ਅੰਮ੍ਰਿਤਸਰ 'ਚ ਭਿਆਨਕ ਸੜਕ ਹਾਦਸਾ, ਟਿੱਪਰ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

Friday, Jul 03, 2026 - 05:15 PM (IST)

ਅੰਮ੍ਰਿਤਸਰ 'ਚ ਭਿਆਨਕ ਸੜਕ ਹਾਦਸਾ, ਟਿੱਪਰ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਅੰਮ੍ਰਿਤਸਰ (ਰਮਨ): ਅੰਮ੍ਰਿਤਸਰ ਦੇ 100 ਫੁੱਟੀ ਰੋਡ 'ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਐਕਟੀਵਾ ਸਵਾਰ 35 ਸਾਲਾ ਗੁਰਸਿਮਰਨ ਸਿੰਘ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੁਰਸਿਮਰਨ ਸਿੰਘ ਆਪਣੀ ਐਕਟੀਵਾ 'ਤੇ ਜਾ ਰਹੇ ਸਨ ਅਤੇ ਪਿੱਛੋਂ ਆ ਰਹੇ ਇੱਕ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਉਹ ਸੜਕ 'ਤੇ ਡਿੱਗ ਪਏ ਅਤੇ ਟਿੱਪਰ ਦੇ ਹੇਠਾਂ ਆ ਜਾਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟੱਕਰ ਲੱਗਣ ਤੋਂ ਬਾਅਦ ਐਕਟੀਵਾ ਸਵਾਰ ਸੜਕ 'ਤੇ ਡਿੱਗਦਾ ਹੈ ਅਤੇ ਟਿੱਪਰ ਉਸ ਦੇ ਉੱਪਰੋਂ ਲੰਘ ਜਾਂਦਾ ਹੈ।

ਇਹ ਵੀ ਪੜ੍ਹੋ- ਪੰਜਾਬ: ਕਰੇਟਾ ਕਾਰ 'ਚ 62,00,000 ਰੁਪਏ ਲੈ ਕੇ ਘੁੰਮ ਰਹੇ 2 ਗੁਜਰਾਤੀ ਨੌਜਵਾਨ ਗ੍ਰਿਫਤਾਰ, ਹੋ ਸਕਦੇ ਵੱਡੇ ਖੁਲਾਸੇ

ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਏਸੀਪੀ ਰਵਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ੁਰੂਆਤੀ ਜਾਂਚ ਮੁਤਾਬਕ ਗੁਰਸਿਮਰਨ ਸਿੰਘ ਐਕਟੀਵਾ 'ਤੇ 100 ਫੁੱਟੀ ਰੋਡ ਵੱਲ ਜਾ ਰਹੇ ਸਨ, ਜਦੋਂ ਪਿੱਛੋਂ ਆ ਰਹੇ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਉਮਰ ਕਰੀਬ 30 ਤੋਂ 35 ਸਾਲ ਹੈ ਅਤੇ ਉਹ ਪਰਿਵਾਰ ਵਾਲਾ ਵਿਅਕਤੀ ਸੀ। ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦੀ ਵੀ ਲਾਪਰਵਾਹੀ ਸਾਹਮਣੇ ਆਵੇਗੀ, ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਗੁਰਦਾਸਪੁਰ: ਰਾਵੀ ਦਰਿਆ ਦੇ ਪਾਰ ਵਸੇ 7 ਪਿੰਡ ਦੇ ਸਰਪੰਚਾਂ ਦਾ ਵੱਡਾ ਐਲਾਨ, 10 ਦਿਨਾਂ ਦਾ ਦਿੱਤਾ ਅਲਟੀਮੇਟਮ

ਏਸੀਪੀ ਨੇ ਦੱਸਿਆ ਕਿ ਟਿੱਪਰ ਚਾਲਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਟਿੱਪਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਇਸ ਰੂਟ 'ਤੇ ਕਿਵੇਂ ਦਾਖ਼ਲ ਹੋਇਆ। ਜੇਕਰ ਕਿਸੇ ਵੀ ਪੱਧਰ 'ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਸਬੰਧੀ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਦੀ ਤਲਾਸ਼ੀ ਲੈਣ 'ਤੇ ਉਡੇ ਹੋਸ਼

ਏਸੀਪੀ ਰਵਿੰਦਰ ਪਾਲ ਸਿੰਘ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਅਤੇ ਬਾਹਰ ਲਗਾਏ ਬੋਰਡ ਹਟਾਉਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ 100 ਫੁੱਟੀ ਰੋਡ, ਚਮਰੰਗ ਰੋਡ ਅਤੇ ਸੁਲਤਾਨਵਿੰਡ ਰੋਡ ਵਰਗੇ ਰੁੱਝੇ ਇਲਾਕਿਆਂ ਵਿੱਚ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਇਨਕਰੋਚਮੈਂਟ ਹਟਾਈ ਜਾਵੇਗੀ ਅਤੇ ਇਸ ਸਬੰਧੀ ਦੁਕਾਨਦਾਰਾਂ ਨੇ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਨੋ-ਐਂਟਰੀ ਵਾਲੇ ਇਲਾਕੇ ਵਿੱਚ ਟਿੱਪਰਾਂ ਦੀ ਆਵਾਜਾਈ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਇਲਾਕਾ ਸਕੂਲਾਂ ਅਤੇ ਸੰਘਣੀ ਆਬਾਦੀ ਵਾਲਾ ਹੈ, ਜਿੱਥੇ ਹਰ ਸਮੇਂ ਭਾਰੀ ਟਰੈਫਿਕ ਰਹਿੰਦਾ ਹੈ। ਪਰਿਵਾਰ ਅਨੁਸਾਰ ਗੁਰਸਿਮਰਨ ਸਿੰਘ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ, ਜਿਸ ਕਾਰਨ ਪੂਰਾ ਪਰਿਵਾਰ ਉਜੜ ਗਿਆ ਹੈ।

ਪਰਿਵਾਰਕ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਸਿਰਫ਼ ਡਰਾਈਵਰ ਹੀ ਨਹੀਂ, ਸਗੋਂ ਟਿੱਪਰ ਮਾਲਕ ਅਤੇ ਜੇਕਰ ਜਾਂਚ ਵਿੱਚ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਫਿਲਹਾਲ ਪੁਲਸ ਨੇ ਟਿੱਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਹਾਦਸੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

 

 


 

 


 


author

Shivani Bassan

Content Editor

Related News