ਹਰਸ਼ਾ ਛੀਨਾ ਡਰੇਨ ਦੇ ਬੰਨ੍ਹ ’ਚ ਪਾੜ ਪੈਣ ਨਾਲ ਬਣੇ ਹੜ੍ਹ ਵਰਗੇ ਹਲਾਤ, ਫ਼ਸਲ ਪਾਣੀ ’ਚ ਡੁੱਬਣ ਕਾਰਨ ਹੋਈ ਤਬਾਹ
Tuesday, Jul 25, 2023 - 11:15 AM (IST)
ਹਰਸ਼ਾ ਛੀਨਾ (ਰਾਜਵਿੰਦਰ)- ਪਿੰਡ ਬੱਗਾ ਕਲਾਂ ਹਰਸ਼ਾ ਛੀਨਾ ਨਜ਼ਦੀਕ ਪੈਂਦੀ ਬਰਸਾਤੀ ਡਰੇਨ ਦੇ ਬੰਨ੍ਹ ਵਿਚ ਬੀਤੀ ਸਵੇਰੇ ਪਾੜ ਪੈ ਜਾਣ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਪਾਣੀ ’ਚ ਡੁੱਬਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਵੱਖ-ਵੱਖ ਪਿੰਡਾਂ ਵਿਚੋਂ ਗੁਜ਼ਰਦੇ ਬਰਸਾਤੀ ਡਰੇਨ ਵਿਚ ਬੀਤੀ ਰਾਤ ਹੋਈ ਭਾਰੀ ਬਰਸਾਤ ਕਾਰਨ ਔਸਤ ਤੋਂ ਕਿਤੇ ਜ਼ਿਆਦਾ ਪਾਣੀ ਆ ਗਿਆ, ਜਿਸ ਕਾਰਨ ਪਾਣੀ ਦੀ ਮਾਰ ਨਾ ਝਲਦਿਆਂ ਡਰੇਨ ਦੇ ਬੰਨ੍ਹ ’ਚ ਪਾੜ ਪੈ ਗਿਆ। ਜਿਸ ਕਾਰਨ ਪਿੰਡ ਬੱਗਾ ਕਲਾਂ, ਬੱਗਾ ਖੁਰਦ, ਵਿਚਲਾ ਕਿਲਾ, ਸਬਾਜਪੁਰਾ ਤੇ ਧਾਰੀਵਲ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ’ਚ ਲਾਈ ਝੋਨੇ ਦੀ ਫ਼ਸਲ ਪਾਣੀ ’ਚ ਡੁੱਬ ਗਈ। ਬੰਨ੍ਹ ਟੁੱਟ ਜਾਣ ਕਾਰਨ ਆਸ-ਪਾਸ ਇਕੱਤਰ ਪਾਣੀ ਕਾਰਨ ਇਲਾਕੇ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ।
ਇਹ ਵੀ ਪੜ੍ਹੋ- ਕੁੜੀ ਦੇ ਗੁਪਤ ਅੰਗ 'ਤੇ ਕਰੰਟ ਲਾਉਣ ਦੇ ਮਾਮਲੇ 'ਚ ਦੋ ਹੋਰ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ
ਇਸ ਸਮੇਂ ਹਾਜ਼ਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਛੀਨਾ, ਕਾਬਲ ਸਿੰਘ ਛੀਨਾ ਪ੍ਰੈੱਸ ਸਕੱਤਰ, ਸਰਪੰਚ ਤੇਜਬੀਰ ਸਿੰਘ ਬੱਗਾ ਕਲਾਂ, ਸਰਪੰਚ ਪਰਮਜੀਤ ਸਿੰਘ ਬੱਗਾ ਖੁਰਦ, ਲੱਖਾ ਸਿੰਘ ਬੱਗਾ ਕਲਾਂ, ਅਵਤਾਰ ਸਿੰਘ ਛੀਨਾ, ਹਰਿੰਦਰ ਸਿੰਘ ਛੀਨਾ, ਜਗਬੀਰ ਸਿੰਘ ਲੱਲਾ ਅਫਗਾਨਾ, ਨਛੱਤਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਧਾਰੀਵਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਡਰੇਨ ਦੀ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਸਫਾਈ ਨਾ ਹੋਣ ਕਾਰਨ ਹੀ ਬੰਨ੍ਹ ਟੁੱਟਾ ਹੈ, ਜਿਸ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਜ਼ਰ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਫਸਲਵਾੜੀ ਦੇ ਨੁਕਸਾਨ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਉਕਤ ਆਗੂਆਂ ਨੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸਾਨਾਂ ਦੀ ਇਸ ਮੰਗ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
ਇਹ ਵੀ ਪੜ੍ਹੋ- ਬੁੱਢਾ ਦਰਿਆ ’ਤੇ ਬਣੀ ਸੜਕ ’ਚ ਪਿਆ ਪਾੜ, ਨਹਾਉਣ ਗਏ 2 ਮੁੰਡਿਆਂ ਨਾਲ ਵਾਪਰ ਗਈ ਅਣਹੋਣੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8