ਤਰਨਤਾਰਨ ਸ਼ਹਿਰ ''ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ

Monday, Oct 16, 2023 - 06:32 PM (IST)

ਤਰਨਤਾਰਨ ਸ਼ਹਿਰ ''ਚ ਦੇਹ ਵਪਾਰ ਲਈ ਸੁਰੱਖਿਅਤ ਸਥਾਨ ਬਣੇ ਹੋਟਲ, ਰੋਜ਼ਾਨਾ ਲੱਖਾਂ ਰੁਪਏ ਦਾ ਖੇਡਿਆ ਜਾਂਦਾ ਜੂਆ

ਅੰਮ੍ਰਿਤਸਰ/ਤਰਨਤਾਰਨ (ਰਮਨ)- ਦੀਵਾਲੀ ਦਾ ਤਿਉਹਾਰ ਨਜ਼ਦੀਕ ਆਉਣ ਦੌਰਾਨ ਜਿੱਥੇ ਲੋਕਾਂ ਵਲੋਂ ਇਕ ਦੂਜੇ ਨੂੰ ਤੋਹਫ਼ੇ ਦੇਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਉੱਥੇ ਜੂਏ ਦੇ ਸ਼ੌਕੀਨ ਜੁਆਰੀਆਂ ਵਲੋਂ ਰੋਜ਼ਾਨਾ ਲੱਖਾਂ ਰੁਪਏ ਦਾ ਜੂਆ ਖੇਡਣ ਲਈ ਤਰਨਤਾਰਨ ਸ਼ਹਿਰ ਅੰਦਰ ਅਤੇ ਵੱਖ-ਵੱਖ ਸੁੰਨਸਾਨ ਇਲਾਕਿਆਂ ’ਚ ਖੁੱਲ੍ਹੇ ਹੋਟਲਾਂ ਨੂੰ ਸੁਰੱਖਿਅਤ ਸਥਾਨ ਬਣਾਉਂਦੇ ਹੋਏ ਦਿਨ-ਰਾਤ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਇਨ੍ਹਾਂ ਹੋਟਲਾਂ ਵਿਚ ਜਿੱਥੇ ਜੂਏ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ, ਉੱਥੇ ਦੇਹ ਵਪਾਰ ਦਾ ਧੰਦਾ ਵੀ ਖੁੱਲ੍ਹੇਆਮ ਚੱਲਦਾ ਨਜ਼ਰ ਆ ਰਹੀ ਹੈ, ਜਿਸ ਦੇ ਚੱਲਦਿਆਂ ਛੋਟੇ ਬੱਚਿਆਂ ਅਤੇ ਲੋਕਾਂ ਵਿਚ ਇਸਦਾ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਹੋਟਲਾਂ ਤੋਂ ਮਹੀਨਾ ਉਗਰਾਹੁਣ ਵਾਲੀ ਪੁਲਸ ਵਲੋਂ ਠੋਸ ਕਾਰਵਾਈ ਕਰਨ ਦੀ ਬਜਾਏ ਆਪਣੀਆਂ ਅੱਖਾਂ ਕਬੂਤਰ ਵਾਂਗ ਮੀਟੀਆਂ ਹੋਈਆਂ ਹਨ।       

ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਮਾਂ ਦੀ ਮੌਤ, ਸੜਕ ਕਿਨਾਰੇ ਵਿਲਕਦੇ ਰਹੇ ਬੱਚੇ

ਦੀਵਾਲੀ ਮੌਕੇ ਜੂਆ ਖੇਡਣ ਨੂੰ ਚੰਗਾ ਸਮਝਣ ਵਾਲੇ ਕੁਝ ਵਿਅਕਤੀ ਅੱਜ-ਕੱਲ੍ਹ ਵੱਖ-ਵੱਖ ਕਿਸਮ ਦੇ ਜੂਏ ਖੇਡਣ ਦੀਆਂ ਤਿਆਰੀਆਂ ਕਰਨ ਲੱਗ ਪਏ ਹਨ। ਇਨ੍ਹਾਂ ਜੁਆਰੀਆਂ ਅਤੇ ਮਾੜੇ ਅਨਸਰਾਂ ਵਲੋਂ ਵੱਖ-ਵੱਖ ਕਿਸਮ ਦੀਆਂ ਲਾਟਰੀਆਂ ਅਤੇ ਕੰਪਿਊਟਰ ਦੀ ਮਦਦ ਨਾਲ ਪਰਚੀ ਕੱਢਣ ਸਬੰਧੀ ਮੁਹੱਲਿਆਂ ਵਿਚ ਕਾਰੋਬਾਰ ਜ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੱਖਾਂ ਰੁਪਏ ਦੇ ਜੂਏ ਖੇਡਣ ਵਾਲੇ ਸਥਾਨਕ ਸ਼ਹਿਰ ਦੇ ਨਾਮੀ ਜੁਆਰੀਆਂ ਵਲੋਂ ਸ਼ਹਿਰ ਦੇ ਸੁੰਨਸਾਨ ਇਲਾਕਿਆਂ ਵਿਚ ਖੁੱਲ੍ਹੇ ਦੋ ਨੰਬਰੀ ਹੋਟਲਾਂ ਨੂੰ ਸੁਰੱਖਿਅਤ ਥਾਂ ਸਮਝਦੇ ਹੋਏ ਪੱਕੇ ਤੌਰ ਉੱਪਰ ਲੱਖਾਂ ਰੁਪਏ ਐਡਵਾਂਸ ਜਮ੍ਹਾ ਕਰਵਾਉਂਦੇ ਹੋਏ ਬੁੱਕ ਕਰ ਲਿਆ ਗਿਆ ਹੈ। ਇਨ੍ਹਾਂ ਹੋਟਲਾਂ ਵਿਚ ਰੋਜ਼ਾਨਾ ਲੱਖਾਂ ਰੁਪਏ ਦਾ ਜੂਆ ਖੇਡਿਆ ਜਾ ਰਿਹਾ ਹੈ, ਜਿਸ ਨੂੰ ਰੋਕਣ ਵਿਚ ਪੁਲਸ ਦੇ ਹੱਥ ਖੜ੍ਹੇ ਹੁੰਦੇ ਕਹੇ ਜਾ ਸਕਦੇ ਹਨ। ਇਨ੍ਹਾਂ ਹੋਟਲਾਂ ਵਿਚ ਆਮ ਗਾਹਕ ਘੱਟ ਗਿਣਤੀ ਵਿਚ ਆਉਂਦੇ ਹਨ ਜਦਕਿ ਦੇਹ ਵਪਾਰ ਲਈ ਜ਼ਿਆਦਾ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਸਾਬਕਾ ਵਿਧਾਇਕ ਸੇਖੜੀ ਨੇ ਮੁੰਡੇ ਨਾਲ ਰਲ਼ ਕੁੱਟਿਆ ਆਪਣਾ ਭਰਾ, ਵੇਖੋ ਵੀਡੀਓ

ਇਸ ਹੋਟਲ ਵਾਲੇ ਧੰਦੇ ਵਿਚ ਲੱਗੇ ਵਿਅਕਤੀ ਵਲੋਂ ਇਕ ਹੋਟਲ ਤੋਂ ਤਿੰਨ ਹੋਟਲ ਤਿਆਰ ਕਰ ਲਏ ਗਏ ਹਨ, ਜਿਸ ਵਿਚ ਦੀ ਕਥਿਤ ਮਿਲੀ ਭੁਗਤ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਵੀ ਦੱਸਣ ਯੋਗ ਹੈ ਕਿ ਹੋਟਲ ਦਾ ਮਾਲਕ ਜ਼ਿਆਦਾਤਰ ਥਾਣੇ ਦੇ ਕਰਮਚਾਰੀਆਂ ਨਾਲ ਐੱਸ਼ ਪ੍ਰਸਤੀ ਵੀ ਕਰ ਰਿਹਾ ਹੈ।

ਸਥਾਨਕ ਸ਼ਹਿਰ ਦੇ ਆਸ-ਪਾਸ ਵਾਲੇ ਇਲਾਕਿਆਂ ਵਿਚ ਖੁੱਲ੍ਹੇ ਨਾਜਾਇਜ਼ ਹੋਟਲਾਂ ਦੀ ਮਸ਼ਹੂਰੀ ਇਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕ ਜੂਆ ਖੇਡਣ ਲਈ ਜਲੰਧਰ, ਫਿਰੋਜ਼ਪੁਰ, ਅੰਮ੍ਰਿਤਸਰ ਤੋਂ ਤਰਨਤਰਨ ਆ ਰਹੇ ਹਨ। ਕੁਝ ਵਿਅਕਤੀਆਂ ਵਲੋਂ ਸਥਾਨਕ ਬੀਬੋ ਸ਼ਾਹ ਮਾਰਕੀਟ, ਮੁਹੱਲਾ ਨਾਨਕਸਰ, ਮੁਰਾਦਪੁਰਾ, ਰੋਹੀ ਕੰਡਾ ਨਜ਼ਦੀਕ ਪਾਰਕਿੰਗ, ਜੰਡਿਆਲਾ ਰੋਡ ਨਜ਼ਦੀਕ ਮਾਤਾ ਗੰਗਾ ਸਕੂਲ ਤੋਂ ਇਲਾਵਾ ਹੋਰ ਕਈ ਥਾਵਾਂ ’ਤੇ ਲਾਟਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਗੁੰਡਾਗਰਦੀ ਦਾ ਨੰਗਾ ਨਾਚ, ਮਾਮੂਲੀ ਗੱਲ ਨੂੰ ਲੈ ਕੇ ਚੱਲੀਆਂ ਗੋਲੀਆਂ, ਜਾਣੋ ਪੂਰਾ ਮਾਮਲਾ

ਹਲਵਾਈ ਨੇ 20 ਲੱਖ ਰੁਪਏ ਜਿੱਤਣ ਦੀ ਲਗਾਈ ਉਮੀਦ

ਸਥਾਨਕ ਸ਼ਹਿਰ ਵਿਚ ਇਕ ਹੋਟਲ ਅੰਦਰ ਬੀਤੀ ਰਾਤ ਜੂਏ ਦੀ ਗੇਮ ਖੇਡਦੇ ਸਮੇਂ ਇਕ ਵਿਅਕਤੀ ਜੋ ਹਲਵਾਈ ਦੱਸਿਆ ਜਾ ਰਿਹਾ ਹੈ, ਵਲੋਂ ਜਿੱਥੇ ਜੂਆ ਖੇਡਦੇ ਸਮੇਂ 50 ਹਜ਼ਾਰ ਰੁਪਏ ਜਿੱਤ ਲਏ ਗਏ, ਉੱਥੇ ਹੀ 2 ਲੱਖ 50 ਹਜ਼ਾਰ ਰੁਪਏ ਹਾਰ ਜਾਣ ਦੀ ਚਰਚਾ ਸ਼ਹਿਰ ਵਿਚ ਖੂਬ ਹੋ ਰਹੀ ਹੈ। ਇਸ ਦੌਰਾਨ ਜੂਆ ਰਾਤ ਕਰੀਬ 1 ਵਜੇ ਤੱਕ ਖੇਡਿਆ ਜਾਂਦਾ ਰਿਹਾ, ਜਿਸ ਦੌਰਾਨ ਕਰੀਬ 1 ਦਰਜਨ ਸ਼ਹਿਰੀ ਲੋਕਾਂ ਦੀ ਮੌਜੂਦਗੀ ਰਹੀ। ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਸਬੰਧਿਤ ਹਲਵਾਈ ਨੇ ਇਸ ਸਾਲ ਜੂਆ ਖੇਡਣ ਲਈ 20 ਲੱਖ ਰੁਪਏ ਜਿਤਣ ਦੀ ਉਮੀਦ ਲਗਾਈ ਹੋਈ ਹੈ ਜੋ ਬੀਤੇ ਸਾਲ ਇਕ ਕਲੱਬ ਵਿੱਚ 5 ਲੱਖ ਰੁਪਏ ਜੂਆ ਖੇਡਦੇ ਹੋਏ ਹਾਰ ਗਿਆ ਸੀ।

ਸਖ਼ਤੀ ਨਾਲ ਹੋਵੇਗੀ ਕਾਨੂੰਨੀ ਕਾਰਵਾਈ : ਐੱਸ.ਪੀ ਵਿਸ਼ਾਲਜੀਤ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਐੱਸ.ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਜੇ ਕੋਈ ਵਿਅਕਤੀ ਜੂਆ ਖੇਡਦਾ ਜਾਂ ਕਿਸੇ ਨੂੰ ਖਿਡਾਉਂਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੋਟਲਾਂ ਉੱਪਰ ਸਿਵਲ ਵਰਦੀ ਵਾਲੇ ਪੁਲਸ ਮੁਲਾਜ਼ਮਾਂ ਰਾਹੀਂ ਜੂਆ ਖੇਡਣ ਦੀ ਜਾਂਚ ਸ਼ੁਰੂ ਕਰਵਾਈ ਜਾ ਰਹੀ ਹੈ। ਜਿਸ ਤੋਂ ਬਾਅਦ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਪੁਲਸ ਨੂੰ ਗੁਪਤ ਸੂਚਨਾ ਦੇ ਸਕਦਾ ਹੈ, ਜਿਸ ਦਾ ਨਾਂ ਜਨਤਕ ਨਹੀਂ ਕੀਤਾ ਜਾਵੇਗਾ ਅਤੇ ਜੇ ਕਿਸੇ ਹੋਟਲ, ਰੈਸਟੋਰੈਂਟ ਮਾਲਕ ਵਲੋਂ ਜੂਆ ਖੇਡਣ ਵਿਚ ਸਾਥ ਦਿੱਤਾ ਗਿਆ ਤਾਂ ਉਸ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News