ਤੇਜ਼ ਮੀਂਹ ਤੇ ਠੰਡੀਆਂ ਹਵਾਵਾਂ ਨੇ ਸੋਨੇ ਵਰਗੀ ਫ਼ਸਲ ਦਾ ਕੀਤਾ ਬੁਰਾ ਹਾਲ, ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ

Monday, Apr 03, 2023 - 12:53 PM (IST)

ਤੇਜ਼ ਮੀਂਹ ਤੇ ਠੰਡੀਆਂ ਹਵਾਵਾਂ ਨੇ ਸੋਨੇ ਵਰਗੀ ਫ਼ਸਲ ਦਾ ਕੀਤਾ ਬੁਰਾ ਹਾਲ, ਕਿਸਾਨਾਂ ਦਾ ਹੋਇਆ ਭਾਰੀ ਨੁਕਸਾਨ

ਤਰਨਤਾਰਨ (ਰਮਨ)- ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਭਰ ’ਚ ਮੌਸਮ ’ਚ ਆ ਰਹੀ ਅਚਾਨਕ ਤਬਦੀਲੀ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ ਪੋਸ ਕੇ ਵੱਡੀ ਕੀਤੀ ਗਈ ਕਣਕ ਦੀ ਫ਼ਸਲ ਦਾ ਜਿੱਥੇ ਵੱਡੀ ਗਿਣਤੀ ’ਚ ਨੁਕਸਾਨ ਹੁੰਦਾ ਵੇਖਿਆ ਜਾ ਸਕਦਾ ਹੈ ਉੱਥੇ ਸਰੋਂ ਅਤੇ ਹੋਰ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਨਜ਼ਰ ਆ ਰਿਹਾ ਹੈ। ਸੋਨੇ ਵਾਂਗ ਪੱਕ ਕੇ ਤਿਆਰ ਹੋਣ ਜਾ ਰਹੀ ਕਣਕ ਦੀ ਫ਼ਸਲ ਦਾ ਇਸ ਵਾਰ ਝਾੜ ਕਾਫ਼ੀ ਘਟਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ, ਜਿਸ ਸਬੰਧੀ ਕਿਸਾਨਾਂ ਵਲੋਂ ਸਰਕਾਰ ਪਾਸੋਂ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਉੱਧਰ ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਮੌਕੇ ’ਤੇ ਜਾ ਜਾਇਜ਼ਾ ਲੈਂਦੇ ਹੋਏ ਰਿਪੋਰਟਾਂ ਤਿਆਰ ਕੀਤੀਆਂ ਹਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਭਰ ਦੇ ਕਿਸਾਨਾਂ ਦੀ ਕਰੀਬ 30 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਅਤੇ 435 ਹੈਕਟੇਅਰ ਸਰੋਂ ਦੀ ਫ਼ਸਲ ਤੇਜ਼ ਹਵਾ ਅਤੇ ਮੀਂਹ ਕਾਰਨ ਜ਼ਮੀਨ ’ਤੇ ਵਿਛ ਗਈ ਹੈ।

ਇਹ ਵੀ ਪੜ੍ਹੋ- ਧਾਰਮਿਕ ਸਮਾਗਮ 'ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 10 ਮਹੀਨੇ ਦੇ ਬੱਚੇ ਦੀ ਮੌਤ

ਬੀਤੇ ਦੋ ਦਿਨਾਂ ਤੋਂ ਚੱਲੀਆਂ ਠੰਡੀਆਂ ਤੇਜ਼ ਹਵਾਵਾਂ ਅਤੇ ਸ਼ਨੀਵਾਰ ਦਿਨੇ ਪਏ ਤੇਜ਼ ਮੀਂਹ ਨੇ ਜਿੱਥੇ ਕਿਸਾਨਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਉੱਥੇ ਤਾਪਮਾਨ ’ਚ ਆਈ ਅਚਾਨਕ ਜ਼ਿਆਦਾ ਗਿਰਾਵਟ ਨਾਲ ਇਕ ਵਾਰ ਫਿਰ ਸਰਦੀ ਸ਼ੁਰੂ ਹੋ ਗਈ ਹੈ। ਦੇਰ ਰਾਤ ਚੱਲੀ ਤੇਜ਼ ਠੰਡੀ ਹਵਾ ਕਾਰਨ ਕਿਸਾਨਾਂ ਵਲੋਂ ਬੀਜੀ ਗਈ ਕਣਕ, ਸਰੋਂ ਅਤੇ ਸਬਜ਼ੀਆਂ ਦੀ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਣ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਇਸ ਖ਼ਰਾਬ ਮੌਸਮ ਕਾਰਨ ਪਸ਼ੂਆਂ ਦੇ ਚਾਰੇ ਦੀ ਫ਼ਸਲ ਉੱਪਰ ਵੀ ਕਾਫ਼ੀ ਮਾੜਾ ਅਸਰ ਪੈ ਰਿਹਾ ਹੈ।

ਇਹ ਵੀ ਪੜ੍ਹੋ- ਬਟਾਲਾ ਤੋਂ ਆਈ ਦੁਖਦਾਇਕ ਖ਼ਬਰ, ਭਿਆਨਕ ਹਾਦਸੇ 'ਚ ਮਾਮੇ ਦੀ ਮੌਤ, ਭਾਣਜੇ ਦੀ ਟੁੱਟੀ ਲੱਤ

ਨਜ਼ਦੀਕੀ ਪਿੰਡਾਂ ਦੇ ਨਿਵਾਸੀ ਕਿਸਾਨ ਮਨਜੀਤ ਸਿੰਘ, ਹਰਦੀਪ ਸਿੰਘ, ਅਵਤਾਰ ਸਿੰਘ, ਹਰਜੀਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਜੀ ਗਈ ਕਣਕ ਦੀ ਫ਼ਸਲ ਤਿਆਰ ਹੋਣ ਕੰਢੇ ਸੀ, ਜਿਸ ਦੀ ਵਿਸਾਖੀ ਮੌਕੇ ਕਟਾਈ ਸ਼ੁਰੂ ਹੋਣ ਜਾ ਰਹੀ ਸੀ ਪਰ ਪਿਛਲੇ ਕਰੀਬ 15 ਦਿਨਾਂ ਤੋਂ ਚੱਲ ਰਹੀ ਤੇਜ਼ ਹਨੇਰੀ, ਠੰਡੀ ਹਵਾ ਅਤੇ ਪੈ ਰਹੇ ਮੀਂਹ ਨੇ ਸੋਨੇ ਵਾਂਗ ਤਿਆਰ ਹੋਈ ਪੱਕੀ ਫ਼ਸਲ ਨੂੰ ਹੇਠਾਂ ਸੁੱਟ ਕੇ ਰੱਖ ਦਿੱਤਾ ਹੈ, ਜਿਸ ਨਾਲ ਕਣਕ ਦਾ ਦਾਣਾ ਦਾਗੀ ਹੋਣ ਦੇ ਨਾਲ ਝਾੜ ਕਾਫ਼ੀ ਘਟਣ ਦੇ ਆਸਾਰ ਪੈਦਾ ਹੋ ਗਏ ਹਨ। ਇਸੇ ਤਰ੍ਹਾਂ ਪਿੰਡ ਕਿਲਾ ਕਵੀ ਸੰਤੋਖ ਸਿੰਘ ਦੇ ਕਿਸਾਨਾਂ ਨੇ ਰੱਬ ਅੱਗੇ ਹੱਥ ਜੋੜ ਰਹਿਮ ਦੀ ਅਰਦਾਸ ਕੀਤੀ ਜਾ ਰਹੀ ਹੈ। ਕਿਸਾਨਾਂ ਦੱਸਿਆ ਕਿ ਸ਼ਨੀਵਾਰ ਪਏ ਮੁਸਲਾਧਾਰ ਮੀਂਹ ਉਨ੍ਹਾਂ ਦੀ ਕਣਕ ਅਤੇ ਸਰੋਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ, ਜੋ ਜ਼ਮੀਨ ’ਤੇ ਡਿੱਗ ਚੁੱਕੀ ਹੈ, ਜਿਸ ਨਾਲ ਕਣਕ ਦਾ ਪ੍ਰਤੀ ਏਕੜ 2 ਤੋਂ 3 ਕੁਵਿੰਟਲ ਝਾੜ ਘੱਟ ਹੋਣ ਦੇ ਆਸਾਰ ਪੈਦਾ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਪਹਿਲਾਂ ਹੀ ਕਰਜ਼ ਦੇ ਬੋਝ ਹੇਠਾਂ ਆਏ ਹੋਏ ਹਨ ਉੱਪਰੋਂ ਕੁਦਰਤੀ ਮਾਰ ਨੇ ਉਨ੍ਹਾਂ ਨੂੰ ਇਸ ਵਾਰ ਫਿਰ ਹੋਰ ਕਰਜ਼ ਹੇਠਾਂ ਕਰ ਦੇਣਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ।

ਟੀਮਾਂ ਵਲੋਂ ਲਿਆ ਜਾ ਰਿਹਾ ਜਾਇਜ਼ਾ

ਜ਼ਿਲ੍ਹਾ ਖੇਤੀ ਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਹੋਈ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਕਣਕ ਦੀ ਜ਼ਿਲ੍ਹੇ ਅੰਦਰ 30 ਹਜ਼ਾਰ ਹੈਕਟੇਅਰ ਅਤੇ 435 ਹੈਕਟੇਅਰ ਸਰੋਂ ਦੀ ਖੜੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ, ਜਿਸ ਦਾ ਜਾਇਜ਼ਾ ਲੈਣ ਲਈ ਉਹ ਖੁੱਦ ਟੀਮਾਂ ਸਣੇ ਜ਼ਿਲ੍ਹੇ ਦਾ ਦੌਰਾ ਕਰ ਰਹੇ ਹਨ। ਇਸ ਸਬੰਧੀ ਰਿਪੋਰਟ ਤਿਆਰ ਕਰ ਸਰਕਾਰ ਨੂੰ ਭੇਜੀ ਜਾਵੇਗੀ।

ਇਹ ਵੀ ਪੜ੍ਹੋ- ਵਿਸਾਖੀ ਮੌਕੇ ਗੁਰਦੁਆਰਾ ਪੰਜਾ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖ਼ਬਰ, ਸ਼ਡਿਊਲ ਹੋਇਆ ਜਾਰੀ

ਗਿਰਦਾਵਰੀ ਦੇ ਦਿੱਤੇ ਗਏ ਹਨ ਹੁੱਕਮ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਕਾਰਨ ਪੁੱਜੇ ਨੁਕਸਾਨ ਸਬੰਧੀ ਸਰਕਾਰ ਦੇ ਹੁੱਕਮਾਂ ਤਹਿਤ ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਉਨ੍ਹਾਂ ਨੂੰ ਜ਼ਰੂਰ ਦੇਣ ’ਚ ਪਹਿਲ ਕਦਮੀ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News