1947 ਹਿਜਰਤਨਾਮਾ 6 : ਰਵਿੰਦਰ ਸਿੰਘ ਐਡਵੋਕੇਟ

04/28/2020 3:39:05 PM

ਸਤਵੀਰ ਸਿੰਘ ਚਾਨੀਆਂ   

92569-73526

"ਜੀ ਬਰਖਰਦਾਰੋ ਮੈਂ ਰਵਿੰਦਰ ਸਿੰਘ ਐਡਵੋਕੇਟ ਹਾਲ ਆਬਾਦ ਜਲੰਧਰ ਤੋਂ ਬੋਲ ਰਿਹੈ। ਵੈਸੇ ਸਾਡਾ ਜੱਦੀ ਪਿੰਡ ਜਹਾਂਗੀਰ ਤਹਿਸੀਲ ਅਤੇ ਜ਼ਿਲਾ ਤਰਨਤਾਰਨ ਹੈ। ਸੰਨ 1900 ਦੇ ਕਰੀਬ ਜਦ ਬਾਰਾਂ ਖੁੱਲੀਆਂ ਤਾਂ ਮੇਰੇ ਪੜਦਾਦਾ ਜੀ ਸ: ਗੁਲਾਬ ਸਿੰਘ ਮਰੋਕ ਅਤੇ ਉਹਦੇ ਪੁੱਤਰਾਨ ਬਾਬਾ ਜੀ ਸ: ਅਰੂੜ ਸਿੰਘ ਅਤੇ ਸ: ਮੱਲ ਸਿੰਘ ਜੀ ਅੰਗਰੇਜ ਹਕੂਮਤ ਵਲੋਂ 1-1 ਮੁਰੱਬਾ ਅਲਾਟ ਹੋਣ ਕਾਰਨ ਉਹ ਸਾਂਦਲ ਬਾਰ ਦੇ ਪਿੰਡ ਚੱਕ ਨੰ: 253 ਆਰ.ਬੀ. (ਰੱਖ ਬਰਾਂਚ) ਤਹਿਸੀਲ ਅਤੇ ਜ਼ਿਲਾ ਲਾਇਲਪੁਰ ’ਚ ਜਾ ਆਬਾਦ ਹੋਏ। ਇਸ ਚੱਕ ਵਿਚ ਇਧਰੋਂ ਜਹਾਂਗੀਰੋਂ ਗਏ ਹੋਏ ਲੋਕਾਂ ਦੀ ਬਹੁਤਾਤ ਸੀ, ਇਸੇ ਕਰਕੇ ਹੀ ਇਸ ਚੱਕ ਦਾ ਨਾਮ ਵੀ ਜਹਾਂਗੀਰ ਪੈ ਗਿਆ। ਇਸ ਇਲਾਕੇ ਵਿਚ ਪਹਿਲਾਂ ਮੂਲ ਨਿਵਾਸੀ ਜਾਂਗਲੀ ਲੋਕਾਂ ਦਾ ਵਾਸ ਸੀ, ਜੋ ਪਿੰਡ ਬੱਝਣ ਨਹੀਂ ਦਿੰਦੇ ਸਨ। ਕਾਫੀ ਸਮਾਂ ਖਿੱਚੋ ਤਾਣ ਅਤੇ ਮਾਰ ਧਾੜ ਚੱਲਦੀ ਰਹੀ। ਅਖੀਰ ਉਨ੍ਹਾਂ ਇਕ ਪਾਸੇ ਖਿਸਕ ਕੇ ਵੱਖਰਾ ਵਾਸ ਕਰ ਲਿਆ ।     

ਮੇਰੇ ਬਾਬਾ ਜੀ ਸ: ਅਰੂੜ ਸਿੰਘ ਜੀ ਦੇ ਘਰ ਅੱਗੋਂ ਕਰਮਵਾਰ ਆਤਮਾ ਸਿੰਘ, ਕੇਸਰ ਸਿੰਘ, ਹਾਕਮ ਸਿੰਘ ਅਤੇ ਜਵੰਦ ਸਿੰਘ ਚਾਰ ਪੁੱਤਰ ਪੈਦਾ ਹੋਏ। ਇਨ੍ਹਾਂ ਸਾਰਿਆਂ ਦਾ ਜਨਮ ਉਧਰ ਬਾਰ ਦਾ ਹੀ ਹੈ। ਜਵੰਦ ਸਿੰਘ ਦੇ ਘਰ ਮੇਰਾ ਜਨਮ 15 ਅਗਸਤ 1932 ਨੂੰ ਹੋਇਆ। ਮੇਰੇ ਬਾਬਾ ਸ: ਅਰੂੜ ਸਿੰਘ ਤੋਂ ਇਲਾਵਾ ਅਮਰ ਸਿੰਘ, ਇੰਦਰ ਸਿੰਘ ਅਤੇ ਸੰਤਾ ਸਿੰਘ ਪਿੰਡ ਦੇ ਲੰਬੜਦਾਰ ਸਨ। ਸਾਡੇ ਪਿੰਡ ਦੇ ਨਾਲ ਜੁੜਵਾਂ ਇਕ ਹੋਰ ਛੋਟਾ ਜਹਾਂਗੀਰ ਵੀ ਸੀ, ਜਿਸ ਨੂੰ ਆਮ ਭਾਸ਼ਾ ਵਿਚ ਲੋਕ ਲੁੱਚਗੜ੍ਹ ਕਿਹਾ ਕਰਦੇ ਸਨ। ਹੋਰ ਗੁਆਂਢੀ ਪਿੰਡਾਂ ਵਿਚ ਧਾਲੀਵਾਲ, ਨੂਰਪੁਰ, ਨਵਾਂ ਪਿੰਡ, ਕੰਗ ਅਤੇ ਬਡਾਲਾ ਸਨ। ਆਬਾਦੀ ਦੀ ਬਹੁਤਾਤ ਤਾਂ ਸਿੱਖ ਜਿੰਮੀਦਾਰ ਤਬਕੇ ਦੀ ਹੀ ਸੀ। ਕੁਝ ਬਰਾਦਰੀਆਂ ਦੇ ਕੰਮੀ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਇਧਰਲੇ ਕਪੂਰਥਲੇ ਤੋਂ ਚੂੜ ਸਿੰਘ, ਜੋ ਲਾਲ ਸਿੰਘ ਦਾ ਭਤੀਜਾ ਸੀ ਅਤੇ ਮੁਸਲਮਾਨ ਖੁਰਸ਼ੀਦ ਅਤੇ ਅੱਲਾਦਿੱਤਾ ਲੁਹਾਰਾ ਕੰਮ ਕਰਦੇ ਸਨ। ਮੁਸਲਿਮ ਸ਼ਹਾਬਦੀਨ ਉਰਫ ਸਾਬੂ ਅਤੇ ਉਸ ਦਾ ਪੁਤਰ ਮੁਹੰਮਦ ਮੋਚੀ ਦਾ ਕੰਮ ਕਰਦੇ ਸਨ।   

ਚੌਥੀ ਜਮਾਤ ਮੈਂ ਪਿੰਡ ਦੇ ਇਮਤਿਆਦੀ ਪ੍ਰਾਇਮਰੀ ਸਕੂਲ ਤੋਂ ਅਤੇ 9ਵੀਂ ਪਿੰਡੋਂ 7 ਮੀਲ ਪੈਂਦੇ ਕਸਬਾ ਦਸੂਹਾ ਦੇ ਇਸਲਾਮੀਆ ਹਾਈ ਸਕੂਲ ’ਚੋਂ ਚੰਗੇ ਅੰਕਾਂ ਚ ਪਾਸ ਕਰਕੇ ਚਰਚਾ ’ਚ ਰਿਹਾ। 8ਵੀਂ ਜਮਾਤ ਮੈਂ ਮੁਲਤਾਨ ਡਵੀਜ਼ਨ ’ਚੋਂ ਅੱਵਲ ਰਹਿ ਕੇ ਵਜ਼ੀਫਾ ਅਤੇ ਇਨਾਮ ਹਾਸਲ ਕੀਤਾ। ਇਹ ਇਨਾਮ ਜਦ ਕਿ ਰੌਲੇ ਸਿਖਰ ’ਤੇ ਸਨ ਤਾਂ ਚੜਦੇ ਸਤੰਬਰ 1947 ਨੂੰ ਤਦੋਂ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਉਮਰ ਹਯਾਤ ਖਾਂ ਟਿਵਾਣਾ ਦੇ ਹੱਥੋਂ, ਸਕੂਲ ਚ ਹੋਏ ਫੰਕਸ਼ਨ ਸਮੇ ਪਰਾਪਤ ਕੀਤਾ। ਉਸ ਵਕਤ ਪੰਜਾਬ ਵਜਾਰਤ ਵਿਚ ਸਿੱਖਾਂ ਵਲੋਂ ਸਵਰਨ ਸਿੰਘ ਸ਼ੰਕਰ ,ਹਿੰਦੂਆਂ ਵਲੋਂ ਸਰ ਮਨੋਹਰ ਲਾਲ ਵਗੈਰਾ ਮੰਤਰੀ ਸਨ। ਰੌਲਿਆਂ ਵੇਲੇ ਮੈਂ 10ਵੀਂ ਜਮਾਤ ਵਿਚ ਪੜ੍ਹਦਾ ਸਾਂ। ਸੋ ਇਧਰ ਸਰਕਾਰੀ ਹਾਈ ਸਕੂਲ ਜੰਡਿਆਲਾ ਗੁਰੂ ਤੋਂ 10ਵੀਂ ਮਾਰਚ 1948 ਪਾਸ ਕੀਤੀ। ਉਧਰ ਹਾਈ ਸਕੂਲ ਵਿਚ ਪੜਦਿਆਂ ਮੇਰੇ ਪ੍ਰਾਇਮਰੀ ਸਕੂਲ ਤੋਂ ਮੁਸਲਿਮ ਸਾਥੀਆਂ ’ਚ ਲਲਾਰੀ ਦਾ ਬੇਟਾ ਸਰਦਾਰ ਮੁਹੰਮਦ, ਅਨਵਰ ਅਤੇ ਨਜ਼ਰ ਮੁਹੰਮਦ ਸਨ। ਪ੍ਰਾਇਮਰੀ ਸਕੂਲ ’ਚ ਟੀਚਰ ਤਦੋਂ ਸ: ਸ਼ਾਮ ਸਿੰਘ, ਸ: ਸੁੰਦਰ ਸਿੰਘ ਅਤੇ ਸ: ਹਰਬੰਸ ਸਿੰਘ ਸਨ। ਮੇਰੇ ਹਾਈ ਸਕੂਲ ਦੇ ਮਾਸਟਰਾਂ ’ਚ ਚੌਧਰੀ ਮੁਹੰਮਦ ਇਕਰਾਮ ਅਤੇ ਮੁਹੰਮਦ ਕਾਸਿਮ ਵਗੈਰਾ ਸਨ।

ਤਦੋਂ ਉਧਰ ਕਣਕ, ਛੋਲੇ ਅਤੇ ਮੱਕੀ ਦੀ ਫਸਲ ਖੂਬ ਹੁੰਦੀ ਸੀ। ਖੂਹ, ਹਲਟ ਨਹੀਂ ਸਨ। ਕੇਵਲ ਝੋਨਾਂ ’ਚੋਂ ਆਉਂਦੀ ਰੱਖ ਬਰਾਂਚ ਦੁਆਰਾ ਸਿੰਚਾਈ ਕੀਤੀ ਜਾਂਦੀ ਸੀ। ਪਿੰਡ ’ਚ ਖੂਹੀਆਂ ਤਾਂ ਸਨ ਪਰ ਉਨ੍ਹਾਂ ਦਾ ਪਾਣੀ ਕੌੜਾ ਅਤੇ ਪੀਣ ਯੋਗ ਨਹੀਂ ਸੀ। ਖੂਹੀਆਂ ਵਿਚ ਨਹਿਰ ਦਾ ਪਾਣੀ ਪਾਉਣਾ ਤਾਂ ਉਹ ਪੀਣ ਜਾਂ ਰਸੋਈ ਦੀ ਵਰਤੋਂ ਦੇ ਯੋਗ ਹੋਣਾ। ਵੈਸੇ ਘਰੇਲੂ ਵਰਤੋਂ ਲਈ ਪਿੰਡ ’ਚ 3-4 ਤਲਾਬ ਪੁੱਟੇ ਹੁੰਦੇ ਸਨ। ਉਹ 8-10 ਦਿਨਾਂ ਬਾਅਦ ਨਹਿਰ ਦੇ ਪਾਣੀ ਨਾਲ ਭਰ ਲਈਦੇ ਸਨ। ਨਹਿਰੀ ਪਾਣੀ ਇਕਦਮ ਨਿਰਮਲ ਪੀਣ ਯੋਗ ਹੁੰਦਾ ਸੀ।

PunjabKesari

ਜਦ ਰੌਲੇ ਪਏ ਤਾਂ ਬਜ਼ੁਰਗਾਂ ਨੇ ਇਸ ਮਾਮਲੇ ਨੂੰ ਹਲਕੇ ਵਿਚ ਹੀ ਲਿਆ। ਮਾਰਚ ਤੋਂ ਸਤੰਬਰ ਤੱਕ 6 ਮਹੀਨੇ ਇਸ ਆਸ ’ਚ ਬੈਠੇ ਰਹੇ ਕਿ ਠੰਡ ਵਰਤ ਜਾਏਗੀ। ਸਾਡੇ ਗੁਆਂਢੀ ਮੁਸਲਿਮ ਪਿੰਡ ਸਨ ਦਸੂਹਾ, ਕੈਂਥ ਅਤੇ ਮਿਆਣੀ। ਇਨ੍ਹਾਂ ਤੋਂ ਹਮਲੇ ਦਾ ਖਤਰਾ ਸੀ। ਸੋ ਗੁਰਦੁਆਰਾ ਵਿਚ ਸਾਰੇ ਮੋਹਤਵਰਾਂ ਦੇ ਹੋਏ 'ਕੱਠ ’ਚ ਇਹ ਫੈਸਲਾ ਹੋਇਆ ਕਿ ਪਹਿਰਾ ਲਾਇਆ ਜਾਵੇ। ਸੋ ਚੁਣ ਚੁਣ ਚੋਬਰਾਂ ਨੂੰ ਬਾਹਰੀ ਦਰਵਾਜ਼ਿਆਂ ਪੁਰ ਪਹਿਰੇ ’ਤੇ ਲਾਇਆ ਜਾਂਦਾ। ਪਿੰਡ ਦੇ ਲੁਹਾਰਾਂ ਵਲੋਂ ਦੇਸੀ ਤੋੜੇ ਵਾਲੀਆਂ ਤੋਪਾਂ ਬਣਾਈਆਂ ਗਈਆਂ। ਬਾਰੂਦ ਪਾਕੇ ਪਲੀਤੇ ਨੂੰ ਅੱਗ ਲਾਈ ਜਾਂਦੀ। ਦੂਜੇ ਤੀਜੇ ਦਿਨ ਤੋਪ ਦਾਗ ਕੇ ਗੁਆਂਢੀ ਪਿੰਡਾਂ ਨੂੰ ਤਾਕਤ ਦਾ ਅਹਿਸਾਸ ਕਰਵਾਇਆ ਜਾਂਦਾ। ਗਿਆਨੀ ਕਰਤਾਰ ਸਿੰਘ ਤਦੋਂ ਸਿੱਖਾਂ ਦਾ ਵਾਹਦ ਲੀਡਰ ਸੀ, ਜਿਸ ਨੇ ਹਿੰਦੂ ਸਿੱਖਾਂ ਨੂੰ ਪਾਕਿਸਤਾਨ ਦੇ ਹਲਕੇ ’ਚੋਂ ਕੱਢਣ ਲਈ ਪੈਰੀਂ ਜੁੱਤੀ ਨਾ ਪਾਈ। ਇਥੇ ਹੀ ਬਸ ਨਹੀਂ ਸਗੋਂ ਅਗਲੇ ਕਈ ਸਾਲਾਂ ਤੱਕ ਉਧਰ ਰਹਿ ਗਈਆਂ ਬਹੂ ਬੇਟੀਆਂ ਨੂੰ ਕੱਢ ਕੇ ਲੈ ਆਉਣ ਲਈ ਵੀ ਦਿਨ ਰਾਤ ਇਕ ਕੀਤਾ। ਸਾਡੇ ਪਿੰਡ ਵਿਚ ਵੀ ਉਹ ਆਏ ਅਤੇ ਪਿੰਡ ਛੱਡਣ ਲਈ ਕਿਹਾ। ਆਖੀਰ ਵਾਹ ਚਲਦੀ ਨਾ ਦੇਖ ਕੇ ਪਿੰਡ ਦੇ ਬਜ਼ੁਰਗਾਂ ਨੇ ਪਿੰਡ ਛੱਡਣ ਦਾ ਫੈਸਲਾ ਕਰ ਲਿਆ ।

23 ਸਤੰਬਰ 1947 ਨੂੰ ਸਾਡਾ ਪਿੰਡ ਅਤੇ ਹੋਰ ਗੁਆਂਢੀ ਪਿੰਡਾਂ ਤੋਂ ਢਾਈ -300 ਗੱਡਿਆਂ ਦਾ ਕਾਫਲਾ ਲਾਇਲਪੁਰ ਲਈ ਤੁਰਿਆ। ਤੁਰੇ ਹੀ ਸਾਂ ਕਿ ਗਿਆਨੀ ਕਰਤਾਰ ਸਿੰਘ ਜੀ ਫਿਰ ਆਪਣੇ ਸਾਥੀਆਂ ਨਾਲ ਆਏ ਅਤੇ ਕਹਿਣ ਲੱਗੇ ਕਿ ਰੁਕ ਜਾਓ ਹਾਲਾਂ,ਅੱਗੇ ਬਹੁਤਾ ਰਸ਼ ਚੱਲ ਰਿਹੈ ।ਅਸੀਂ ਆਪਣੇ ਘਰਾਂ ਨੂੰ ਮੁੜੇ ਤਾਂ ਅੱਗੋਂ ਦੇਖਦੇ ਹਾਂ ਕਿ ਸਾਡੇ ਘਰਾਂ ਤੇ ਮੁਸਲਮਾਨਾ ਨੇ ਕਬਜ਼ਾ ਕਰ ਲਿਆ ਪਰ ਉਹ ਮੋਹਰਿਓਂ ਅੜੇ ਨਹੀਂ, ਭੱਜ ਗਏ। ਇਵੇਂ ਹੀ ਇਕ ਦਿਨ ਫਿਰ ਚੱਲਣ ਲੱਗੇ ਤਾਂ ਫਿਰ ਕੁਝ ਠਹਿਰ ਜਾਣ ਦਾ ਹੁਕਮ ਹੋਇਆ। ਫਿਰ ਤੀਜੇ ਦਿਨ ਕਾਫਲਾ ਤੁਰਿਆ।    

ਦਸੂਹਾ ਦੇ ਨਜਦੀਕ ਰੌਸ਼ਨਵਾਲਾ ਪਿੰਡ ਦੇ ਬਰਾਬਰ ਕਾਫਲਾ ਪਹੁੰਚਿਆ ਸੀ ਕਿ 4-5 ਮੁਸਲਮਾਨ ਚੋਬਰ ਬੰਦੂਕਾਂ ਨਾਲ ਲੈਸ ਹੋ ਕੇ ਘੋੜਿਆਂ ਉਪਰ ਸਵਾਰ ਹੋ ਕੇ ਕਾਫਲੇ ਦੇ ਬਰਾਬਰ ਕਦੇ ਅੱਗੇ ਅਤੇ ਕਦੇ ਪਿੱਛੇ ਹੋ ਕੇ ਚੱਲਣ ਲੱਗੇ। ਕਹਿੰਦੇ ਡਰੋ ਨਾ ਤੁਸਾਂ ਦੀ ਹਿਫਾਜ਼ਤ ਲਈ ਹੀ ਆਏ ਹਾਂ ਪਰ ਉਨ੍ਹਾਂ ਦੀ ਨੀਅਤ ਵਿਚ ਖੋਟ ਸੀ। ਉਨ੍ਹਾਂ ਕਾਫਲੇ ਦੇ ਪਿਛਿਓਂ ਹਮਲਾ ਕੀਤਾ। ਪਿਛਲੇ ਗੱਡੇ ਤੇ ਮੇਰੇ ਬਾਬਾ ਜੀ ਦੇ ਭਰਾ ਮੂਲਾ ਸਿੰਘ ਦਾ ਬੇਟਾ ਨਰੈਣ ਸਿੰਘ ਪਹਿਰੇ ਤੇ ਸੀ। ਉਸ ਨੂੰ ਛਾਤੀ ਵਿਚ ਗੋਲੀ ਆਣ ਲੱਗੀ। ਮੇਰੇ ਪਿੰਡ ਤੋਂ ਹੀ ਇਕ ਬਾਲਮੀਕ ਤੇ 7-8 ਹੋਰ ਬੰਦਿਆਂ ਅਤੇ ਜਨਾਨੀਆਂ ਨੂੰ ਗੋਲੀਆਂ ਲੱਗੀਆਂ। ਨਰੈਣ ਸਿੰਘ, ਬਾਲਮੀਕ ਕੰਮੀ ਅਤੇ 4-5 ਹੋਰ ਮਾਰੇ ਗਏ। ਸਾਡੇ ਆਰ ਪਰਿਵਾਰ ’ਚੋਂ ਤੇਜਾ ਸਿੰਘ ਦੀ ਭੈਣ ਅਤੇ ਉਸ ਦੀ ਨੂੰਹ ਦੇ ਵੀ ਗੋਲੀ ਲੱਗੀ ਪਰ ਜ਼ਖਮ ਇੰਨੇ ਗਹਿਰੇ ਨਹੀਂ ਸਨ। ਉਹ ਧਾੜਵੀ ਬੰਦੂਕ ਦੀ ਨੋਕ ’ਤੇ 1- 2 ਜਨਾਨੀਆਂ ਵੀ ਉਠਾ ਕੇ ਲੈ ਗਏ। ਉਨ੍ਹਾਂ ਜਨਾਨੀਆਂ ਵਿਚ ਤੇਜਾ ਸਿੰਘ ਦੀ ਨੂੰਹ ਸ਼ਾਮਲ ਸੀ, ਜਿਸ ਨੇ ਉਸੇ ਦਿਨ ਗੱਡੇ ’ਤੇ ਹੀ ਬੱਚੇ ਨੂੰ ਜਨਮ ਦਿੱਤਾ ਸੀ। ਪਿਛਲੇ ਗੱਡੇ ਵੀ ਉਨ੍ਹਾਂ ਲੁੱਟ ਲਏ। ਉਪਰੰਤ ਕਾਫਲਾ ਖਲੋਅ ਗਿਆ। ਮਰ ਗਿਆਂ ਦਾ ਸੰਸਕਾਰ ਕੀਤਾ ਪਰ ਬਾਲਣ ਢੁਕਵਾਂ ਨਾ ਮਿਲਿਆ। ਕਾਫਲੇ ਦੇ ਚੱਲਣ ਦਾ ਹੁਕਮ ਹੋਇਆ ਤਾਂ ਅੱਧ ਜਲੀਆਂ ਲਾਸ਼ਾਂ ਉਵੇਂ ਨਹਿਰ ਵਿਚ ਸੁੱਟ ਆਏ। ਤੇਜਾ ਸਿੰਘ ਦਾ ਭਰਾ ਕਨੱਈਆ ਸਿੰਘ ਜੋ ਕਿ ਰਿਟਾਇਰਡ ਫੌਜੀ ਸੀ ਵੀ ਕਾਫਲੇ ਦੇ ਨਾਲ ਹੀ ਸੀ।

ਉਹ ਯਤਨ ਕਰਕੇ ਕਿਧਰੋਂ 2-3 ਸਿੱਖ ਮਿਲਟਰੀ ਦੇ ਫੌਜੀ ਲੈ ਆਇਆ। ਉਨ੍ਹਾਂ ਹਵਾ ਵਿਚ ਕੁਝ ਫਾਇਰ ਕੀਤੇ ਤਾਂ ਦੂਰ ਖੜੋਤੀ ਮੁਸਲਿਮ ਭੀੜ ਤਿੱਤਰ ਹੋ ਗਈ। ਤਾਂ ਫਿਰ ਕਾਫਲਾ ਅੱਗੇ ਵਧਿਆ। ਲਾਇਲਪੁਰ ਪਹੁੰਚਣ ਤੋਂ ਪਿੱਛੇ ਹੀ ਕਾਫਲੇ ਨੂੰ ਫਿਰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਇਥੇ ਕਾਫਲੇ ਨਾਲ ਦੇ ਸਿੱਖ ਫੌਜੀਆਂ ਨੇ ਹਵਾਈ ਫਾਇਰ ਕੀਤੇ। ਉਥੇ ਮੁਸਲਿਮ ਪੁਲਸ ਪਹੁੰਚ ਕੇ ਤਕਰਾਰਬਾਜ਼ੀ ਕਰਨ ਲੱਗੀ। ਜਦ ਉਨ੍ਹਾਂ ਜਾਣਿਆਂ ਕਿ ਹਿਫਾਜਤੀ ਦਸਤਾ ਹੈ ਤਾਂ ਵਾਪਸ ਚਲੇ ਗਏ। ਰਾਤ ਲਾਇਲਪੁਰ ਦੇ ਖਾਲਸਾ ਕਾਲਜ ਦੇ ਕੈਂਪ ਵਿਚ ਪਹੁੰਚੇ। ਦੂਜੇ ਦਿਨ ਕੈਂਪ ਵਿਚ ਚਰਚਾ ਕੀਤੀ। ਕਨੱਈਆ ਸਿੰਘ ਕੁਝ ਫੌਜੀ ਅਤੇ ਬਜ਼ੁਰਗ ਨਾਲ ਲੈ ਕੇ ਰੌਸ਼ਨਵਾਲਾ ਪਿੰਡ ਵਿਚ ਗਏ। ਉਥੋਂ ਦਾ ਮੁਸਲਿਮ ਚੌਧਰੀ ਬਜੁਰਗਾਂ ਦਾ ਪੁਰਾਣਾ ਵਾਕਫਕਾਰ ਸੀ, ਉਸ ਨੂੰ ਮਿਲੇ ਅਤੇ ਕੱਲ ਗੁੰਡਿਆਂ ਵਲੋਂ ਚੁੱਕੀਆਂ ਜਨਾਨੀਆਂ ਦੀ ਗੱਲ ਕੀਤੀ। ਉਸ ਨੇ ਪੈਰਵੀ ਕਰਕੇ ਤੇਜਾ ਸਿੰਘ ਦੀ ਨੂੰਹ, ਜੋ ਟੋਭੇ ਤੇ ਕੱਪੜੇ ਧੋਨੀ ਪਈ ਸੀ ਵਾਪਸ ਕਰਵਾ ਦਿੱਤੀ ਪਰ ਹੋਰ ਦਾ ਪਤਾ ਨਾ ਲੱਗਾ?  

ਇਥੋਂ ਕੈਂਪ ਚੋਂ ਹੀ ਮੇਰੇ ਬਾਬਾ ਅਰੂੜ ਸਿੰਘ ਅਤੇ ਭੂਆ ਹੁਕਮ ਕੌਰ ਲਾਇਲਪੁਰ ਪੁਰ ਸਟੇਸ਼ਨ ਤੋਂ ਅੰਬਰਸਰ ਲਈ ਰਵਾਨਾ ਹੋ ਗਏ। ਕੈਂਪ ਵਿਚ ਅਸੀਂ ਕੁਲ ਅੱਠ ਦਿਨ ਰਹੇ। ਪੱਠਾ ਦੱਥਾ ਅਤੇ ਦਾਣਾ ਫੱਕਾ ਸਾਡੇ ਪਾਸ ਹੈ ਸੀ। ਆਟਾ ਦਾਲ ਪਰ ਲੋੜ ਤੋਂ ਘੱਟ ਮਿਕਦਾਰ ’ਚ ਕੈਂਪ ’ਚੋਂ ਵੀ ਮਿਲ ਜਾਂਦਾ ਸੀ। ਇਥੇ ਸਰਗੋਧਿਓਂ ਵੰਨੀਓਂ ਵੀ ਹਜ਼ਾਰਾਂ ਗੱਡਿਆਂ ਦਾ ਕਾਫਲਾ ਆਇਆ। 8ਵੇਂ ਦਿਨ ਬਹੁਤ ਵੱਡਾ ਗੱਡਿਆਂ ਦਾ ਕਾਫਲਾ ਜੜਾਂਵਾਲਾ ਲਈ ਤੁਰਿਆ। ਉਥੇ ਵੀ ਦਾਣਾ ਮੰਡੀ ਵਿਚ ਰਿਫਿਊਜੀ ਕੈਂਪ ਲੱਗਾ ਹੋਇਆ ਸੀ। ਤਦੋਂ ਉਥੇ ਸੁਣਿਆਂ ਸੀ ਕਿ ਇਕ ਮਜ੍ਹਬੀ ਤੁਅਸਬ ਨਾਲ ਭਰੇ ਪੁਲਸ ਦੇ ਇਕ ਮੁਸਲਮਾਨ ਅਫਸਰ ਨੇ ਗੋਲੀ ਚਲਾ ਕੇ ਕਈ ਹਿੰਦੂ ਸਿੱਖਾਂ ਨੂੰ ਮਾਰ ਮੁਕਾਇਆ ਸੀ।                 

ਇਥੇ ਤਿੰਨ ਕੁ ਦਿਨ ਰੁਕਣ ਤੋਂ ਬਾਅਦ ਕਾਫਲਾ ਬੱਲੋ ਕੀ ਹੈੱਡ ਲਈ ਤੁਰਿਆ। ਬੁੱਚੋ ਕੀ ਪਿੰਡ ’ਚ 2-3 ਦਿਨ ਦਾ ਠਹਿਰਾ ਹੋਇਆ। ਖੂਹ ਦਾ ਪਾਣੀ ਜ਼ਹਿਰ ਮਿਲਿਆ ਸੀ। ਇਥੇ ਬਹੁਤ ਤੰਗੀ ਕੱਟੀ। ਦਾਣਾ ਫੱਕਾ ਤਾਂ ਸਾਡੇ ਪਾਸ ਸਰਫੇ ਦਾ ਸੀ।ਉਹ ਵੀ ਮੁਸਲਿਮ ਪੁਲਸ ਧਿੰਗੋ ਜੋਰੀ ਮੰਗ ਲਿਆ ਕਰਨ। ਜੇ ਕੋਈ  ਪੱਠੇ ਦੱਥੇ ਨੂੰ ਜਾਏ ਤਾਂ ਉਸ ਨੂੰ ਲੁੱਟ ਪੁੱਟ ਲਿਆ ਜਾਏ ਜਾਂ ਮਾਰ ਦਿੱਤਾ ਜਾਏ। ਮੇਰੇ ਤਾਇਆ ਹਾਕਮ ਸਿੰਘ ਦਾ ਬੇਟਾ ਦੀਦਾਰ ਸਿੰਘ ਘੋੜੀ ਨੂੰ ਪਾਣੀ ਪਲਾਉਣ ਗਿਆ ਤਾਂ ਧਾੜਵੀਆਂ ਉਸ ਦੇ ਗੋਲੀ ਚਲਾ ਦਿੱਤੀ ਪਰ ਨਿਸ਼ਾਨਾ ਖੁੰਝਣ ਤੇ ਉਹ ਭੱਜ ਬਚ ਗਿਆ। ਇਥੇ ਡੋਗਰਾ ਮਿਲਟਰੀ ਫੋਰਸ ਦਾ ਇਕ ਟਰੱਕ ਆ ਪਹੁੰਚਾ। ਜਿਸ ਸਾਨੂੰ ਸਵੇਰੇ ਕਾਫਲੇ ਦੇ ਚੱਲਣ ਦੀ ਘੰਟੀ ਵਜਾ ਦਿੱਤੀ। ਉਹ ਸਰਹੱਦ ਪਾਰ ਕਰਨ ਤੱਕ ਸਾਡੇ ਨਾਲ ਰਹੇ। ਇਸ ਤਰਾਂ ਅਸੀਂ ਬੇਹੱਦ ਖਤਰਨਾਕ ਮੌਤ ਦੀ ਘਾਟੀ ਸਮਝਿਆ ਜਾਂਦਾ ਬੱਲੋ ਕੀ ਹੈੱਡ ਸੁੱਖਾਂ ਸਾਂਦੀ ਪਾਰ ਕਰ ਲਿਆ ।          

ਹੈੱਡ ਤੋਂ ਅੱਗੇ ਫੇਰੂ ਕੇ ਪਿੰਡ ’ਚ ਰਾਤ ਦਾ ਪੜਾ ਹੋਇਆ। ਇਥੇ ਪਸ਼ੂਆਂ ਲਈ ਤੂੜੀ ਲੈਣ ਗਏ ਪਿਓ ਪੁੱਤ ਤੇ ਮੁਸਲਮਾਨਾ ਹਮਲਾ ਕਰ ਦਿੱਤਾ। ਨੌਜਵਾਨ ਤਾਂ ਭੱਜ ਕੇ ਬਚ ਰਿਹਾ ਪਰ ਬਜ਼ੁਰਗ ਮਾਰਿਆ ਗਿਆ । ਇਹ ਬਜ਼ੁਰਗ ਉਪਰ ਜ਼ਿਕਰ ਹੋਏ ਕਨੱਈਆ ਸਿੰਘ ਦਾ ਸਕਾ ਭਰਾ ਚੱਕ 257 RB ਤੋਂ ਅਤੇ ਮੇਰੀ ਮਾਸੀ ਦਾ ਪੁੱਤ ਭਰਾ ਸੀ।            

ਅੱਗੇ ਚੱਲ ਕੇ ਪਿੰਡ ਰਾਏਵਿੰਡ ਵਿਖੇ ਇਕ ਰਾਤ ਦਾ ਪੜਾਅ ਕੀਤਾ। ਉਪਰੰਤ ਕਸੂਰ, ਖੇਮਕਰਨ, ਝਬਾਲ ਅਤੇ ਤਰਨਤਾਰਨ ਰਾਹੀਂ ਪੀੜਾਂ ਦੇ ਪਰਾਗੇ ਭਰੀ ਬਰਬਾਦ ਕਹਾਣੀ ਦੀ ਦਾਸਤਾਂ ਉਣਦੇ ਹੋਏ ਆਪਣੇ ਆਬਾਈ ਗਰਾਂ ਜਹਾਂਗੀਰ ਵਿਚ ਇਕ ਹੋਰ ਦਾਸਤਾਂ ਉਣਨ ਲਈ ਮੁੜ੍ਹ ਆਬਾਦ ਹੋ ਗਏ। ਇਥੇ ਮਹੀਨਾ ਖੰਡ ਰੁਕਣ ਤੋਂ ਬਾਅਦ ਮੈਂ ਜੰਡਿਆਲਾ ਗੁਰੂ ਦੇ ਸਰਕਾਰੀ ਸਕੂਲ ਵਿਚ ਦਾਖਲਾ ਟੈਸਟ ਪਾਸ ਕਰਨ ਉਪਰੰਤ ਦਸਵੀਂ ਜਮਾਤ ਵਿਚ ਦਾਖਲ ਹੋ ਗਿਆ। ਮੈਂ ਉਥੋਂ1948 ਵਿਚ ਦਸਵੀਂ ਪਾਸ ਕੀਤੀ।ਤਿੰਨ ਸਾਲ ਬਾਅਦ ਸਾਡੀ ਜ਼ਮੀਨ ਅਲਾਟ ਦੀ ਪਰਚੀ ਉੱਗੀ-ਜਲੰਧਰ ਨਾਲ ਜੁੜਵੇਂ ਪਿੰਡ ਬਾਊ ਪੁਰ ਦੀ ਨਿਕਲੀ । ਫਿਰ ਸਮੇਤ ਪਰਿਵਾਰ ਉਥੇ ਜਾ ਸੈੱਟ ਹੋਏ। ਮੈਂ 1952 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ BSC ਨਾਨ ਮੈਡੀਕਲ ’ਚ ਅਤੇ 1957 ਵਿਚ ਵਕਾਲਤ ਪਾਸ ਕੀਤੀ। ਉਪਰੰਤ 1961-62 ਵਿਚ ਨਕੋਦਰ ਕਚਹਿਰੀਆਂ ਬਣਨ ’ਤੇ ਮੈਂ ਉਥੇ ਪ੍ਰੈਕਟਿਸ ਸ਼ੁਰੂ ਕੀਤੀ। ਇਸੇ ਵਕਤ ਸ਼ਾਦੀ ਰਚਾਈ। ਸਰਦਾਰਨੀ ਸਤਨਾਮ ਕੌਰ ਅੰਮ੍ਰਿਤਸਰ ਨਾਲ, ਜੋ 1996 ਵਿਚ ਸਰਕਾਰੀ ਤਹਿਸੀਲ ਸਕੂਲ ਨਕੋਦਰ ਤੋਂ ਬਤੌਰ ਸਾਇੰਸ ਮਿਸਟਰੈੱਸ ਰਿਟਾਇਰਡ ਹੋਏ।

ਮੇਰੇ ਘਰ ਪੰਜ ਬੱਚਿਆਂ ਨੇ ਜਨਮ ਲਿਆ, ਜਿਨਾਂ ’ਚ ਸ: ਜਗਦੀਪ ਸਿੰਘ ਮਰੋਕ ਸੈਸ਼ਨ ਜੱਜ, ਸ:ਜੁਗਰਾਜ ਸਿੰਘ ਮਰੋਕ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ,ਜਗਜੀਤ ਸਿੰਘ ਮਰੋਕ ਅਟਾਰਨੀ ਜਨਰਲ ਕਪੂਰਥਲਾ, ਡਾ: ਮਨਦੀਪ ਕੌਰ MDS ਸਿਵਲ ਹਸਪਤਾਲ ਸ਼ੰਕਰ (ਸਪੁੱਤਨੀ ਡਾ:ਸੁਰਜੀਤ ਸਿੰਘ ਨਕੋਦਰ) ਅਤੇ ਪ੍ਰੋਫੈਸਰ (ਡਾ:)ਗਗਨਦੀਪ ਕੌਰ ਜਿਆਲੋਜੀ ਖਾਲਸਾ ਕਾਲਜ ਜਲੰਧਰ ਸ਼ੁਮਾਰ ਹਨ। ਪਤਨੀ ਸਹਿਬਾਂ ਤਾਂ 4-5 ਵਰੇ ਪਹਿਲਾਂ ਸਵਰਗ ਸੁਧਾਰ ਗਏ ਸਨ ਤੇ ਮੈਂ ਇਸ ਵਕਤ ਆਪਣੀ ਨੇਕ ਬਖਤ ਬਾਗ ਫੁਲਵਾੜੀ ਛੋਟੇ ਬੇਟੇ ਜਗਜੀਤ ਸਿੰਘ, ਨੂੰਹ ਰਾਣੀ ਡਾ:ਗੁਰਪ੍ਰੀਤ ਕੌਰ (ਮੱਲੀਆਂ ਡਿਸਪੈਂਸਰੀ )ਅਤੇ ਪੋਤਿਆਂ ਵਿਚ ਬਹੁਤ ਸਕੂਨ ਨਾਲ ਜਿੰਦਗੀ ਦੀ ਸ਼ਾਮ ਹੰਢਾਅ ਰਿਹਾ ਹਾਂ। - ਅੱਜ ਭਲੀ ਹੈ ਤੇ ਕੱਲ ਦੀ ਵਾਹਿਗੁਰੂ ਜਾਣਦੈ।"
 


rajwinder kaur

Content Editor

Related News