ਓੜੀਸਾ ਸਰਕਾਰ ਸਿੱਖ ਯਾਦਗਾਰਾਂ ਨੂੰ ਸੁਰੱਖਿਅਤ ਰੱਖਣ ਲਈ ਸੰਜੀਦਾ ਹੋਵੇ : ਭਾਈ ਲੌਂਗੋਵਾਲ

11/20/2019 1:28:59 AM

ਅੰਮ੍ਰਿਤਸਰ,(ਦੀਪਕ): ਓੜੀਸਾ ਦੇ ਜਗਨਨਾਥ ਪੁਰੀ 'ਚ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਇਤਿਹਾਸਕ ਅਸਥਾਨਾਂ ਦੀ ਸੁਰੱਖਿਆ ਲਈ ਓਡਿਸ਼ਾ ਸਰਕਾਰ ਨੂੰ ਸੰਜੀਦਾ ਭੂਮਿਕਾ ਨਿਭਾਉਣੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਵਿਕਾਸ ਦੇ ਨਾਂ 'ਤੇ ਕਿਸੇ ਵੀ ਇਤਿਹਾਸਕ ਯਾਦਗਾਰ ਨੂੰ ਨੁਕਸਾਨ ਨਾ ਪਹੁੰਚੇ। ਪੁਰੀ ਸਥਿਤ ਮੰਗੂ ਮੱਠ ਅਤੇ ਪੰਜਾਬੀ ਮੱਠ ਨੂੰ ਢਾਹੁਣ ਦਾ ਖਦਸ਼ਾ ਮੁੜ ਪ੍ਰਗਟ ਹੋਣ ਦੀਆਂ ਮੀਡੀਆ ਰਿਪੋਰਟਾਂ ਮਗਰੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਪ੍ਰਗਟਾਵਾ ਕੀਤਾ। ਇਥੋਂ ਜਾਰੀ ਪ੍ਰੈੱਸ ਬਿਆਨ 'ਚ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ 'ਚ ਪਹਿਲਾਂ ਵੀ ਓਡਿਸ਼ਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੱਕ ਪਹੁੰਚ ਕਰ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ ਸਰਕਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਜਗਨਨਾਥ ਪੁਰੀ 'ਚ ਪਹਿਲੇ ਪਾਤਸ਼ਾਹ ਦੀਆਂ ਯਾਦਗਾਰਾਂ ਢਾਹੁਣ ਦਾ ਖਦਸ਼ਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼-ਦੁਨੀਆ ਵਿਚ ਧਰਮ ਪ੍ਰਚਾਰ ਯਾਤਰਾਵਾਂ ਕੀਤੀਆਂ ਅਤੇ ਉਹ ਜਿਥੇ-ਜਿਥੇ ਵੀ ਗਏ, ਉਥੇ-ਉਥੇ ਹੀ ਗੁਰੂ ਸਾਹਿਬ ਦੀਆਂ ਪਾਵਨ ਯਾਦਗਾਰਾਂ ਸਦੀਆਂ ਤੋਂ ਸੁਸ਼ੋਭਿਤ ਹਨ। ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨਾਲ ਸਬੰਧਤ ਯਾਦਗਾਰਾਂ ਨੂੰ ਢਾਹੁਣ ਦੇ ਖਦਸ਼ੇ ਦੀਆਂ ਖਬਰਾਂ ਦੁਖਦਾਈ ਹਨ।

ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰੂ ਸਾਹਿਬ ਨੇ ਜਗਨਨਾਥ ਪੁਰੀ ਦੀ ਯਾਤਰਾ ਉਥੋਂ ਦੇ ਵਸਨੀਕਾਂ ਦੇ ਜੀਵਨ ਸੁਧਾਰ ਲਈ ਕੀਤੀ ਸੀ। ਇਸ ਲਈ ਸਥਾਨਕ ਸਰਕਾਰ ਅਤੇ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਇਤਿਹਾਸਕ ਯਾਦਗਾਰਾਂ ਦੀ ਸਾਂਭ-ਸੰਭਾਲ ਕਰਨ। ਵਾਰ-ਵਾਰ ਯਾਦਗਾਰਾਂ ਢਾਹੁਣ ਦੀਆਂ ਖਬਰਾਂ ਸਰਕਾਰ ਦੀ ਇੱਛਾ 'ਤੇ ਸ਼ੱਕ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਾ ਬਾਉਲੀ ਮੱਠ ਸਾਹਿਬ ਦੇ ਵਿਕਾਸ ਅਤੇ ਸੇਵਾ ਸਬੰਧੀ ਸ਼੍ਰੋਮਣੀ ਕਮੇਟੀ ਦੀ ਰਾਇ ਅਨੁਸਾਰ ਕਾਰਜ ਕਰਨ ਦਾ ਭਰੋਸਾ ਦਿੱਤਾ ਜਾ ਚੁੱਕਾ ਹੈ, ਦੂਜੇ ਪਾਸੇ ਮੰਗੂ ਮੱਠ ਅਤੇ ਪੰਜਾਬੀ ਮੱਠ ਨੂੰ ਢਾਹੁਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ 'ਚ ਓਡਿਸ਼ਾ ਸਰਕਾਰ ਤੇ ਪ੍ਰਸ਼ਾਸਨ ਨੂੰ ਸਿੱਖ ਯਾਦਗਾਰਾਂ ਜਬਰੀ ਢਾਹੁਣ ਦੀ ਕਾਰਵਾਈ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

 


Related News