ਬਦਮਾਸ਼ਾਂ ਨੂੰ ਪਨਾਹ ਦੇਣ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ

07/13/2019 6:14:34 PM

ਗੁਰਦਾਸਪੁਰ (ਹਰਮਨਪ੍ਰੀਤ) : ਪੁਲਸ ਵਲੋਂ ਥਾਣਾ ਫਤਹਿਗੜ੍ਹ ਚੂੜੀਆਂ ਅੰਦਰ ਦਰਜ ਕੀਤੇ ਮਾਮਲੇ ਵਿਚ ਕਾਬੂ ਕੀਤੇ ਗਏ ਦੋਸ਼ੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ 'ਤੇ ਬਦਮਾਸ਼ਾਂ ਨੂੰ ਪਨਾਹ ਦੇਣ ਵਾਲੇ ਦੋ ਵਿਅਕਤੀਆਂ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਥਾਣੇ ਅੰਦਰ ਦਰਜ ਕੀਤੇ ਗਏ ਮਾਮਲੇ ਵਿਚ ਪੁਲਸ ਨੂੰ ਸ਼ੁਭਮ ਸਿੰਘ ਅਤੇ ਮਨਪ੍ਰੀਤ ਸਿੰਘ ਨਾਂ ਦੇ ਦੋਸ਼ੀ ਲੋੜੀਂਦੇ ਸਨ ਜਿਨ੍ਹਾਂ ਖਿਲਾਫ ਹੋਰ ਥਾਣਿਆਂ 'ਚ ਵੀ ਸੰਗੀਨ ਜੁਰਮਾਂ ਅਧੀਨ ਮੁਕੱਦਮੇ ਦਰਜ ਹਨ। ਇਨ੍ਹਾਂ ਦੋਸ਼ੀਆਂ ਨੂੰ ਪੁਲਸ ਨੇ 30 ਮਈ ਨੂੰ ਅਦਾਲਤ 'ਚ ਪੇਸ਼ ਕਰ ਕੇ ਸੱਤ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਸੀ। 

ਰਿਮਾਂਡ 'ਚ ਪੁੱਛਗਿੱਛ ਦੌਰਾਨ ਸ਼ੁਭਮ ਸਿੰਘ ਪੁੱਤਰ ਸਵ. ਬਲਵਿੰਦਰ ਸਿੰਘ ਵਾਸੀ ਫਰੈਂਡਜ਼ ਕਾਲੋਨੀ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਅਤੇ ਬਦਮਾਸ਼ ਹਰਵਿੰਦਰ ਸਿੰਘ ਉਰਫ ਮੰਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਰਾਜੇਕੇ ਮਹਿਮਾਚੱਕ ਕਈ ਵਾਰਦਾਤਾਂ ਕਰਨ ਤੋਂ ਬਾਅਦ ਸੈਮੂਅਲ ਮਸੀਹ ਉਰਫ ਹੀਰਾ ਪੁੱਤਰ ਦੇਸਾ ਮਸੀਹ ਵਾਸੀ ਦੇਵੀਦਾਸਪੁਰ (ਧਾਰੀਵਾਲ) ਦੇ ਘਰ ਰਹਿੰਦੇ ਸਨ। ਇਸ ਕਾਰਣ ਪੁਲਸ ਨੇ ਜਾਂਚ ਉਪਰੰਤ ਸੈਮੂਅਲ ਮਸੀਹ ਖਿਲਾਫ ਥਾਣਾ ਧਾਰੀਵਾਲ ਅੰਦਰ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਇਸੇ ਤਰ੍ਹਾਂ ਉਕਤ ਦੋਸ਼ੀ ਨੇ ਰਿਮਾਂਡ ਦੌਰਾਨ ਇਹ ਵੀ ਦੱਸਿਆ ਕਿ ਵਾਰਦਾਤਾਂ ਕਰ ਕੇ ਉਹ ਅਤੇ ਬਦਮਾਸ਼ ਹਰਵਿੰਦਰ ਸਿੰਘ ਉਰਫ ਮੰਨੂੰ ਥਾਣਾ ਘੁੰਮਣ ਕਲਾਂ ਨਾਲ ਸਬੰਧਿਤ ਪਿੰਡ ਨਾਰਵਾਂ ਦੇ ਸੁਖਵਿੰਦਰ ਸਿੰਘ ਉਰਫ ਚਿੱਟਾ ਪੁੱਤਰ ਅਜੀਤ ਸਿੰਘ ਦੇ ਘਰ ਵੀ ਰਾਤਾਂ ਨੂੰ ਰਹਿੰਦੇ ਸਨ। ਇਸ ਕਾਰਣ ਪੁਲਸ ਨੇ ਘੁੰਮਣ ਕਲਾਂ ਥਾਣੇ ਅੰਦਰ ਸੁਖਵਿੰਦਰ ਸਿੰਘ ਉਰਫ ਚਿੱਟਾ ਪੁੱਤਰ ਅਜੀਤ ਸਿੰਘ ਵਾਸੀ ਨਾਰਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਕਤ ਦੋਸ਼ੀ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ।


Baljeet Kaur

Content Editor

Related News