ਪੰਜਾਬ ’ਚ ਡਰ, ਭੈ ਤੇ ਸਹਿਮ ਕਾਰਨ ਜ਼ਮੀਨਾਂ-ਜਾਇਦਾਦਾਂ ਦੇ ਰੇਟ ਅਰਸ਼ ਤੋਂ ਫਰਸ਼ ’ਤੇ ਡਿੱਗੇ : ਭੋਮਾ

03/06/2023 4:42:47 PM

ਅੰਮ੍ਰਿਤਸਰ (ਵਾਲੀਆ)- ਪੰਜਾਬ ਮੌਜੂਦਾ ਸਮੇਂ ’ਚ ਅਸ਼ਾਤ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ ਲੋਕਾਂ ’ਚ ਸਹਿਮ ਦਾ ਮਾਹੌਲ ਹੈ। ਮਾਪੇ ਡਰ ਤੇ ਬੇਰੋਜ਼ਗਾਰੀ ਦੇ ਸਾਏ ਹੇਠ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ ਪਰ ਸਰਕਾਰ ਇਨ੍ਹਾਂ ਅਹਿਮ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕੀਤਾ। ਉਨ੍ਹਾਂ ਉਕਤ ਵਿਸ਼ਿਆਂ ’ਤੇ ਵਿਸ਼ੇਸ਼ ਧਿਆਨ ਦਿਵਾਇਆ ਕਿ ਪਹਿਲਾਂ ਤਾਂ ਅਕਾਲੀਆਂ ਤੇ ਕਾਂਗਰਸੀਆਂ ਨੇ ਪੰਜਾਬ ਦਾ ਭੱਠਾ ਬੈਠਾ ਛੱਡਿਆ। ਦੋਨਾਂ ਪਾਰਟੀਆਂ ਨੇ ਸੂਬੇ ਦੀ ਲੁੱਟ-ਖਸੁੱਟ ਕਰ ਕੇ ਪੰਜਾਬ ਨੂੰ ਹਾਸ਼ੀਏ ’ਤੇ ਧੱਕਣ ’ਚ ਕੋਈ ਕਸਰ ਨਹੀਂ ਛੱਡੀ, ਇਨ੍ਹਾਂ ਦੀਆਂ ਗਲਤੀਆਂ ਕਾਰਨ ਹੀ ਪੰਜਾਬ ਦੇ ਨੌਜਵਾਨ ਵਿਦੇਸ਼ ਭੱਜਣ ਨੂੰ ਤਰਜੀਹ ਦੇ ਰਹੇ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ’ਤੇ 29 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਜ਼ਬਤ

ਭੋਮਾ ਅਨੁਸਾਰ ਪੰਜਾਬ ਨੇ ਪਹਿਲਾਂ ਹੀ ਬਹੁਤ ਲੰਮਾ ਸਮਾਂ ਸੰਤਾਪ ਹੰਢਾਇਆ ਹੈ। ਨਵੀਂ ਬਣੀ ਟੋਪੀ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੇ ਵਾਅਦੇ ਤੇ ਦਾਅਵੇ ਤਾਂ ਬਹੁਤ ਕੀਤੇ ਸੀ ਪਰ ਉਨ੍ਹਾ ਨੂੰ ਅਸਲ ਰੂਪ ’ਚ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇ ਇਹ ਤਸਵੀਰ ਅਮਲੀ ਤੌਰ ’ਤੇ ਪੇਸ਼ ਨਹੀਂ ਕਰ ਸਕੀ। ਭੋਮਾ ਨੇ ਕਿਹਾ ਕਿ ਹੁਣ ਤਸਵੀਰ ਹੀ ਹੋਰ ਹੋ ਗਈ ਹੈ ਕਿ ਪੰਜਾਬ ’ਚ ਕੋਈ ਨਿਵੇਸ਼ ਕਰਨ ਲਈ ਤਿਆਰ ਨਹੀਂ, ਵਪਾਰੀਆਂ ਦੇ ਮਨਾਂ ’ਚ ਡਰ ਤੇ ਸਹਿਮ ਦਾ ਮਾਹੌਲ ਹੈ। ਫਿਰ ਨੌਕਰੀਆਂ ਕਿਵੇਂ ਪੈਦਾ ਹੋਣਗੀਆਂ। ਪੰਜਾਬ ਵਿਚ ਡਰ ਤੇ ਸਹਿਮ ਕਾਰਨ ਜ਼ਮੀਨਾਂ ਜਾਇਦਾਦਾਂ ਦੀਆਂ ਕੀਮਤਾਂ ਅਸਮਾਨ ਤੋਂ ਫਰਸ਼ ’ਤੇ ਡਿੱਗ ਪਈਆਂ ਹਨ।

ਇਹ ਵੀ ਪੜ੍ਹੋ- ਜੇਕਰ ਜੀ-20 ਸੰਮੇਲਨ ਰੱਦ ਹੁੰਦੈ ਤਾਂ ਪੰਜਾਬ ਨੂੰ ਹੋਵੇਗਾ ਵੱਡਾ ਨੁਕਸਾਨ : ਔਜਲਾ

ਨਿਵੇਸ਼ਕਰਤਾ ਤਾਂ ਡਰੇ ਹੋਏ ਬੈਠੇ ਹਨ। ਵਪਾਰੀ ਬਾਹਰਲੇ ਸੂਬਿਆਂ ’ਚ ਭੱਜ ਰਹੇ ਹਨ ਆਪਣੇ ਪਰਿਵਾਰ ਨੂੰ ਰੋਟੀ ਖਵਾਉਣ ਵਾਲੇ ਦੇ ਮਨ ’ਚ ਡਰ ਬੈਠਾ ਹੈ ਕਿ ਸਵੇਰੇ ਘਰੋਂ ਗਿਆ ਸ਼ਾਮ ਦਾ ਪਤਾ ਨਹੀਂ ਮੈਂ ਘਰ ਆਵਾਂਗਾ ਜਾਂ ਨਹੀਂ। ਭੋਮਾ ਨੇ ਸਪੱਸ਼ਟ ਕੀਤਾ ਕਿ ਆਮ ਵਰਗ ਬੇਹੱਦ ਬੈਚੇਨ ਬੈਠਾ ਹੈ। ਪੰਜਾਬ ਸਰਹੱਦ ਸੂਬਾ ਹੈ, ਸਾਡੇ ਗੁਆਂਢੀ ਮੁਲਕ ਦੇ ਹਲਾਤਾਂ ਤੋਂ ਸਾਰੇ ਵਾਕਿਫ਼ ਹੈ। ਇਸ ਲਈ ਪੰਜਾਬ ’ਚ ਨਿਵੇਸ਼ਕਾਂ ਨੂੰ ਲਿਆਉਣ ਤੋਂ ਪਹਿਲਾਂ ਸੂਬੇ ਦੀ ਅਮਨ-ਕਾਨੂੰਨ ਅਵਸਥਾ ਨੂੰ ਠੀਕ ਕੀਤਾ ਜਾਵੇ ਤਾਂ ਜੋ ਦੇਸ਼ ਦਾ ਖੁਸ਼ਹਾਲ ਸੂਬਾ ਮੁੜ ਤਰੱਕੀ ਦੀ ਰਾਹ ’ਤੇ ਪੈ ਸਕੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News