...ਕਦੋਂ ਪੂਰਾ ਹੋਵੇਗਾ ਗੁਰਦਾਸਪੁਰ ਨਗਰ ਕੌਂਸਲ ਦਫ਼ਤਰ ’ਚ ਬਣਨ ਵਾਲਾ ਨਾਈਟ ਸ਼ੈਲਟਰ ਹੋਮ?

12/17/2018 2:02:55 AM

ਗੁਰਦਾਸਪੁਰ,   (ਵਿਨੋਦ)-  ਕੇਂਦਰ ਸਰਕਾਰ ਨੇ ਇਕ ਯੋਜਨਾ ਬਣਾਈ ਸੀ ਕਿ ਸ਼ਹਿਰਾਂ ’ਚ ਕੋਈ ਵਿਅਕਤੀ ਸਡ਼ਕਾਂ ’ਤੇ ਨਾ ਸੋਵੇਂ ਤੇ ਕੋਈ ਭੁੱਖਾ ਨਾ ਸੋਵੇਂ। ਜਿਸ ਅਧੀਨ ਸਾਰੇ ਮੁੱਖ ਸ਼ਹਿਰਾਂ ’ਚ ਨਾਈਟ ਸ਼ੈਲਟਰ ਹੋਮ ਬਣਾਏ ਸੀ। ਜਿਸ ਲਈ 75  ਫੀਸਦੀ ਰਾਸ਼ੀ ਕੇਂਦਰ ਸਰਕਾਰ ਨੇ ਦੇਣੀ ਸੀ, ਜਦਕਿ ਬਾਕੀ 25 ਫੀਸਦੀ ਰਾਸ਼ੀ ਪੰਜਾਬ ਸਰਕਾਰ ਨੇ ਦੇਣੀ ਸੀ। ਇਸ ਯੋਜਨਾ ਅਧੀਨ ਗੁਰਦਾਸਪੁਰ ਨਗਰ ਕੌਂਸਲ ਦਫ਼ਤਰ ’ਚ ਵੀ ਇਹ ਨਾਈਟ ਸ਼ੈਲਟਰ ਹੋਮ ਬਣਾਉਣ ਦੀ ਯੋਜਨਾ ਤਾਂ ਸਾਲ 2014 ’ਚ ਬਣਾਈ ਸੀ ਪਰ ਇਸ ’ਤੇ ਕੰਮ ਸ਼ੁਰੂ 2015 ’ਚ ਹੋਇਆ ਸੀ। ਇਹ ਰਾਤਰੀ ਸ਼ੈਲਟਰ ਹੋਮ ਅੱਜ ਤੱਕ ਪੂਰਾ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਇਸ ਨਾਈਟ ਸ਼ੈਲਟਰ ਹੋਮ ਦਾ ਲਾਭ ਨਹੀਂ ਮਿਲ ਰਿਹਾ ਹੈ। 
 ਕੀ ਸੀ ਯੋਜਨਾ
 ਜਦ ਕੇਂਦਰ ’ਚ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਸਰਕਾਰ ਬਣੀ ਤਾਂ ਕੇਂਦਰ ਸਰਕਾਰ ਨੇ ਪੂਰੇ ਦੇਸ਼ ਦੇ ਮੁੱਖ ਸ਼ਹਿਰਾਂ  ’ਚ ਇਹ ਨਾਈਟ ਸ਼ੈਲਟਰ ਹੋਮ ਬਣਾਉਣ ਦੀ ਯੋਜਨਾ ਬਣਾ ਕੇ ਸਾਰੇ ਰਾਜਾਂ ਨੂੰ ਇਸ ਪ੍ਰਾਜੈਕਟ ’ਤੇ ਕੰਮ ਕਰਨ  ਲਈ ਭੇਜਿਆ। ਜਿਸ ਅਧੀਨ ਪੰਜਾਬ ਸਰਕਾਰ  ਨੂੰ ਵੀ ਇਹ ਪ੍ਰਾਜੈਕਟ ਮਿਲਿਆ ਸੀ। ਇਸ ਪ੍ਰਾਜੈਕਟ ਅਧੀਨ ਪੰਜਾਬ ਦੇ ਸਾਰੇ ਮੁੱਖ ਸ਼ਹਿਰਾਂ ’ਚ ਇਹ ਨਾਈਟ ਸ਼ੈਲਟਰ ਹੋਮ ਬਣਾਏ ਜਾਣੇ ਸਨ। ਇਸ ਯੋਜਨਾ ਅਧੀਨ ਪੰਜਾਬ ’ਚ ਬਣਨ ਵਾਲੇ ਇਨ੍ਹਾਂ ਸ਼ੈਲਟਰ ਹੋਮ ਦੇ ਲਈ ਆਉਣ ਵਾਲੇ ਖਰਚ ਦਾ 75 ਫੀਸਦੀ ਕੇਂਦਰ ਸਰਕਾਰ ਤੋਂ ਮਿਲਣਾ ਸੀ, ਜਦਕਿ 25 ਫੀਸਦੀ ਰਾਸ਼ੀ ਪੰਜਾਬ ਸਰਕਾਰ ਨੇ ਜਾਂ ਨਗਰ ਕੌਂਸਲਾਂ ਵੱਲੋਂ ਖਰਚ ਕੀਤੀ ਜਾਣੀ ਸੀ। ਗੁਰਦਾਸਪੁਰ ਨਗਰ ਕੌਂਸਲ ਨੇ ਵੀ ਗੁਰਦਾਸਪੁਰ ’ਚ 30 ਬੈੱਡ ਦਾ ਇਹ ਨਾਈਟ ਸ਼ੈਲਟਰ ਹੋਮ ਬਣਾਉਣ ਦੀ ਯੋਜਨਾ ਪੰਜਾਬ ਸਰਕਾਰ ਨੂੰ ਭੇਜੀ ਸੀ,  ਜੋ ਮਨਜ਼ੂਰ ਹੋ ਗਈ। ਕੇਂਦਰ ਸਰਕਾਰ ਵੱਲੋਂ ਬਣਾਈ ਯੋਜਨਾ ਅਧੀਨ ਜਦ ਤੱਕ ਇਹ ਨਾਈਟ ਸ਼ੈਲਟਰ ਹੋਮ ਬਣ ਕੇ ਤਿਆਰ ਨਹੀਂ ਹੋ ਜਾਂਦੇ, ਉਦੋਂ ਤੱਕ ਦਫ਼ਤਰ ’ਚ ਇਕ ਕਮਰੇ ’ਚ ਦੋ ਬੈੱਡ ਰੂਮ ਬਣਾ ਕੇ ਅਸਥਾਈ ਰੂਪ ’ਚ ਇਹ ਸ਼ੈਲਟਰ ਹੋਮ ਚਲਾਉਣ ਦਾ ਵੀ ਹੁਕਮ ਸੀ। 
ਕੀ ਸਥਿਤੀ ਹੈ ਇਸ ਸ਼ੈਲਟਰ ਹੋਮ ਦੀ ਗੁਰਦਾਸਪੁਰ ’ਚ
ਨਗਰ ਕੌਂਸਲ ਦਫ਼ਤਰ ’ਚ ਇਸ ਨਾਈਟ ਸ਼ੈਲਟਰ ਹੋਮ ਬਣਾਉਣ ਦੀ ਯੋਜਨਾ ਤਿਆਰ ਕਰ ਕੇ ਕੌਂਸਲ ਦਫ਼ਤਰ ਦੀ ਹੀ ਜ਼ਮੀਨ ’ਚ ਕੁਝ ਹਿੱਸਾ ਕੱਟ ਕੇ ਇਸ ਨਾਈਟ ਸ਼ੈਲਟਰ ਹੋਮ ਦਾ ਨੀਂਹ ਪੱਥਰ 30-11-2015 ਨੂੰ ਸਾਬਕਾ ਵਿਧਾਇਕ ਗੁਰਦਾਸਪੁਰ ਗੁਰਬਚਨ ਸਿੰਘ ਬੱਬੇਹਾਲੀ ਨੇ ਰੱਖਿਆ ਤੇ ਉਦੋਂ ਐਲਾਨ ਕੀਤਾ ਗਿਆ ਸੀ ਕਿ ਇਸ ਨਾਈਟ ਸ਼ੈਲਟਰ ਹੋਮ ਦਾ ਨਿਰਮਾਣ ਕੰਮ ਇਕ ਸਾਲ ’ਚ ਪੂਰਾ ਕੀਤਾ ਜਾਵੇਗਾ। ਉਦੋਂ ਨਗਰ ਕੌਂਸਲ ਦਫ਼ਤਰ ’ਚ ਹੀ ਇਕ ਕਮਰੇ ਦੀ ਅਸਥਾਈ ਨਾਈਟ ਸ਼ੈਲਟਰ ਹੋਮ ਦੇ ਰੂਪ ’ਚ ਤਿਆਰ ਕਰ ਕੇ ਦੋ ਬੈੱਡ ਰੂਮ ਦਾ ਪ੍ਰਬੰਧ ਕਰ ਦਿੱਤਾ ਗਿਆ, ਤਾਂ ਕਿ ਜਦ ਤੱਕ ਇਹ ਨਵੇਂ ਬਣਨ ਵਾਲਾ ਨਾਈਟ ਸ਼ੈਲਟਰ ਹੋਮ ਤਿਆਰ ਨਹੀਂ ਹੋ ਜਾਂਦਾ ਉਦੋਂ ਤੱਕ ਇਸ ਅਸਥਾਈ ਸ਼ੈਲਟਰ ਹੋਮ ’ਚ ਰਾਤ ਠਹਿਰਣ ਵਾਲੇ ਲੋਕਾਂ ਨੂੰ ਠਹਿਰਾਇਆ ਜਾ ਸਕੇ। ਇਸ ਯੋਜਨਾ ’ਚ ਇਹ ਵੀ ਸ਼ਾਮਲ ਸੀ ਕਿ ਰਾਤ ਸ਼ੈਲਟਰ ਹੋਮ ’ਚ ਰੁਕਣ ਵਾਲੇ ਲੋਕਾਂ ਨੂੰ ਰਾਤ ਦਾ ਖਾਣਾ ਵੀ ਨਗਰ ਕੌਂਸਲ ਮੁਹੱਈਆ ਕਰਵਾਏਗੀ  ਪਰ ਹੈਰਾਨੀ ਦੀ ਗੱਲ ਹੈ ਕਿ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਨਵਾਂ ਬਣਨ ਵਾਲਾ ਨਾਈਟ ਸ਼ੈਲਟਰ ਹੋਮ ਤਿਆਰ ਨਹੀਂ ਹੋ ਪਾਇਆ ਹੈ ਤੇ ਅਜੇ ਹੌਲੀ ਗਤੀ ਨਾਲ ਇਸ ’ਤੇ ਕੰਮ ਚੱਲ ਰਿਹਾ ਹੈ। ਕਮਰੇ ’ਤੇ ਤਾਲੇ ਲਾਏ ਹੋਏ ਹਨ ਤੇ ਬਣੀ ਰਸੋਈ ਵੀ ਬੰਦ ਪਈ ਹੈ। ਇਸ ਸ਼ੈਲਟਰ ਹੋਮ ’ਤੇ ਲਗਭਗ 60 ਲੱਖ ਰੁਪਏ ਖਰਚ ਆ ਰਿਹਾ ਹੈ ਤੇ ਇਸ ’ਚੋਂ 45 ਲੱਖ ਤਾਂ ਕੇਂਦਰ ਸਰਕਾਰ ਤੋਂ ਮਿਲਿਆ ਹੈ, ਜਦਕਿ ਬਾਕੀ ਦੀ ਰਾਸ਼ੀ ਨਗਰ ਕੌਂਸਲ ਗੁਰਦਾਸਪੁਰ ਨੇ ਦਿੱਤੀ ਹੈ ਜਦ ਤੱਕ ਇਹ ਸ਼ੈਲਟਰ ਹੋਮ ਪੂਰਾ ਨਹੀਂ ਹੋ ਜਾਦਾ ਉਦੋਂ ਤੱਕ ਇਸ ਦਾ ਲਾਭ ਕਿਸੇ ਨੂੰ ਮਿਲਣ ਵਾਲਾ ਨਹੀਂ ਹੈ। 

ਕੀ ਹਾਲਤ ਹੈ ਅਸਥਾਈ ਬਣੇ ਸ਼ੈਲਟਰ ਹੋਮ ਦੀ 
 ਕੇਂਦਰ ਸਰਕਾਰ ਦੇ ਹੁਕਮ ਅਨੁਸਾਰ ਜਦ ਤੱਕ ਇਹ ਨਵਾਂ ਬਣਨ ਵਾਲਾ ਨਾਈਟ ਸ਼ੈਲਟਰ ਹੋਮ ਪੂਰਾ ਨਹੀਂ ਹੁੰਦਾ, ਉਦੋਂ ਤੱਕ ਅਸਥਾਈ ਨਾਈਟ ਸ਼ੈਲਟਰ ਹੋਮ ਨੂੰ ਨਗਰ ਕੌਂਸਲ ਚਲਾਏ ਹੋਏ ਹੈ ਪਰ ਕਿਹਾ ਜਾ ਰਿਹਾ ਹੈ ਕਿ ਇਸ ਅਸਥਾਈ ਸ਼ੈਲਟਰ ਹੋਮ ’ਚ ਬਣੇ ਦੋ ਬੈੱਡ ਰੂਮ ’ਚ ਵੀ ਲੰਬੇ ਸਮੇਂ ਤੋਂ ਇਕ ਹੀ ਮੰਦਬੁੱਧੀ ਮਹਿਲਾ ਰਹਿ ਰਹੀ ਹੈ, ਜੋ ਇਹ ਵੀ ਨਹੀਂ ਦੱਸ ਰਹੀ ਹੈ ਕਿ ਉਸ ਦਾ ਨਾਮ ਕੀ ਹੈ। ਅਸਥਾਈ ਸ਼ੈਲਟਰ ਦਾ ਪ੍ਰਯੋਗ ਵੀ ਵਧੀਆ ਢੰਗ ਨਾਲ ਨਹੀਂ ਹੋ ਰਿਹਾ ਹੈ। 
 


Related News