ਜੀ. ਐੱਸ. ਟੀ. ਟੀਮਾਂ ਵੱਲੋਂ ਸ਼ਹਿਰ ਦੀਆਂ ਕਈ ਥਾਵਾਂ ’ਤੇ ਸਰਵੇ ਦੌਰਾਨ ਚੈਕਿੰਗ
Monday, Feb 10, 2025 - 05:50 PM (IST)
![ਜੀ. ਐੱਸ. ਟੀ. ਟੀਮਾਂ ਵੱਲੋਂ ਸ਼ਹਿਰ ਦੀਆਂ ਕਈ ਥਾਵਾਂ ’ਤੇ ਸਰਵੇ ਦੌਰਾਨ ਚੈਕਿੰਗ](https://static.jagbani.com/multimedia/2025_2image_17_50_424270292untitled123456789012345.jpg)
ਅੰਮ੍ਰਿਤਸਰ (ਇੰਦਰਜੀਤ)- ਜੀ. ਐੱਸ. ਟੀ. ਵਿਭਾਗ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੇ ਜਾ ਰਹੇ ਸਰਵੇ ਦੌਰਾਨ ਪਿਛਲੇ 20 ਦਿਨਾਂ ਦੇ ਅੰਦਰ ਨਗਰ ਭਰ ਦੀਆਂ ਲਗਭਗ 50 ਤੋਂ ਵੱਧ ਮਾਰਕੀਟਾਂ, ਵਪਾਰਕ ਸੰਸਥਾਨਾਂ, ਹੋਟਲ, ਢਾਬਿਆਂ, ਮਾਲ ਆਦਿ ’ਚ ਚੈਕਿੰਗ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਦੇ ਬਾਹਰੀ ਇਲਾਕਿਆਂ ’ਚ ਰਣਜੀਤ ਐਵੇਨਿਊ ਦਾ ਪੂਰਾ ਇਲਾਕਾ, ਜਿਸ ’ਚ ਏ. ਬੀ. ਸੀ. ਡੀ ਬਲਾਕ ਸ਼ਾਮਲ ਹਨ, ’ਚ ਸਰਵੇ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ-ਜਲੰਧਰ ਰਸਤੇ ’ਤੇ ਜੰਡਿਆਲਾ, ਮਾਨਾਂਵਾਲਾ, ਗੋਲਡਨ ਗੇਟ, ਨਿਊ-ਅੰਮ੍ਰਿਤਸਰ ਦੇ ਵੱਡੇ ਇਲਾਕੇ ਚੈੱਕ ਕੀਤੇ ਗਏ।
ਓਧਰ ਅੰਮ੍ਰਿਤਸਰ ਸਿਟੀ ਦੇ 12 ਗੇਟਾਂ ਦੇ ਬਾਹਰ ਸੁਲਤਾਨ ਵਿੰਡ ਰੋਡ, ਈਸਟ ਮੋਹਨ ਨਗਰ, 100 ਫੁੱਟੀ ਰੋਡ, ਘਿਓ ਮੰਡੀ, ਸ਼ੇਰਾਂ ਵਾਲਾ ਗੇਟ, ਰਾਮਬਾਗ ਦੇ ਖੇਤਰ, ਨੰਦਨ ਸਿਨੇਮਾ ਚੌਕ, ਹੁਸੈਨਪੁਰਾ ਚੌਕ, ਹਾਲ ਬਾਜ਼ਾਰ, ਕਟਰਾ ਹਰਿ ਸਿੰਘ, ਕਟਰਾ ਜੈਮਲ ਸਿੰਘ, ਕਟਰਾ ਅਹਲੂਵਾਲੀਆ, ਮੈਡੀਸਨ ਮਾਰਕੀਟ, ਗੋਲ ਹੱਟੀ ਚੌਕ, ਅੰਦਰੂਨੀ ਗੇਟ ਖਜ਼ਾਨਾ, ਗਿੱਲ ਵਾਲੀ ਗੇਟ, ਟਰਾਂਸਪੋਰਟ ਨਗਰ ਜਹਾਜ਼ਗੜ੍ਹ, ਪੁਤਲੀਘਰ, ਲਿੰਕ ਰੋਡ, ਲਿਬਰਟੀ ਮਾਰਕੀਟ, ਮਜੀਠਾ ਰੋਡ, ਬਟਾਲਾ ਰੋਡ, 88 ਫੁੱਟ ਰੋਡ ਸਮੇਤ ਅਨੇਕਾਂ ਇਲਾਕਿਆਂ ’ਚ ਦਬਿਸ਼ ਦਿੱਤੀ ਗਈ।
ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਅੰਮ੍ਰਿਤਸਰ ਰੇਂਜ ਮੈਡਮ ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ-1 ਮੈਡਮ ਪ੍ਰਗਤੀ ਸੇਠੀ ਦੀ ਨਿਗਰਾਨੀ ’ਚ ਸਟੇਟ ਟੈਕਸ ਅਧਿਕਾਰੀ (ਐੱਸ. ਟੀ. ਓ.) ਲਲਿਤ ਕੁਮਾਰ, ਐੱਸ. ਟੀ. ਓ. ਮੈਡਮ ਮੇਘਾ ਕਪੂਰ, ਐੱਸ. ਟੀ. ਓ. ਮੈਡਮ ਅੰਜਲੀ ਸੇਖੜੀ, ਲਖਬੀਰ ਸਿੰਘ, ਐੱਸ. ਟੀ. ਓ. ਮੈਡਮ ਨਰਿੰਦਰ ਪਾਲ ਕੌਰ, ਇੰਸਪੈਕਟਰ ਜੰਗ ਬਹਾਦੁਰ ਸਿੰਘ, ਇੰਸਪੈਕਟਰ ਸ਼ਮਸ਼ੇਰ ਸਿੰਘ, ਇੰਸਪੈਕਟਰ ਗੁਰਤੇਜ ਸਿੰਘ, ਇੰਸਪੈਕਟਰ ਸੁਨੀਲ ਲੂਥਰਾ, ਸੁਖਪ੍ਰੀਤ ਕੌਰ ਦੀ ਅਗਵਾਈ ’ਚ ਜੀ. ਐੱਸ. ਟੀ. ਦੀਆਂ ਟੀਮਾਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਐਕਟਿਵ ਰਹੀਆਂ।
ਇਸ ਲੰਬੀ ਮੁਹਿੰਮ ’ਚ ਜੀ. ਐੱਸ. ਟੀ. ਵਿਭਾਗ ਦਾ ਮੁੱਖ ਟੀਚਾ ਇਹ ਸੀ ਕਿ ਜਿਨ੍ਹਾਂ ਕੋਲ ਜੀ. ਐੱਸ. ਟੀ. ਨੰਬਰ ਨਹੀਂ ਹੈ ਅਤੇ ਉਹ ਲਗਾਤਾਰ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਰਜਿਸਟਰਡ ਕੀਤਾ ਜਾਵੇ। ਦੂਜੇ ਪਾਸੇ ਉਹ ਜੋ ਸਰਵਿਸ ਟੈਕਸ ਦੇ ਖੇਤਰ ’ਚ ਆਉਂਦੇ ਹਨ ਅਤੇ ਉਹ ਦੇ ਨਹੀਂ ਰਹੇ, ਉਨ੍ਹਾਂ ’ਤੇ ਪੂਰਾ ਫੋਕਸ ਰੱਖਿਆ ਜਾਵੇ। ਇਸ ਦੌਰਾਨ ਇਸ ਗੱਲ ਦਾ ਵੀ ਪਤਾ ਲੱਗਾ ਹੈ ਕਿ ਵੱਡੀ ਗਿਣਤੀ ’ਚ ਅਜਿਹੇ ਕਾਰੋਬਾਰੀ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਜੀ. ਐੱਸ. ਟੀ. ਦੇ ਅਦਾਰੇ ’ਚ ਆਉਂਦੇ ਹਨ ਜਾਂ ਨਹੀਂ? ਇਸ ਗੱਲ ਦੇ ਮੁਨਾਫੇ ਵੀ ਦੱਸੇ ਗਏ, ਜੋ ਜੀ. ਐੱਸ. ਟੀ. ’ਚ ਰਜਿਸਟਰਡ ਹੋਣ ਤੋਂ ਬਾਅਦ ਮਿਲਦੇ ਹਨ। ਸਰਵੇ ਦੌਰਾਨ ਕਈ ਅਜਿਹੇ ਸੰਸਥਾਨਾਂ ਦਾ ਪਤਾ ਵੀ ਲੱਗਾ ਹੈ, ਜਿਨ੍ਹਾਂ ਕੋਲ ਜੀ. ਐੱਸ. ਟੀ. ਨੰਬਰ ਨਹੀਂ ਹੈ ਅਤੇ ਉਹ ਜਲਦ ਜੀ. ਐੱਸ. ਟੀ. ’ਚ ਰਜਿਸਟਰਡ ਹੋਣਾ ਚਾਹੁੰਦੇ ਹਨ। ਓਧਰ ਇਸ ਸਰਵੇ ’ਚ ਵਿਭਾਗ ਨੂੰ ਕਾਰੋਬਾਰੀਆਂ ਅਤੇ ਵਪਾਰੀਆਂ ਦਾ ਪੂਰਾ-ਪੂਰਾ ਸਹਿਯੋਗ ਮਿਲਿਆ ਹੈ। ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸਰਵੇ ਡਰਾਈਵ ਨਾਲ ਆਉਣ ਵਾਲੇ ਸਮੇਂ ’ਚ ਇਸ ਜਾਗਰੂਕਤਾ ਦੇ ਨਤੀਜੇ ਚੰਗੇ ਨਿਕਲਣਗੇ।
ਕਈ ਥਾਈਂ ਲਾਏ ਗਏ ਹਨ ਜੀ. ਐੱਸ. ਟੀ. ਕੈਂਪ
ਇਸ ਦੌਰਾਨ ਵਿਭਾਗੀ ਅਧਿਕਾਰੀਆਂ ਵੱਲੋਂ ਵਪਾਰੀਆਂ ਦੀ ਸਮੂਹਿਕ ਹਾਜ਼ਰੀ ’ਚ ਜੀ. ਐੱਸ. ਟੀ. ਕੈਂਪ ਦੇ ਆਯੋਜਨ ਕੀਤੇ ਗਏ। ਇਨ੍ਹਾਂ ’ਚ ਵੱਡੀ ਗਿਣਤੀ ’ਚ ਕਾਰੋਬਾਰੀਆਂ ਨੂੰ ਇਕੱਠਾ ਕਰ ਕੇ ਜੀ. ਐੱਸ. ਟੀ. ਦੇ ਲਗਾਤਾਰ ਬਦਲ ਰਹੇ ਨਿਯਮਾਂ ਦੀ ਜਾਣਕਾਰੀ ਦਿੱਤੀ। ਓਧਰ ਇਸ ਦੌਰਾਨ ਵੱਡੀ ਗਿਣਤੀ ’ਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਜੀ. ਐੱਸ. ਟੀ. ਵਿਸ਼ੇਸ਼ ਕਰ ਕੇ ਸਰਵਿਸ ਟੈਕਸ ਦੇ ਬਾਰੇ ’ਚ ਕੁਝ ਨਹੀਂ ਪਤਾ ਸੀ। ਜ਼ਿਆਦਾਤਰ ਕਾਰੋਬਾਰੀ ਇਹ ਸਮਝਦੇ ਹਨ ਕਿ ਜੇਕਰ ਜੀ. ਐੱਸ. ਟੀ. ’ਚ ਟੈਕਸ ਦੇ ਕੇ ਸਾਮਾਨ ਖਰੀਦ ਕੇ ਵੇਚ ਦਿੱਤਾ ਹੈ ਤਾਂ ਹੁਣ ਉਹ ਫ੍ਰੀ ਹੋ ਚੁੱਕੇ ਹਨ ਪਰ ਉਸ ’ਚ ਸਰਵਿਸ ਟੈਕਸ ਕਿੰਨਾ ਜ਼ਿਆਦਾ ਵਧਿਆ ਹੈ, ਇਸ ਸਬੰਧੀ ਜੀ. ਐੱਸ. ਟੀ. ਦੇ ਕੈਂਪਾਂ ’ਚ ਵਿਸਥਾਰਤ ਜਾਣਕਾਰੀ ਦਿੱਤੀ ਗਈ ਸੀ। ਇਸ ’ਚ ਜ਼ਿਆਦਾਤਰ ਖਾਣ-ਪੀਣ ਦਾ ਸਾਮਾਨ ਤਿਆਰ ਕਰ ਕੇ ਵੇਚਣ ਵਾਲੇ, ਵਾਹਨਾਂ ਦੀ ਵਰਕਸ਼ਾਪ ਚਲਾਉਣ ਵਾਲੇ, ਢਾਬਾ, ਰੈਸਟੋਰੈਂਟ ਅਤੇ ਕੁਕਿੰਗ ਦਾ ਕੰਮ ਕਰਨ ਵਾਲੇ ਕੈਟਰਸ, ਬੁਟੀਕ, ਦਰਜੀ, ਬਿਊਟੀ ਪਾਰਲਰ, ਟਰਾਂਸਪੋਰਟਰ, ਪ੍ਰਾਈਵੇਟ ਕਮਰਸ਼ੀਅਲ ਵਾਹਨਾਂ ਦੇ ਮਾਲਕ ਆਦਿ ਸ਼ਾਮਿਲ ਹਨ, ਜੋ ਸਰਵਿਸ ਟੈਕਸ ਦੇ ਘੇਰੇ ’ਚ ਆਉਂਦੇ ਹਨ।
ਜੀ. ਐੱਸ. ਟੀ. ਭਰਨ ਨਾਲ ਬਣਦੀ ਹੈ ਸਮਾਜ ’ਚ ਹੋਂਦ : ਪ੍ਰਗਤੀ ਸੇਠੀ
ਸਹਾਇਕ ਕਮਿਸ਼ਨਰ ਅੰਮ੍ਰਿਤਸਰ-1 ਮੈਡਮ ਪ੍ਰਗਤੀ ਸੇਠੀ ਨੇ ਕਿਹਾ ਕਿ ਜੀ. ਐੱਸ. ਟੀ. ਦੇਣ ਅਤੇ ਇਸ ’ਚ ਰਜਿਸਟਰਡ ਹੋਣ ’ਤੇ ਕਾਰੋਬਾਰੀ ਦੀ ਸਮਾਜ ’ਚ ਵੀ ਹੋਂਦ ਬਣਦੀ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਕਿਸੇ ਚੀਜ਼ ’ਤੇ ਲੋਨ ਲੈਣਾ ਹੈ ਤਾਂ ਕਰਦਾਤਾ ਨੂੰ ਪਹਿਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਰੋਬਾਰੀ ਬਿਨਾਂ ਜੀ. ਐੱਸ. ਟੀ. ਦੇ ਰਜਿਸਟਰਡ ਹੋਏ ਅੱਗੇ ਨਹੀਂ ਵਧ ਸਕਦਾ। ਇਸ ’ਚ ਕਾਰੋਬਾਰੀ ਬੇਫਿਕਰ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਦੁਬਿਦਾ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਆਪਣੇ ਕਾਰੋਬਾਰ ’ਚ ਮਾਲ ਦਾ ਸਟਾਕ ਪੂਰੀ ਗਿਣਤੀ ’ਚ ਹੁੰਦਾ ਹੈ, ਉਸ ਦੇ ਸੰਸਥਾਨ ’ਚ ਚੋਰੀ ਵੀ ਨਹੀਂ ਹੋ ਸਕਦੀ ਅਤੇ ਇਹ ਸਭ ਜੀ. ਐੱਸ. ਟੀ. ਨੰਬਰ ਲੈਣ ਦੇ ਬਿਨਾਂ ਸੰਭਵ ਨਹੀਂ ਹੋ ਸਕਦਾ।
ਵਪਾਰੀ ਈਮਾਨਦਾਰੀ ਨਾਲ ਟੈਕਸ ਦੇਣ : ਰਾਜਵਿੰਦਰ ਕੌਰ
ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਅੰਮ੍ਰਿਤਸਰ ਰੇਂਜ ਮੈਡਮ ਰਾਜਵਿੰਦਰ ਕੌਰ ਨੇ ਕਿਹਾ ਕਿ ਵਪਾਰੀਆਂ ’ਚ ਜਾਗਰੂਕਤਾ ਆਉਣ ਲੱਗੀ ਹੈ। ਆਉਣ ਵਾਲੇ ਸਮੇਂ ’ਚ ਕਈ ਹੋਰ ਸਥਾਨਾਂ ’ਤੇ ਹੋਰ ਵੀ ਜੀ. ਐੱਸ. ਟੀ. ਕੈਂਪ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਵਪਾਰੀਆਂ ਤੋਂ ਮਿਲੇ ਮਾਲੀਆ ਕਾਰਨ ਦੇਸ਼ ’ਚ ਵਿਕਾਸ ਕਾਰਜ ਹੁੰਦੇ ਹਨ। ਇਸ ਲਈ ਵਪਾਰੀ ਈਮਾਨਦਾਰੀ ਨਾਲ ਟੈਕਸ ਦੇਣ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨੀ ਨਹੀਂ ਹੋਵੇਗੀ। ਇਸ ਦੀ ਜਾਣਕਾਰੀ ਹੇਤੂ ਉਹ ਅੰਮ੍ਰਿਤਸਰ ਦੇ ਜੀ. ਐੱਸ. ਟੀ. ਮੁੱਖ ਦਫਤਰ ’ਚ ਕਿਸੇ ਵੀ ਅਧਿਕਾਰੀ ਦੀ ਮਦਦ ਲੈ ਸਕਦੇ ਹਨ। ਅਧਿਕਾਰੀ ਨੇ ਕਿਹਾ ਕਿ ਇਸ ਲਈ ਆਮ ਜਨਤਾ ਨੂੰ ਵੀ ਜਾਗ੍ਰਿਤ ਹੋਣ ਦੀ ਲੋੜ ਹੈ ਕਿ ਉਹ ਕਿਸੇ ਵੀ ਸਾਮਾਨ ਦੀ ਖਰੀਦ ਕਰਨ ਦੇ ਨਾਲ ਉਸ ਦਾ ਬਿੱਲ ਵੀ ਲੈਣ। ਜੇਕਰ ਕੋਈ ਕਾਰੋਬਾਰੀ ਵੇਚੇ ਗਏ ਸਾਮਾਨ ਦਾ ਬਿੱਲ ਨਹੀਂ ਦਿੰਦਾ ਤਾਂ ਉਹ ਵਿਭਾਗ ਨੂੰ ਸੂਚਿਤ ਕਰਨ, ਕਾਰਵਾਈ ਹੋਵੇਗੀ।