ਗੁਰਦਾਸਪੁਰ ਦਾ ਬੱਸ ਅੱਡਾ ਬਾਹਰ ਜਾਣ ਦੇ ਬਾਵਜੂਦ ਨਹੀਂ ਹੱਲ ਹੋਈ ਟ੍ਰੈਫਿਕ ਦੀ ਸਮੱਸਿਆ, ਨਾ ਹਟੇ ਨਾਜਾਇਜ਼ ਕਬਜ਼ੇ

Monday, Feb 19, 2024 - 06:11 PM (IST)

ਗੁਰਦਾਸਪੁਰ (ਹਰਮਨ)- ਸ਼ਹਿਰ ਅੰਦਰ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਬੇਸ਼ੱਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਨਾਜਾਇਜ਼ ਉਸਾਰੀਆਂ ਤੋੜੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਸ਼ਹਿਰ ਦੀਆਂ ਤਕਰੀਬਨ ਸਾਰੀਆਂ ਸੜਕਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਮੁੜ ਉਸੇ ਤਰ੍ਹਾਂ ਹੈ, ਜਿਸ ਦੇ ਨਤੀਜੇ ਵਜੋਂ ਅਜੇ ਵੀ ਲੋਕ ਆਵਾਜਾਈ ਦੀ ਸਮੱਸਿਆ ਨਾਲ ਜੂਝਦੇ ਹਨ। ਬੇਸ਼ੱਕ ਲੋਕਾਂ ਨੇ ਬੱਸ ਅੱਡਾ ਬਾਹਰ ਜਾਣ ਨਾਲ ਸ਼ਹਿਰ ’ਚੋਂ ਆਵਾਜਾਈ ਦੀ ਸਮੱਸਿਆ ਦਾ ਹੱਲ ਹੋਈ ਦੀ ਉਮੀਦ ਲਾਈ ਸੀ ਪਰ ਹਾਲਾਤ ਇਹ ਬਣੇ ਹੋਏ ਹਨ ਕਿ ਅਜੇ ਵੀ ਸ਼ਹਿਰ ’ਚੋਂ ਲੰਘਦੀ ਮੁੱਖ ਸੜਕ ਅਤੇ ਤਿੱਬੜੀ ਰੋਡ ’ਤੇ ਟ੍ਰੈਫਿਕ ਜਾਮ ਲੱਗੇ ਰਹਿੰਦੇ ਹਨ। ਖਾਸ ਤੌਰ ’ਤੇ ਹਰਦੋਛੰਨੀ ਰੋਡ, ਮੱਛੀ ਮਾਰਕੀਟ ਚੌਕ ਨੇੜੇ ਅਕਸਰ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ। ਕਈ ਵਾਰ ਦਿਹਾਤੀ ਖੇਤਰ ਦੀਆਂ ਦੋ-ਦੋ ਬੱਸਾਂ ਵੀ ਕਾਹਨੂੰਵਾਨ ਚੌਕ ’ਚ ਖੜ੍ਹੀਆਂ ਰਹਿੰਦੀਆਂ ਹਨ, ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ।

ਇਹ ਵੀ ਪੜ੍ਹੋ : ਕੰਮ ਤੋਂ ਪਰਤ ਰਹੇ ਮਾਮੇ-ਭਾਣਜੇ ਨਾਲ ਵਾਪਰੀ ਅਣਹੋਣੀ, ਸਕਾਰਪਿਓ ਦੀ ਲਪੇਟ 'ਚ ਆਉਣ ਕਾਰਨ ਦੋਵਾਂ ਦੀ ਮੌਤ

ਲੋਕਾਂ ਨੂੰ ਸੜਕਾਂ ’ਤੇ ਪਾਰਕ ਕਰਨੇ ਪੈ ਰਹੇ ਵਾਹਨ

ਦੱਸਣਯੋਗ ਹੈ ਕਿ ਦੁਕਾਨਾਂ ਦੇ ਅੱਗੇ ਪਹਿਲਾਂ ਹੀ ਕਈ ਰੇਹੜੀਆਂ ਤੇ ਸਾਮਾਨ ਰੱਖਣ ਕਾਰਨ ਵਾਹਨਾਂ ਦੀ ਪਾਰਕਿੰਗ ਲਈ ਕੋਈ ਜਗ੍ਹਾ ਨਹੀਂ ਬਚਦੀ ਅਤੇ ਲੋਕਾਂ ਨੂੰ ਮਜਬੂਰਨ ਸੜਕਾਂ ਵਿਚ ਹੀ ਵਾਹਨ ਖੜ੍ਹੇ ਕਰਨੇ ਪੈਂਦੇ ਹਨ। ਅਜਿਹੀ ਸਥਿਤੀ ਵਿਚ ਜਦੋਂ ਬੱਸਾਂ ਵੀ ਸਵਾਰੀਆਂ ਨੂੰ ਉਤਾਰਨ ਚੜ੍ਹਾਉਣ ਲਈ ਰੁਕਦੀਆਂ ਹਨ, ਤਾਂ ਆਵਾਜਾਈ ਵਿਚ ਹੋਰ ਵਿਘਨ ਪੈਂਦਾ ਹੈ। ਇੱਥੇ ਹੀ ਬੱਸ ਨਹੀਂ ਕਾਹਨੂੰਵਾਨ ਚੌਕ ਤੋਂ ਬਟਾਲਾ ਵਾਲੀ ਸਾਈਡ ਨੂੰ ਜਾਣ ਵਾਲੇ ਆਟੋ ਰਿਕਸ਼ਾ ਵੀ ਸਵਾਰੀਆਂ ਨੂੰ ਚੜ੍ਹਾਉਣ ਲਈ ਲਾਈਨ ਵਿਚ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਚੌਕ ਵਿਚ ਆਵਾਜਾਈ ਪ੍ਰਭਾਵਿਤ ਹੁੰਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਅੱਤਵਾਦੀ ਪੰਨੂ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਭੜਕਾਇਆ, ਕਿਹਾ- 'ਗੋਲੀ ਦਾ ਜਵਾਬ ਗੋਲੀ ਨਾਲ ਦਿਓ'

ਪੁਲਸ ਵੱਲੋਂ ਨਹੀਂ ਚੁੱਕੇ ਜਾ ਰਹੇ ਕਦਮ

ਲੋਕਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਦੇ ਬਾਵਜੂਦ ਪੁਲਸ ਵੱਲੋਂ ਸਖਤ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਵਾਹਨ ਚਾਲਕ ਆਪਣੀ ਮਨਮਰਜ਼ੀ ਕਰ ਰਹੇ ਹਨ। ਸ਼ਹਿਰ ਵਾਸੀਆਂ ਨੇ ਕਿਹਾ ਕਿ ਨਗਰ ਕੌਂਸਲ ਨੇ ਬੇਸ਼ੱਕ ਸ਼ਹਿਰ ਵਿਚ ਨਾਜਾਇਜ਼ ਕਬਜ਼ੇ ਹਟਾਏ ਸਨ ਪਰ ਸੜਕਾਂ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਤੇ ਰੁੱਖ ਵੀ ਨਾਜਾਇਜ਼ ਕਬਜ਼ਿਆਂ ਦਾ ਕਾਰਨ ਬਣ ਰਹੇ ਹਨ ਕਿਉਂਕਿ ਇਨ੍ਹਾਂ ਰੁੱਖਾਂ ਤੇ ਖੰਭਿਆਂ ਤੋਂ ਦੁਕਾਨਾਂ ਤੱਕ ਦੀ ਜਗ੍ਹਾ ’ਚ ਦੁਕਾਨਦਾਰਾਂ ਨੇ ਪੱਕੇ ਕਬਜ਼ੇ ਕਰਕੇ ਆਪਣਾ ਸਾਮਾਨ ਰੱਖਿਆ ਹੁੰਦਾ ਹੈ, ਜਿਸ ਕਾਰਨ ਪਾਰਕਿੰਗ ਲਈ ਜਗ੍ਹਾ ਹੀ ਨਹੀਂ ਬਚਦੀ ਅਤੇ ਇਨ੍ਹਾਂ ਦੁਕਾਨਾਂ ’ਤੇ ਆਉਣ ਵਾਲੇ ਲੋਕ ਮਜਬੂਰੀਵਸ ਆਪਣੇ ਵਾਹਨ ਸੜਕਾਂ ਵਿਚ ਹੀ ਖੜ੍ਹੇ ਕਰਕੇ ਚਲੇ ਜਾਂਦੇ ਹਨ।

PSEB ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੇ ਚੱਲਦੇ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ

ਖੁੱਲ੍ਹੀ ਜਗ੍ਹਾ ’ਤੇ ਪਾਰਕਿੰਗ ਬਣਾਉਣ ਦੀ ਮੰਗ

ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਦੁਕਾਨਾਂ ਦੇ ਬਾਹਰ ਸਾਮਾਨ ਰੱਖਣ ਦੇ ਰੁਝਾਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾਣ ਅਤੇ ਜਿਹੜੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਪੱਕੇ ਤੌਰ ’ਤੇ ਰੇਹੜੀਆਂ ਲਵਾਈਆਂ ਹਨ, ਉਨ੍ਹਾਂ ਨੂੰ ਵੀ ਹਟਾਇਆ ਜਾਵੇ ਤਾਂ ਜੋ ਦੁਕਾਨਾਂ ਦੇ ਅੱਗੇ ਖਾਲੀ ਪਈ ਜਗ੍ਹਾ ਵਿਚ ਪਾਰਕਿੰਗ ਹੋ ਸਕੇ ਅਤੇ ਆਵਾਜਾਈ ਵਿਚ ਵਿਘਨ ਨਾ ਪਵੇ। ਇਸੇ ਤਰ੍ਹਾਂ ਕਾਹਨੂੰਵਾਨ ਚੌਕ ਰਾਹੀਂ ਬੱਸਾਂ ਦਾ ਆਉਣਾ-ਜਾਣਾ ਬੰਦ ਕੀਤਾ ਜਾਵੇ ਅਤੇ ਚੌਕ ਵਿਚ ਖੜ੍ਹੇ ਹੋਣ ਵਾਲੇ ਟੈਂਪੂਆਂ ਨੂੰ ਵੀ ਚੌਕ ’ਤੇ ਅੱਗੇ ਖਾਲੀ ਜਗ੍ਹਾ ’ਚ ਖੜ੍ਹੇ ਹੋਣ ਲਈ ਪਾਬੰਦ ਕੀਤਾ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News