ਆੜ੍ਹਤੀ ਦੇ ਘਰ ਅੱਗੇ ਗੋਲੀਆਂ ਚਲਾਉਣ ਦਾ ਮਾਮਲਾ, ਗੈਂਗਸਟਰ ਲਖਬੀਰ ਲੰਡਾ ਤੇ ਸਤਨਾਮ ਸੱਤਾ ਦੇ 2 ਗੁਰਗੇ ਗ੍ਰਿਫ਼ਤਾਰ

Tuesday, May 02, 2023 - 02:39 PM (IST)

ਅੰਮ੍ਰਿਤਸਰ (ਅਰੁਣ)- ਬੀਤੀ 22 ਅਪ੍ਰੈਲ ਦੀ ਰਾਤ ਕਰੀਬ 9 ਵਜੇ ਨਰਾਇਣਗੜ੍ਹ ਵਾਸੀ ਹਰਮਿੰਦਰ ਸਿੰਘ ਆੜ੍ਹਤੀ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਦੌੜੇ ਤਿੰਨ ਨੌਜਵਾਨਾਂ ਵਿਚੋਂ ਦੋ ਮੁਲਜ਼ਮਾਂ ਨੂੰ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਕਾਬੂ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮ ਜੋਬਨਜੀਤ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਕਲੋਵਾਲੀ ਲੋਪੋਕੇ ਅਤੇ ਜੋਗਿੰਦਰ ਸਿੰਘ ਰਿੰਕੂ ਪੁੱਤਰ ਸਤਿੰਦਰ ਸਿੰਘ ਵਾਸੀ ਨੇੜੇ ਗੁਰੂ ਅਮਰਦਾਸ ਕਾਲੋਨੀ ਨਰਾਇਣਗੜ੍ਹ ਛੇਹਰਟਾ ਕੋਲੋਂ ਇਕ ਲੱਖ 2 ਹਜ਼ਾਰ ਨਕਦ ਭਾਰਤੀ ਕਰੰਸੀ, 5 ਮੋਬਾਇਲ ਫੋਨ ਅਤੇ ਇਕ ਐਕਟਿਵਾ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ- ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ 'ਤੇ ਵਰ੍ਹੇ CM ਮਾਨ, ਕਹੀ ਇਹ ਗੱਲ

ਪ੍ਰੈੱਸ ਮਿਲਣੀ ਦੌਰਾਨ ਏ. ਡੀ. ਸੀ. ਪੀ.-3 ਅਭਿਮੰਨਿਊ ਰਾਣਾ ਨੇ ਦੱਸਿਆ ਕਿ ਆੜ੍ਹਤੀ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸੀ. ਆਈ. ਏ. ਸਟਾਫ਼ ਦੀ ਟੀਮ ਵਲੋਂ ਯੋਜਨਾਬੰਧ ਤਰੀਕੇ ਨਾਲ ਇਸ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਜੋਬਨਜੀਤ ਸਿੰਘ ਨੂੰ ਇਕ ਬਿਨ੍ਹਾਂ ਨੰਬਰੀ ਐਕਟਿਵਾ ਸਮੇਤ ਗ੍ਰਿਫ਼ਤਾਰ ਕਰਨ ਮਗਰੋਂ ਉਸ ਵੱਲੋਂ ਉਸ ਦੇ ਦੂਸਰੇ ਸਾਥੀ ਜੋਗਿੰਦਰ ਸਿੰਘ ਰਿੰਕੂ ਨੂੰ ਪੁਲਸ ਪਾਰਟੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ-  ਨਹਿਰ ’ਚ ਕਾਰ ਡਿੱਗਣ ਕਾਰਨ ਰੁੜ੍ਹੇ 3 ਬੈਂਕ ਮੁਲਾਜ਼ਮਾਂ ਦੀਆਂ ਮ੍ਰਿਤਕ ਦੇਹਾਂ ਬਰਾਮ

ਮੁੱਢਲੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਏ. ਡੀ. ਸੀ. ਪੀ. ਅਭਿਮੰਨਿਊ ਰਾਣਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਵਲੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ ਹਾਲ ਵਿਦੇਸ਼ ਅਤੇ ਰਵੀਸ਼ੇਰ ਸਿੰਘ ਵਾਸੀ ਪੁਰਤਗਾਲ ਦੇ ਕਹਿਣ ’ਤੇ ਆੜ੍ਹਤੀ ਹਰਮਿੰਦਰ ਸਿੰਘ ਦੇ ਘਰ ਦੇ ਬਾਹਰ ਖੜ੍ਹੀ ਕਾਰ ਉਪਰ ਸਤਨਾਮ ਸਿੰਘ ਸੱਤਾ ਅਤੇ 2 ਹੋਰ ਸਾਥੀਆਂ ਨਾਲ ਮਿਲ ਕੇ ਗੋਲੀਆਂ ਚਲਾਈਆਂ ਸਨ। ਪੁਲਸ ਵਲੋਂ ਮੁਲਜ਼ਮ ਰਵੀਸ਼ੇਰ ਸਿੰਘ ਪੁੱਤਰ ਧੀਰ ਸਿੰਘ ਵਾਸੀ ਗਰੀਨ ਸਿਟੀ ਕਾਲੋਨੀ ਨਰਾਇਣਗੜ੍ਹ, ਲਖਬੀਰ ਸਿੰਘ ਲੰਡਾ ਪੁੱਤਰ ਨਰੰਜਣ ਸਿੰਘ ਵਾਸੀ ਹਰੀਕੇ ਹਾਲ ਵਿਦੇਸ਼ ਅਤੇ ਸਤਨਾਮ ਸਿੰਘ ਸੱਤਾ ਪੁੱਤਰ ਜਸਵੰਤ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਡੀ. ਸੀ. ਪੀ ਰਾਣਾ ਨੇ ਦੱਸਿਆ ਕਿ ਪੁਲਸ ਰਿਮਾਂਡ ਹਾਸਲ ਕਰ ਕੇ ਇਨ੍ਹਾਂ ਗ੍ਰਿਫ਼ਤਾਰ ਮੁਲਜ਼ਮਾਂ ਕੋਲੋ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਨਾਮਜ਼ਦ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ- 15 ਮਹੀਨਿਆਂ 'ਚ ਲੁਧਿਆਣਾ ਦੇ 50 ਪੁਲਸ ਮੁਲਾਜ਼ਮਾਂ ਦੀ ਮੌਤ, ਕਾਰਨ ਜਾਣ ਹੋਵੋਗੇ ਹੈਰਾਨ

ਆੜ੍ਹਤੀ ਨੂੰ ਫਿਰੌਤੀ ਲਈ ਧਮਕਾਉਂਦਾ ਸੀ ਸਤਨਾਮ ਸੱਤਾ 

ਆੜ੍ਹਤੀ ਹਰਮਿੰਦਰ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਗੈਂਗਸਟਰ ਖੁਦ ਨੂੰ ਸਤਨਾਮ ਸੱਤਾ ਦੱਸ ਕੇ ਉਸ ਕੋਲੋਂ ਫੋਨ ਉਪਰ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਉਸ ਵੱਲੋਂ ਮਨ੍ਹਾ ਕਰਨ ’ਤੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਵਾਰਦਾਤ ਵਾਪਰੀ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News