ਕਿਰਿਆ ਦੀ ਰਸਮ 'ਚ ਸ਼ਾਮਲ ਹੋਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਕਦੇ ਨਾ ਭੁੱਲਣ ਵਾਲਾ ਹਾਦਸਾ
Friday, Feb 03, 2023 - 12:39 PM (IST)
ਪਠਾਨਕੋਟ (ਆਦਿੱਤਿਆ) : ਪਠਾਨਕੋਟ-ਜਲੰਧਰ ਮੁੱਖ ਮਾਰਗ ’ਤੇ ਕੌਂਤਰਪੁਰ ਨੇੜੇ ਇਕ ਇਨੋਵਾ ਦੀ ਟਰਾਲੇ ਨਾਲ ਟੱਕਰ ਹੋ ਗਈ, ਜਿਸ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਜਦੋਂ ਕਿ ਇਨੋਵਾ ’ਚ ਸਵਾਰ 7 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਇਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ।
ਸਾਰੇ ਲੋਕ ਪਿੰਡ ਫਤਿਹਪੁਰ ਕੁਲੀਆਂ ਤੋਂ ਹਿਮਾਚਲ ਪ੍ਰਦੇਸ਼ ਦੇ ਤੌਂਕੀ ਵਿਖੇ ਕਿਸੇ ਰਿਸ਼ਤੇਦਾਰ ਦੀ ਰਸਮ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ, ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਔਰਤ ਸੁਰਿੰਦਰ ਕੌਰ (ਹੁਸ਼ਿਆਰਪੁਰ) ’ਚ ਪੈਂਦੇ ਪਿੰਡ ਫਤਿਹਪੁਰ ਕੁਲੀਆਂ ਦੀ ਵਸਨੀਕ ਸੀ। ਜਦੋਂਕਿ ਜ਼ਖ਼ਮੀਆਂ ’ਚ ਪੂਰਨ ਚੰਦ (60), ਗੁਰਨਾਮ ਸਿੰਘ (32), ਅੰਜੂ ਦੇਵੀ (37), ਸੁਰਜੀਤ ਕੌਰ (55), ਚੰਚਲੋ ਦੇਵੀ ਅਤੇ ਰਜਿੰਦਰ ਕੌਰ ਵਾਸੀ ਫਤਿਹਪੁਰ ਕੁਲੀਆਂ ਅਤੇ ਪਰਮਜੀਤ ਕੌਰ (30) ਵਾਸੀ ਗੰਗਰੇਟ (ਐੱਚ. ਪੀ.) ਸ਼ਾਮਲ ਹਨ। ਜ਼ਖ਼ਮੀ ਪੂਰਨ ਚੰਦ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ’ਚ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ
ਸੂਚਨਾ ਮਿਲਣ ’ਤੇ ਥਾਣਾ ਨੰਗਲਭੂਰ ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਪੁਲਸ ਪਾਰਟੀ ਸਮੇਤ ਪੁੱਜੇ। ਜ਼ਖ਼ਮੀ ਇਨੋਵਾ ਚਾਲਕ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦੇ ਇਕ ਰਿਸ਼ਤੇਦਾਰ ਦੀ ਪਠਾਨਕੋਟ ਨੇੜੇ ਤੌਕੀ (ਐੱਚ. ਪੀ.) ’ਚ ਮੌਤ ਹੋ ਗਈ ਸੀ, ਜਿਸ ਦੀ ਰਸਮ ਕਿਰਿਆ ’ਚ ਸ਼ਾਮਲ ਹੋਣ ਲਈ ਉਹ ਇਨੋਵਾ ’ਚ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਫਤਿਹਪੁਰ ਕੁਲੀਆਂ ਤੋਂ ਤੌਕੀ ਜਾ ਰਿਹਾ ਸੀ। ਇਨੋਵਾ ’ਚ ਵੱਡੇ 8 ਲੋਕ ਅਤੇ ਇਕ ਬੱਚਾ ਸਵਾਰ ਸੀ। ਜਦੋਂ ਉਹ ਪਠਾਨਕੋਟ-ਜਲੰਧਰ ਹਾਈਵੇਅ ’ਤੇ ਕੌਂਤਰਪੁਰ ਨੇੜੇ ਪੁੱਜਾ ਤਾਂ ਉਸ ਦੇ ਸਾਹਮਣੇ ਇਕ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਆ ਗਿਆ। ਇਸ ਦੌਰਾਨ ਉਹ ਕੁਝ ਸਮਝ ਸਕਦਾ ਤਾਂ ਇਨੋਵਾ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾ ਗਈ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨੰਗਲਭੂਰ ਦੇ ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਟਰਾਲੇ ਅਤੇ ਇਨੋਵਾ ਨੂੰ ਕਬਜ਼ੇ ਵਿਚ ਲੈ ਲਿਆ ਹੈ। ਜ਼ਖ਼ਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਸਿਵਲ ਹਸਪਤਾਲ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।