2 ਕਰੋੜ ਦੀ ਹੈਰੋਇਨ ਸਣੇ ਵਿਦੇਸ਼ੀ ਨਾਈਜੀਰੀਆਂ ਦੇ 2 ਨੌਜਵਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

01/21/2021 2:11:59 PM

ਬਹਿਰਾਮਪੁਰ (ਗੋਰਾਇਆ) - ਬਹਿਰਾਮਪੁਰ ਦੀ ਪੁਲਸ ਨੇ ਦੋ ਵਿਦੇਸ਼ੀ ਨਾਈਜੀਰੀਆਂ ਨਿਵਾਸੀ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਤੋਂ 2 ਕਰੋੜ ਰੁਪਏ ਦੀ 400 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਗੁਰਦਾਸਪੁਰ ਡਾ.ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਬਹਿਰਾਮਪੁਰ ਪੁਲਸ ਸਟੇਸ਼ਨ ਵਿਚ ਤਾਇਨਾਤ ਸਬ ਇੰਸਪੈਕਟਰ ਜਾਗੀਰ ਚੰਦ ਨੇ ਪੁਲਸ ਪਾਰਟੀ ਦੇ ਨਾਲ ਟੀ-ਮੋੜ ਪਿੰਡ ਰਾਮਪੁਰ ਕੋਲ ਨਾਕਾ ਲਗਾ ਰੱਖਿਆ ਸੀ। 

ਨਾਕੇਬੰਦੀ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸ਼ੱਕੀ ਹਾਲਤ ’ਚ ਦੋ ਵਿਦੇਸ਼ੀ ਨੌਜਵਾਨ ਇਲਾਕੇ ਵਿਚ ਘੁੰਮ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਉਨ੍ਹਾਂ ਨੇ ਵਿਸ਼ੇਸ ਨਾਕਾਬੰਦੀ ਕਰਕੇ ਦੋ ਵਿਦੇਸ਼ੀ ਨੌਜਵਾਨਾਂ ਨੂੰ ਕਾਬੂ ਕਰ ਲਿਆ। ਦੱਸ ਦੇਈਏ ਕਿ ਦੋਵੇ ਵਿਦੇਸ਼ੀ ਅੰਗਰੇਜ਼ੀ ਭਾਸ਼ਾ ਬੋਲ ਰਹੇ ਸਨ, ਜਿਸ ਕਾਰਨ ਪੁਲਸ ਪਾਰਟੀ ਨੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਰੱਖਣ ਵਾਲੇ ਪੁਲਸ ਕਰਮਚਾਰੀ ਨੂੰ ਮੌਕੇ ’ਤੇ ਬੁਲਾਇਆ ਗਿਆ। 

ਉਕਤ ਨੌਜਵਾਨਾਂ ਦੀ ਪਛਾਣ ਮੈਨਸੇ ਪੁੱਤਰ ਜੋਸਫ ਨਿਵਾਸੀ ਈਮੋਸਟੇਟ, ਓੁਹਾਕਪੂ, ਨਾਈਜੀਰੀਆਂ ਹਾਲ ਨਿਵਾਸੀ ਦਿੱਲੀ ਅਤੇ ਕੈਲੇਚੀ ਜਸਟਨ ਪੁੱਤਰ ਓਨੂਮੋਨੂ ਵਾਸੀ ਅਮੋਲਕਾ ਇਹੀਆਲਾ, ਦਿੱਲੀ ਤੋਂ ਹੋਈ ਹੈ। ਇਸ ਸਬੰਧੀ ਡੀ.ਐੱਸ.ਪੀ ਦੀਨਾਨਗਰ ਮਹੇਸ਼ ਸੈਣੀ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਸ਼ੱਕ ਦੇ ਆਧਾਰ ’ਤੇ ਜਦੋਂ ਦੋਵਾਂ ਦੀ ਤਾਲਾਸ਼ੀ ਲਈ ਗਈ ਤਾਂ ਮੈਨੇਸੇ ਤੋਂ 120 ਗ੍ਰਾਮ ਅਤੇ ਕੇਲੇਚੀ ਜਸਟਨ ਤੋਂ 280 ਗ੍ਰਾਮ ਹੈਰੋਇਨ ਬਰਾਮਦ ਹੋਈ। 

ਪੁਲਸ ਨੇ ਦੋਵਾਂ ਦੋਸ਼ੀਆਂ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀਆਂ ਨੇ ਸਵੀਕਾਰ ਕੀਤਾ ਕਿ ਨਾਈਜੀਰੀਆ ਅਤੇ ਦਿੱਲੀ ਵਿਚ ਹੈਰੋਇਨ ਖ਼ਰੀਦਣ ਵਾਲੇ ਨਾ ਮਿਲਣ ਦੇ ਕਾਰਨ ਉਹ ਇਸ ਇਲਾਕੇ ਵਿਚ ਨੌਜਵਾਨਾਂ ਨੂੰ ਹੈਰੋਇਨ ਵੇਚਣ ਲਈ ਆਏ ਸੀ। ਜ਼ਿਲ੍ਹਾ ਪੁਲਸ ਮੁਖੀ ਦੇ ਅਨੁਸਾਰ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।


rajwinder kaur

Content Editor

Related News