ਬੈਂਗਲੁਰੂ ਤੋਂ ਅੰਮ੍ਰਿਤਸਰ ਆਏ ਯਾਤਰੀ ਤੋਂ 50 ਲੱਖ ਦਾ ਸੋਨਾ ਬਰਾਮਦ
Friday, Mar 15, 2019 - 10:54 PM (IST)
ਅੰਮ੍ਰਿਤਸਰ, (ਨੀਰਜ) : ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਟੀਮ ਨੇ ਅਸਿਸਟੈਂਟ ਕਮਿਸ਼ਨਰ ਅਕਸ਼ਤ ਜੈਨ ਦੀ ਅਗਵਾਈ 'ਚ ਬੈਂਗਲੁਰੂ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਤੋਂ 1.492 ਕਿਲੋ ਸੋਨਾ ਜ਼ਬਤ ਕੀਤਾ ਹੈ। ਜਿਸ ਦੀ ਅੰਤਰਰਾਸ਼ਟਰੀ ਮਾਰਕੀਟ 'ਚ ਕੀਮਤ 50 ਲੱਖ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ। ਸਾਰਾ ਸੋਨਾ 24 ਕੈਰੇਟ ਦਾ ਹੈ।
ਜਾਣਕਾਰੀ ਮੁਤਾਬਕ ਇਸ ਮਾਮਲੇ 'ਚ ਜੋ ਅਹਿਮ ਖੁਲਾਸਾ ਹੋਇਆ ਹੈ। ਉਹ ਇਹ ਹੈ ਕਿ ਇਸ ਸੋਨੇ ਦੀ ਖੇਪ ਨੂੰ ਸਮੱਗਲਰਾਂ ਨੇ ਜਹਾਜ਼ ਦੀ ਯਾਤਰੀ ਸੀਟ ਹੇਠਾਂ ਲੁਕਾਇਆ ਹੋਇਆ ਸੀ ਅਤੇ ਅੰਮ੍ਰਿਤਸਰ ਆਉਣ ਤੋਂ ਬਾਅਦ ਫੜਿਆ ਗਿਆ ਸੋਨਾ ਸਮੱਗਲਰ ਆਪਣੀਆਂ ਜੁੱਤੀਆਂ 'ਚ ਇਸ ਖੇਪ ਨੂੰ ਲੁਕਾ ਕੇ ਕਸਟਮ ਵਿਭਾਗ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਭਾਗ ਦੇ ਸ਼ਿਕੰਜੇ 'ਚ ਫਸ ਗਿਆ। ਇਹ ਸੋਨਾ ਜਹਾਜ਼ ਦੇ ਅੰਦਰ ਯਾਤਰੀ ਸੀਟ ਹੇਠਾਂ ਕਿਵੇਂ ਪਹੁੰਚ ਗਿਆ, ਇਹ ਵੀ ਇਕ ਵੱਡਾ ਸਵਾਲ ਹੈ, ਜਿਸ ਦੀ ਜਾਂਚ ਕਸਟਮ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਬੈਂਗਲੁਰੂ ਤੋਂ ਜੋ ਜਹਾਜ਼ ਅੰਮ੍ਰਿਤਸਰ ਆਇਆ ਹੈ, ਉਹ ਇਸ ਤੋਂ ਪਹਿਲਾਂ ਗੋਆ ਪੁੱਜਾ ਸੀ। ਆਮ ਤੌਰ 'ਤੇ ਯਾਤਰੀ ਜਹਾਜ਼ ਦੇ ਅੰਦਰ ਦੁਬਈ ਤੇ ਹੋਰ ਅਰਬ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਦੇ ਅੰਦਰੋਂ ਹੀ ਇੰਨੀ ਭਾਰੀ ਮਾਤਰਾ 'ਚ ਸੋਨੇ ਦੀ ਖੇਪ ਫੜੀ ਜਾਂਦੀ ਰਹੀ ਹੈ। ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਸੋਨਾ ਸਮੱਗਲਿੰਗ ਦੇ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪਹਿਲੂ ਨੂੰ ਖੰਗਾਲਿਆ ਜਾ ਰਿਹਾ ਹੈ।