ਹੈਰੋਇਨ ਤੇ ਡਰੱਗ ਮਨੀ ਬਰਾਮਦ, ਮੋਟਰਸਾਈਕਲ ਚਾਲਕ ਸਮੇਤ 2 ਕਾਬੂ, ਇਕ ਨਾਮਜ਼ਦ
Saturday, Mar 15, 2025 - 06:39 PM (IST)

ਬਟਾਲਾ (ਸਾਹਿਲ)- ਥਾਣਾ ਰੰਗੜ ਨੰਗਲ ਤੇ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਨੇ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰਦਿਆਂ ਦੋ ਨੂੰ ਕਾਬੂ ਕੀਤਾ ਹੈ, ਜਦਕਿ ਇਕ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਬਿਨਾਂ ਨੰਬਰੀ ਸਿਲਵਰ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਨੌਜਵਾਨ ਰਵਿੰਦਰ ਸਿੰਘ ਵਾਸੀ ਪਿੰਡ ਸੰਧਵਾਂ ਕਲਾਂ ਨੂੰ ਕਾਬੂ ਕਰਕੇ ਇਸ ਕਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਇਸ ਵਿਰੁੱਧ ਉਪਰੋਕਤ ਥਾਣੇ ਵਿਚ ਕੇਸ ਦਰਜ ਕਰਨ ਦੇ ਬਾਅਦ ਮੋਟਰਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਇਸੇ ਤਰ੍ਹਾਂ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਮਨਪ੍ਰੀਤ ਸਿੰਘ ਉਰਫ ਬਾਊਵਾਸੀ ਮਾੜੀ ਪੰਨਵਾਂ ਨੂੰ ਕਾਬੂ ਕਰਕੇ ਇਸ ਕੋਲੋਂ 5 ਗ੍ਰਾਮ ਹੈਰੋਇਨ ਤੇ 1700 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ, ਜਿਸ ਦੇ ਬਾਅਦ ਪੁਲਸ ਕਰਮਚਾਰੀਆਂ ਨੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਥਾਣੇ ਵਿਚ ਲਿਆਂਦਾ, ਜਿਥੇ ਇਸ ਵਿਰੁੱਧ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ। ਉਕਤ ਨੌਜਵਾਨ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਹ ਇਹ ਹੈਰੋਇਨ ਪਿੰਡ ਦੇ ਹੀ ਰਹਿਣ ਵਾਲੇ ਨੌਜਵਾਨ ਸੁਖਰਾਜ ਸਿੰਘ ਉਰਫ ਸੁੱਖ ਕੋਲੋਂ ਖਰੀਦ ਕੇ ਲਿਆਇਆ ਹੈ, ਜਿਸ ‘ਤੇ ਉਕਤ ਮਾਮਲੇ ਵਿਚ ਵਾਧਾ ਜੁਰਮ ਕਰਦੇ ਹੋਏ ਇਸ ਨੌਜਵਾਨ ਨੂੰ ਨਾਮਜ਼ਦ ਕਰ ਦਿੱਤਾ ਗਿਆ ਹੈ।