ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਪ੍ਰਬੰਧ ਦਾ ਵਿਵਾਦ 2 ਦਿਨ ਲਈ ਟਲਿਆ, 7 ਮੈਂਬਰੀ ਕਮੇਟੀ ਲਵੇਗੀ ਅਗਲਾ ਫ਼ੈਸਲਾ

Wednesday, Sep 21, 2022 - 12:31 PM (IST)

ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਪ੍ਰਬੰਧ ਦਾ ਵਿਵਾਦ 2 ਦਿਨ ਲਈ ਟਲਿਆ, 7 ਮੈਂਬਰੀ ਕਮੇਟੀ ਲਵੇਗੀ ਅਗਲਾ ਫ਼ੈਸਲਾ

ਚੋਗਾਵਾਂ (ਹਰਜੀਤ) - ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਪ੍ਰਬੰਧ ਨੂੰ ਲੈ ਕੇ ਛਿੜੇ ਵਿਵਾਦ ਨਾਲ ਦੋ ਧਿਰਾਂ ਦੇ ਆਹਮੋ ਸਾਹਮਣੇ ਹੋਣ ਕਾਰਨ ਸਥਿਤੀ ਤਣਾਅ ਪੂਰਨ ਬਣੀ ਹੋਈ ਸੀ। ਇਸ ਮਾਮਲੇ ’ਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਨਗ੍ਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਦਖ਼ਲਅੰਦਾਜ਼ੀ ਨਾਲ ਇਹ ਵਿਵਾਦ 2 ਦਿਨ ਲਈ ਟਲ ਗਿਆ। ਜ਼ਿਕਰਯੋਗ ਹੈ ਕਿ ਜਿੱਥੇ ਪਿੰਡ ਦੀ ਪੁਰਾਣੀ ਕਮੇਟੀ ਅਤੇ ਪੰਚਾਇਤ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਾਬਾ ਸੁੱਚਾ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੂੰ ਸੌਂਪਣਾ ਚਾਹੁੰਦੀ ਸੀ, ਉੱਥੇ ਕੁੱਝ ਪਿੰਡ ਵਾਸੀ ਅਤੇ ਨਵੀਂ ਕਮੇਟੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਕੋਲ ਰੱਖਣ ’ਤੇ ਅੜੇ ਹੋਏ ਸਨ। 

ਬਾਬਾ ਸੁੱਚਾ ਸਿੰਘ ਅਨੰਦਪੁਰ ਸਾਹਿਬ ਵਾਲੇ ਪ੍ਰਬੰਧ ਸੰਭਾਲਣ ਲਈ ਸੰਗਤਾਂ ਸਮੇਤ ਗੁਰਦੁਆਰਾ ਨਾਨਕਸਰ ਕਲੇਰਾਂ ਰਾਮ ਤੀਰਥ ਵਿਖੇ ਪਹੁੰਚ ਚੁੱਕੇ ਸਨ। ਇਸੇ ਕਾਰਨ ਦੋਹਾਂ ਧਿਰਾਂ ਵਿਚ ਮਾਮੂਲੀ ਤਕਰਾਰ ਹੋ ਗਈ। ਇਸ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਏ. ਡੀ. ਸੀ. ਰਣਬੀਰ ਸਿੰਘ ਮੂਧਲ, ਐੱਸ. ਡੀ. ਐੱਮ. ਅਮਨਪ੍ਰੀਤ ਸਿੰਘ ਅਜਨਾਲਾ, ਬੀਰਕਰਨ ਸਿੰਘ ਢਿੱਲੋਂ ਤਹਿਸੀਲਦਾਰ ਲੋਪੋਕੇ, ਜਗਸੀਰ ਸਿੰਘ ਮਿੱਤਲ ਨਾਇਬ ਤਹਿਸੀਲ ਲੋਪੋਕੇ, ਡੀ. ਐੱਸ. ਪੀ. ਐੱਸ. ਐੱਸ. ਬੱਲ, ਮਾਨਵਜੀਤ ਸਿੰਘ ਡੀ.ਐੱਸ.ਪੀ ਅਟਾਰੀ ਸਮੇਤ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ।

ਅਖੀਰ ਬੀਤੀ ਸ਼ਾਮ 5 ਵਜੇ ਦੇ ਕਰੀਬ ਉਪਰੋਕਤ ਅਧਿਕਾਰੀਆਂ ਅਤੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਵੱਲੋਂ ਦੋਹਾ ਧਿਰਾਂ ਨਾਲ ਮੀਟਿੰਗਾਂ ਕਰ ਕੇ ਇਹ ਫ਼ੈਸਲਾ ਲਿਆ ਕਿ ਏ.ਡੀ. ਸੀ.ਐੱਸ.ਡੀ.ਐੱਮ. ਅਤੇ ਡੀ.ਐੱਸ.ਪੀ ਅਟਾਰੀ ਸਮੇਤ ਦੋਹਾਂ ਧਿਰਾਂ ਦੇ ਦੋ-ਦੋ ਮੈਂਬਰ ਲੈ ਕੇ ਇਕ 7 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਜਾਵੇ। ਇਹ ਕਮੇਟੀ 2 ਦਿਨਾਂ ਵਾਸਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲੇਗੀ ਅਤੇ ਅਗਲਾ ਅੰਤਿਮ ਫ਼ੈਸਲਾ ਲਵੇਗੀ, ਜਿਸ ਨਾਲ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਅਤੇ ਵਿਵਾਦ 2 ਦਿਨਾਂ ਲਈ ਟਲ ਗਿਆ। ਇਸ ਮੌਕੇ ਬਾਬਾ ਸੁੱਚਾ ਸਿੰਘ ਅਨੰਦਪੁਰ ਸਾਹਿਬ ਵਾਲੇ, ਸਰਪੰਚ ਲਖਬੀਰ ਸਿੰਘ ਕੋਹਾਲੀ, ਸਾਬਕਾ ਸਰਪੰਚ ਦਇਆ ਸਿੰਘ ਕੱਕੜ ਆਦਿ ਹਾਜ਼ਰ ਸਨ।


author

rajwinder kaur

Content Editor

Related News