ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਦੀਆਂ ਉਚ ਕੋਟੀ ਦੀਆਂ 9 ਫੀਸਦੀ ਯੂਨੀਵਰਸਿਟੀਆਂ 'ਚ ਚਮਕੀ
Thursday, Jun 11, 2020 - 02:01 AM (IST)
ਅੰਮ੍ਰਿਤਸਰ, (ਸੰਜੀਵ)- ਕੌਮੀ ਪੱਧਰ 'ਤੇ ਪਛਾਣ ਬਣਾਉਣ ਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੁਣ ਕੌਮਾਂਤਰੀ ਪੱਧਰ 'ਤੇ ਵੱਡਾ ਮਾਣ ਹਾਸਲ ਹੋਇਆ, ਜਿਸ ਵਿਚ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਿਥੇ ਦੇਸ਼ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ 'ਚ ਸ਼ਾਮਲ ਕੀਤਾ ਉਥੇ ਵਿਸ਼ਵ ਦੀਆਂ ਉਚ ਕੋਟੀ ਦੀਆਂ 9 ਫੀਸਦੀ ਯੂਨੀਵਰਸਿਟੀਆਂ ਵਿਚ ਵੀ ਥਾਂ ਦਿੱਤੀ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਵਿਸ਼ਵ ਦੀ ਸਿਰਮੌਰ ਅਤੇ ਵੱਕਾਰੀ ਸੰਸਥਾ ਹੈ ਜੋ 2012 ਤੋਂ ਇਸ ਰੈਂਕਿੰਗ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਹਿਲੇ ਦਰਜੇ ਵਿਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਅਤੇ ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦਾ ਨਾਂ ਆਉਂਦਾ ਹੈ।