ਗੁਰਦੁਆਰਾ ਸਾਹਿਬ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ਵਿਰੁੱਧ ਇਕ ਹੋਰ ਧੱਕਾ : ਭੋਮਾ
Tuesday, Apr 25, 2023 - 01:26 PM (IST)

ਅੰਮ੍ਰਿਤਸਰ (ਸਰਬਜੀਤ/ਵਾਲੀਆ)- ਪਾਕਿਸਥਾਨ ਵਿਚ ਸਿੱਖਾਂ ਦੇ ਗੁਰਦੁਆਰਿਆਂ ਨੂੰ ਮਸਜਿਦਾ ਵਿਚ ਤਬਦੀਲ ਕਰਨਾ ਤੇ ਸਿੱਖਾਂ ’ਤੇ ਹਮਲੇ ਕਰਨ ਦੀਆਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਪਰ ਹੁਣ ਜਿਸ ਭਾਰਤ ਨੂੰ ਸਿੱਖਾਂ ਨੇ ਭਾਰੀਆਂ ਕੁਰਬਾਨੀਆਂ ਕਰ ਕੇ ਆਜ਼ਾਦ ਕਰਵਾਇਆ, ਉਸ ਦੇਸ਼ ਵਿਚ ਹੀ ਸਿੱਖਾਂ ਦੇ ਗੁਰਦੁਆਰੇ ਮਹਿਫੂਜ਼ ਨਹੀਂ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਇਸ ਦੀ ਤਾਜ਼ਾ ਘਟਨਾ ਅਰੁਣਾਚਲ ਪ੍ਰਦੇਸ਼ ਦੇ ਮੇਚੁਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਇਤਿਹਾਸਕ ਅਸਥਾਨ ਨੂੰ ਬੋਧੀ ਅਸਥਾਨ ਵਿਚ ਤਬਦੀਲ ਕੀਤੇ ਜਾਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਮੇਚੁਕਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ ਸਥਿਤ ਹੈ, ਜਿਸ ਨੂੰ ਹਾਲ ਹੀ ਵਿਚ ਬੁੱਧ ਧਰਮ ਦੇ ਅਸਥਾਨ ਦੇ ਰੂਪ ਵਿਚ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- 11 ਸਾਲਾ ਬੱਚੀ ਨੇ ਕਰ ਦਿਖਾਇਆ ਕਮਾਲ, ਬਣਾ ਦਿੱਤੀ ਅੱਖਾਂ ਦੀਆਂ ਬੀਮਾਰੀਆਂ ਦਾ ਪਤਾ ਲਗਾਉਣ ਵਾਲੀ ਐਪ
8 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁਣ ਇਸ ਗੁਰਦੁਆਰਾ ਸਾਹਿਬ ਦੇ ਅਸਥਾਨ ਨੂੰ ਬੋਧੀ ਅਸਥਾਨ ਵਜੋਂ ਤਬਦੀਲ ਕੀਤਾ ਜਾ ਚੁੱਕਾ ਹੈ। ਜਦਕਿ ਅਸਲੀਅਤ ਹੈ ਕਿ ਇਥੇ ਪਹਿਲਾ ਗੁਰਦੁਆਰਾ ਸਾਹਿਬ ਮੌਜੂਦ ਸੀ, ਜਿਸ ਦੀਆਂ 2017 ਵਿਚ ਉਸ ਸਮੇਂ ਦੇ ਅੱਜ ਤੱਕ ਦੇ ਰਿਪੋਟਰ ਤੇਜਵੰਤ ਸਿੰਘ ਚੱਬਾ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਖਿੱਚੀਆਂ ਤਸਵੀਰਾਂ ਅੱਜ ਪ੍ਰੈੱਸ ਨੂੰ ਸਬੂਤ ਵਜੋਂ ਪੇਸ਼ ਕਰ ਰਹੇ ਹਾਂ। ਇਸ ਗੁਰਦੁਆਰਾ ਸਾਹਿਬ ਦੀ ਵੀਡੀਓ ਵੀ ਸਾਡੇ ਕੋਲ ਮੌਜੂਦ ਹੈ, ਲੋੜ ਪੈਣ ’ਤੇ ਉਹ ਵੀ ਜਾਰੀ ਕਰ ਦਿੱਤੀ ਜਾਵੇਗੀ। ਇਸ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਇਤਿਹਾਸਕਾਰ ਕਰਨਲ ਦਲਵਿੰਦਰ ਸਿੰਘ ਨੇ ਅਹਿਮ ਸੇਵਾ ਨਿਭਾਈ ਸੀ।
ਇਹ ਵੀ ਪੜ੍ਹੋ- ਮੋਰਿੰਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਭੋਮਾ ਨੇ ਇਸ ਕਾਰਵਾਈ ਨੂੰ ਸਿੱਖਾਂ ’ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਵੀ ਧਰਮ ਅਸਥਾਨ ਨੂੰ ਹੋਰ ਧਰਮ ਦੇ ਕੇਂਦਰ ਵਿਚ ਤਬਦੀਲ ਕਰ ਦੇਣਾ ਸੰਵਿਧਾਨ ਦੀ ਧਾਰਾ 25 ਦੀ ਸਿੱਧੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦੀ ਭਲਾਈ ਲਈ ਵੱਖ-ਵੱਖ ਦੇਸ਼ਾਂ ਦੀ ਧਾਰਮਿਕ ਯਾਤਰਾ ਕੀਤੀ ਸੀ, ਜਿਸ ਨੂੰ ਸਿੱਖ ਇਤਿਹਾਸ ਵਿਚ ਉਦਾਸੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਥੇ ਉਨ੍ਹਾਂ ਭੁੱਲੇ ਭਟਕੇ ਲੋਕਾਂ ਨੂੰ ਤਰਕ ਤੇ ਦਲੀਲ ਨਾਲ ਸਿੱਧੇ ਰਸਤੇ ਪਾਇਆ। ਬਿਆਨ ਦੇ ਅਖ਼ੀਰ ਵਿਚ ਭੋਮਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਧਰਮ ਪ੍ਰਚਾਰ ਕਮੇਟੀ ਪੰਜਾਬ ਦਾ ਇਕ ਉੱਚ ਪੱਧਰੀ ਵਫ਼ਦ ਜਲਦੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਮਿਲੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।