ਅਕਾਲੀ ਦਲ ਵਿਵਾਦਿਤ ਬਿਆਨਬਾਜ਼ੀ ਕਰਕੇ ਪੰਜਾਬ ਦੇ ਹਲਾਤ ਖਰਾਬ ਕਰਨ ਦੀ ਰਚ ਰਿਹੈ ਸਾਜਿਸ਼ : ਜਾਖੜ

Monday, Sep 03, 2018 - 06:20 PM (IST)

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਅਕਾਲੀ ਦਲ 'ਤੇ ਦੋਸ਼ ਲਗਾਇਆ ਕਿ ਅਕਾਲੀ ਦਲ ਦੇ ਨੇਤਾ ਖੁਦ ਹੀ ਜਸਟਿਸ ਰਣਜੀਤ ਸਿੰਘ ਰਿਪੋਰਟ ਸੰਬੰਧੀ ਵਿਵਾਦਿਤ ਅਤੇ ਆਪਸੀ ਵਿਰੋਧੀ ਬਿਆਨਬਾਜ਼ੀ ਕਰਕੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਸੰਬੰਧੀ ਬਾਦਲ ਪਿਓ-ਪੁੱਤ ਹੁਣ ਜੋ ਬਿਆਨਬਾਜ਼ੀ ਕਰ ਰਹੇ ਹਨ ਉਹ ਬਿਲਕੁੱਲ ਗਲਤ ਹੈ। ਜੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਨੇ ਗੋਲੀ ਚਲਾਉਣ ਦੇ ਆਦੇਸ਼ ਨਹੀਂ ਦਿੱਤੇ ਸੀ ਤਾਂ ਫਿਰ ਉਸ ਸਮੇਂ ਦੇ ਪੁਲਸ ਮਹਾਨਿਦੇਸ਼ਕ ਸੁਮੇਧ ਸੈਣੀ ਨੂੰ ਬਾਦਲ ਦੋਸ਼ੀ ਕਿਉਂ ਨਹੀਂ ਠਹਿਰਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁਖਲਾਹਟ 'ਚ ਆ ਕੇ ਗੁੰਮਰਾਹ ਕਰਨ ਵਾਲੀ ਬਿਆਨਬਾਜ਼ੀ ਕਰ ਰਹੇ ਹਨ, ਜਦਕਿ ਰਿਪੋਰਟ 'ਚ ਪ੍ਰਕਾਸ਼ ਸਿੰਘ ਬਾਦਲ ਦਾ ਸਿੱਧਾ ਨਾਂ ਸ਼ਾਮਲ ਨਹੀਂ ਹੈ ਪਰ ਉਨ੍ਹਾਂ ਦਾ ਕੀਤਾ ਪਾਪ ਬੋਲ ਰਿਹਾ ਹੈ ਜੋ ਉਨ੍ਹਾਂ ਨੂੰ ਆਰਾਮ ਨਾਲ ਨਹੀਂ ਬੈਠਣ ਦਿੰਦਾ।

ਸੁਨੀਲ ਜਾਖੜ ਨੇ ਅੱਜ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ 'ਚ ਸਪੋਰਟਸ ਪਾਰਕ (ਛੋਟੇ ਸਟੇਡੀਅਮ) ਜਲਦੀ ਬਣਾਉਣਗੇ ਅਤੇ ਇਸ ਦੇ ਲਈ ਜ਼ਰੂਰਤ ਅਨੁਸਾਰ ਫੰਡ ਮੁਹੱਈਆ ਹੈ। ਆਪਣੇ 6 ਵਿਧਾਨ ਸਭਾ ਹਲਕਿਆਂ ਦੇ ਵਿਕਾਸ  ਲਈ ਉਨ੍ਹਾਂ ਨੇ 40-40 ਲੱਖ ਰੁਪਏ ਆਪਣੇ ਸੰਸਦ ਏਰੀਆ ਲੋਕਲ ਵਿਕਾਸ ਫੰਡ ਤੋਂ ਜਾਰੀ ਕਰ ਦਿੱਤੇ ਹਨ। 

ਗੁਰਦਾਸਪੁਰ 'ਚ ਜਿਸ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-7 ਤੇ ਬਸ ਸਟੈਂਡ ਬਣਾਇਆ ਜਾਣਾ ਹੈ ਉਥੋਂ ਸ਼ਹਿਰ ਨੂੰ ਆਉਣ ਵਾਲੇ ਤਿੱਬੜੀ ਰੋਡ 'ਤੇ ਰੇਲਵੇ ਲਾਈਨ ਦੇ ਹੇਠਾਂ ਅੰਡਰ ਪਾਸ ਬਣਾਇਆ ਜਾਣਾ ਹੈ ਅਤੇ ਸਥਾਨਕ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੀ ਕੋਸ਼ਿਸ਼ ਨਾਲ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਰੇਲ ਮੰਤਰਾਲੇ ਤੋਂ ਇਸ ਦੀ ਮਨਜ਼ੂਰੀ ਲੈਣ ਦੇ ਲਈ ਕਾਰਵਾਈ ਚਲ ਰਹੀ ਹੈ। ਜਾਖੜ ਨੇ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਰਵਪੱਖੀ ਵਿਕਾਸ ਦੇ ਲਈ ਪੈਸੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਇਸ ਹਲਕੇ ਨੂੰ ਇਕ ਮਿਸਾਲ ਦਾ ਹਲਕਾ ਬਣਾਇਆ ਜਾਵੇਗਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਲੇਬਰਸੈੱਲ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਬਲਜੀਤ ਸਿੰਘ ਪਾਹੜਾ ਹਲਕਾ ਇੰਚਾਰਜ਼ ਯੂਥ ਵਿੰਗ ਵੀ ਹਾਜ਼ਰ ਸੀ।

ਵਰਣਨਯੋਗ ਹੈ ਕਿ ਸੁਨੀਲ ਜਾਖੜ ਨੂੰ ਹੁਣ ਤਕ ਸੰਸਦ ਲੋਕਲ ਏਰੀਆ ਵਿਕਾਸ ਫੰਡ ਦੇ ਲਈ ਕੁੱਲ 12 ਕਰੋੜ 39 ਲੱਖ 41ਹਜ਼ਾਰ ਰੁਪਏ ਦੀ ਰਾਸ਼ੀ ਮਿਲੀ ਹੈ। ਪਰ ਉਨ੍ਹਾਂ ਨੇ ਅਜੇ ਤੱਕ 2 ਕਰੋੜ 41 ਲੱਖ 26 ਹਜ਼ਾਰ ਰੁਪਏ ਹੀ ਖਰਚ ਕੀਤੀ ਹੈ। ਜਦਕਿ ਅਜੇ ਵੀ ਉਨ੍ਹਾਂ ਦੇ ਕੋਲ 9 ਕਰੋੜ 98 ਲੱਖ 15 ਹਜ਼ਾਰ ਰੁਪਏ ਇਸ ਫੰਡ 'ਚ ਪਏ ਹਨ।

 


Related News