦਾਖਲ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਥਾਨਕ ਪੁਲਸ ਹੋਈ ਪੱਬਾਂ ਭਾਰ

Monday, Nov 19, 2018 - 04:35 AM (IST)

ਫਤਿਆਬਾਦ,  (ਕੰਵਲ ਸੰਧੂ)-  ਪੰਜਾਬ ਅੰਦਰ ਅੱਤਵਾਦੀਆਂ ਦੇ ਆਉਣ ਦੇ ਖਦਸ਼ੇ ਤੋਂ ਬਾਅਦ ਪੂਰੇ ਪੰਜਾਬ ਅੰਦਰ ਹਾਈ ਅਲਰਟ ਜਾਰੀ ਹੋਣ ਦੇ ਬਾਵਜੂਦ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ਉੱਤੇ ਹੋਏ ਬੰਬ ਧਮਾਕੇ ਕਾਰਨ ਪੰਜਾਬ ਪੁਲਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਦਿਆਂ ਚੌਕਸੀ ਵਧਾ ਦਿੱਤੀ  ਗਈ ਹੈ। ਜਿਸ ਦੇ ਚੱਲਦਿਆਂ ਪੁਲਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕਰਕੇ ਵੱਖ-ਵੱਖ ਥਾਵਾਂ ’ਤੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ  ਤੇ ਹਾਈ ਅਲਰਟ ਨੂੰ ਲੈ ਕੇ ਸਬ ਡਵੀਜ਼ਨ  ਸ੍ਰੀ ਗੋਇੰਦਵਾਲ ਸਾਹਿਬ ਵਲੋਂ ਡੀ. ਐੱਸ. ਪੀ. ਹਰਦੇਵ ਸਿੰਘ ਬੋਪਾਰਾਏ ਅਤੇ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿਚ ਥਾਣਾ  ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋਂ ਇਲਾਕੇ ਵਿਚ ਸਖਤੀ ਵਰਤਦਿਆਂ ਹਰ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ। 
ਇਸੇ ਦੌਰਾਨ ਕਸਬਾ ਫਤਿਆਬਾਦ ਦੇ ਚੌਕੀ ਇੰਚਾਰਜ ਬਲਰਾਜ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਅੱਤਵਾਦੀਆਂ ਦੇ ਦਾਖਲ ਹੋਣ ਦੇ ਖਦਸ਼ੇ ਤੋਂ ਬਾਅਦ ਪੂਰੇ ਪੰਜਾਬ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਹਰ ਆਉਣ-ਜਾਣ ਵਾਲੇ ’ਤੇ ਬਾਜ ਅੱਖ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਹਨਾਂ ਦੀ ਚੈਕਿੰਗ ਤੋਂ ਇਲਾਵਾ ਬੱਸ ਸਟੈਂਡ ਰੇਲਵੇ ਸਟੇਸ਼ਨਾਂ ਅਤੇ ਖਾਸ ਕਰਕੇ ਧਾਰਮਕ ਸਥਾਨਾਂ ਦੇ ਸੁਰੱਖਿਆ ਘੇਰੇ ਵਧਾਏ ਗਏ ਹਨ, ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਪੰਜਾਬ ਪੁਲਸ ਲੋਕਾਂ ਦੀ ਸੁਰੱਖਿਆ ਲਈ ਹਮੇਸ਼ਾ ਤੱਤਪਰ ਹੈ। 
 


Related News