ਗੁਰਦਾਸਪੁਰ ਜ਼ਿਲ੍ਹੇ ’ਚ ਕੋਰੋਨਾ ਦੀ ਲਪੇਟ ’ਚ ਆਏ 22 ਨਵੇਂ ਮਰੀਜ਼, 1 ਦੀ ਮੌਤ

10/15/2020 3:08:25 AM

ਗੁਰਦਾਸਪੁਰ, (ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦੀ ਲਪੇਟ ’ਚ ਆਏ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜਦੋਂ ਕਿ ਅੱਜ 22 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਅੱਜ ਇਸ ਜ਼ਿਲੇ ਨਾਲ ਸਬੰਧਤ ਚੱਕ ਸ਼ਰੀਫ ਨੇੜਲੇ ਪਿੰਡ ਛਿੱਛਰਾ ਦਾ 73 ਸਾਲ ਦਾ ਬਜ਼ੁਰਗ ਇਸ ਵਾਇਰਸ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ ’ਚ ਚਲਾ ਗਿਆ ਹੈ। ਉਕਤ ਵਿਅਕਤੀ 5 ਅਕਤੂਬਰ ਨੂੰ ਇਸ ਵਾਇਰਸ ਦੀ ਲਪੇਟ ਵਿਚ ਆਉਣ ਕਾਰਣ ਪਠਾਨਕੋਟ ਜ਼ਿਲੇ ’ਚ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸ ਨੂੰ ਸਾਹ ਲੈਣ ਵਿਚ ਤਕਲੀਫ, ਬਲੱਡ ਪ੍ਰੈੱਸ਼ਰ, ਸ਼ੂਗਰ ਸਮੇਤ ਹੋਰ ਵੀ ਕਈ ਸਰੀਰਿਕ ਸਮੱਸਿਆਵਾਂ ਸਨ। ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ।

ਸਿਵਲ ਸਰਜਨ ਡਾ. ਵਰਿੰਦਰ ਜਗਤ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 1 ਲੱਖ 40 ਹਜ਼ਾਰ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 1,33,095 ਨੈਗੇਟਿਵ ਪਾਏ ਗਏ ਹਨ ਜਦੋਂ ਕਿ ਕੁਲ 6603 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 1045 ਰਿਪੋਰਟਾਂ ਦੇ ਨਤੀਜੇ ਪੈਂਡਿੰਗ ਹਨ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ’ਚ 8, ਬਟਾਲਾ ’ਚ 2, ਧਾਰੀਵਾਲ ’ਚ 10 ਅਤੇ ਤਿੱਬੜੀ ਮਿਲਟਰੀ ਹਸਪਤਾਲ ’ਚ 13 ਪੀੜਤ ਦਾਖਲ ਹਨ ਜਦੋਂ ਕਿ 52 ਮਰੀਜ਼ ਬਾਹਰਲੇ ਜ਼ਿਲਿਆਂ ’ਚਰ ਹਨ। ਉਨ੍ਹਾਂ ਦੱਸਿਆ ਕਿ 322 ਪੀੜਤਾਂ ਨੂੰ ਲੱਛਣ ਨਾ ਹੋਣ ਕਾਰਨ ਘਰਾਂ ’ਚ ਇਕਾਂਤਵਾਸ ਕੀਤਾ ਗਿਆ ਹੈ। ਕੋਰੋਨਾ ਵਾਇਰਸ ਨਾਲ ਪੀੜਤ 6010 ਵਿਅਕਤੀਆਂ ਨੇ ਫਤਿਹ ਹਾਸਲ ਕਰ ਲਈ ਹੈ, ਇਨ੍ਹਾਂ ’ਚ 5625 ਪੀੜਤ ਠੀਕ ਹੋਏ ਹਨ ਅਤੇ 385 ਪੀੜਤਾਂ ਨੂੰ ਡਿਸਚਾਰਜ ਕਰ ਕੇ ਹੋਮ ਇਕਾਂਤਵਾਸ ਕੀਤਾ ਗਿਆ ਹੈ। ਇਸ ਮੌਕੇ ਜ਼ਿਲੇ ’ਚ ਐਕਟਿਵ ਕੇਸ 408 ਹਨ ਅਤੇ 185 ਮੌਤਾਂ ਹੋ ਚੁੱਕੀਆਂ ਹਨ।


Bharat Thapa

Content Editor

Related News