ਗੈਂਗਸਟਰ ਹੈਰੀ ਚੱਠਾ ਦੇ ਜਬਰੀ ਵਸੂਲੀ ਰੈਕਿਟ ਦਾ ਪਰਦਾਫਾਸ਼, ਗਿਰੋਹ ਦੇ ਮੁੱਖ ਸਹਿਯੋਗੀ ਸਮੇਤ ਸੱਤ ਵਿਅਕਤੀ ਕਾਬੂ

Sunday, Nov 05, 2023 - 11:06 AM (IST)

ਗੈਂਗਸਟਰ ਹੈਰੀ ਚੱਠਾ ਦੇ ਜਬਰੀ ਵਸੂਲੀ ਰੈਕਿਟ ਦਾ ਪਰਦਾਫਾਸ਼, ਗਿਰੋਹ ਦੇ ਮੁੱਖ ਸਹਿਯੋਗੀ ਸਮੇਤ ਸੱਤ ਵਿਅਕਤੀ ਕਾਬੂ

ਬਟਾਲਾ/ਚੰਡੀਗੜ੍ਹ/ਜਲੰਧਰ (ਬੇਰੀ, ਰਮਨਜੀਤ ਸਿੰਘ, ਧਵਨ)- ਪੰਜਾਬ ਪੁਲਸ ਨੇ ਗੈਂਗਸਟਰ ਹੈਰੀ ਚੱਠਾ ਵਲੋਂ ਚਲਾਏ ਜਾ ਰਹੇ ਜਬਰੀ ਵਸੂਲੀ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁੱਖ ਕਾਰਕੁੰਨ ਨਵਨੀਤ ਸਿੰਘ ਉਰਫ਼ ਨਵ ਵਾਸੀ ਬਟਾਲਾ ਨੂੰ ਇਕ ਸੰਖੇਪ ਪੁਲਸ ਬਾਅਦ ਕਾਬੂ ਕਰ ਲਿਆ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਬਟਾਲਾ ਦੇ ਪਿੰਡ ਬਲਪੁਰੀਆਂ ਨੇੜੇ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਉਕਤ ਗ੍ਰਿਫ਼ਤਾਰੀ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ ਵਿਚ ਸਿੱਧੇ ਤੌਰ ’ਤੇ ਸ਼ਾਮਲ ਤਿੰਨ ਹੋਰ ਵਿਅਕਤੀਆਂ, ਜਿਨ੍ਹਾਂ ਦੀ ਸ਼ਨਾਖਤ ਗਗਨਦੀਪ ਸਿੰਘ ਉਰਫ਼ ਕਾਲਾ ਵਾਸੀ ਪਿੰਡ ਬੱਲ, ਬਲਰਾਜ ਸਿੰਘ ਉਰਫ਼ ਬਾਜ਼ ਵਾਸੀ ਪਿੰਡ ਅਮਰਗੜ੍ਹ ਸ਼ਾਹਪੁਰ, ਗੁਰਦਾਸਪੁਰ ਅਤੇ ਪਿੰਡ ਉਮਰਵਾਲ ਦੇ ਪ੍ਰੇਮ ਕੁਮਾਰ ਉਰਫ਼ ਘੁੱਲਾ ਵਜੋਂ ਕੀਤੀ ਹੈ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਲਾਜਿਸਟਿਕ ਸਬੰਧੀ ਸਹਾਇਤਾ ਦੇਣ ਲਈ ਗ੍ਰਿਫ਼ਤਾਰ ਕੀਤੇ ਗਏ ਤਿੰਨ ਹੋਰ ਮੁਲਜ਼ਮ, ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੁਖਰਾਜ ਸਿੰਘ ਵਾਸੀ ਪਿੰਡ ਲਖਨਪਾਲ ਗੁਰਦਾਸਪੁਰ ਅਤੇ ਦਰਸ਼ਨ ਸਿੰਘ ਉਰਫ਼ ਦਰਸ਼ੀ ਵਾਸੀ ਸੁਧਾਰ, ਜਗਰਾਓਂ ਹੈ, ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ।

 ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ

ਪੁਲਸ ਟੀਮਾਂ ਨੇ ਉਕਤਾਂ ਕੋਲੋਂ ਚਾਰ ਪਿਸਤੌਲਾਂ-ਜਿਨ੍ਹਾਂ ਵਿਚੋਂ ਇਕ 9 ਐੱਮ.ਐੱਮ. ਗਲੌਕ ਪਿਸਤੌਲ ਅਤੇ ਤਿੰਨ ਦੇਸੀ ਪਿਸਤੌਲ ਸਮੇਤ ਜ਼ਿੰਦਾ ਕਾਰਤੂਸ, ਅਪਰਾਧ ਵਿਚ ਵਰਤੇ ਗਏ ਦੋ ਮੋਟਰਸਾਈਕਲ ਅਤੇ ਇਕ ਹੁੰਡਈ ਆਈ-20 ਕਾਰ ਵੀ ਬਰਾਮਦ ਕੀਤੀ ਹੈ।

PunjabKesari

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਹਾਲ ਹੀ ਵਿਚ ਬਟਾਲਾ ਵਿਚ ਜਬਰਨ ਵਸੂਲੀ ਦੇ ਦੋ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਹੈਰੀ ਚੱਠਾ ਗਿਰੋਹ ਦੇ ਮੈਂਬਰਾਂ ਨੇ 28 ਅਕਤੂਬਰ ਨੂੰ ਇਕ ਟਰੈਵਲ ਏਜੰਟ ਦੀ ਦੁਕਾਨ ਦੇ ਬਾਹਰ ਅਤੇ 7 ਅਕਤੂਬਰ ਨੂੰ ਇਕ ਸਥਾਨਕ ਵਪਾਰੀ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ, ਕਿਉਂਕਿ ਕਿ ਪੀੜਤਾਂ ਵਲੋਂ ਜਬਰਨ ਵਸੂਲੀ ਲਈ ਮੰਗੇ ਜਾ ਰਹੀ ਰਕਮ ਉਪਲਬਧ ਨਹੀਂ ਕਰਵਾਈ ਗਈ ਸੀ।

 ਇਹ ਵੀ ਪੜ੍ਹੋ- ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲੰਗਰ 'ਚ ਬਣਨਗੀਆਂ ਭਾਰਤੀ ਸਬਜ਼ੀਆਂ, ਕੇਂਦਰ ਦੀ ਵੱਡੀ ਪਹਿਲਕਦਮੀ

ਭਰੋਸੇਮੰਦ ਸੂਤਰਾਂ ਤੋਂ ਪ੍ਰਾਪਤ ਪੁਖਤਾ ਇਤਲਾਹ ਦੇ ਆਧਾਰ ’ਤੇ ਜਦੋਂ ਬਟਾਲਾ ਪੁਲਸ ਨੇ ਆਈ-20 ਕਾਰ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਕਾਰ ਚਲਾ ਰਹੇ ਮੁਲਜ਼ਮ ਨਵਨੀਤ ਸਿੰਘ ਨੇ ਪੁਲਸ ਪਾਰਟੀ ’ਤੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਇਸ ’ਤੇ ਪੁਲਸ ਟੀਮਾਂ ਨੇ ਵੀ ਆਪਣੇ ਬਚਾਅ ਵਿਚ ਜਵਾਬੀ ਫ਼ਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਨਵਨੀਤ ਦੀ ਲੱਤ ਵਿਚ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਵਨੀਤ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 ਇਹ ਵੀ ਪੜ੍ਹੋ-  ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 22 ਸਾਲਾ ਨੌਜਵਾਨ ਦੀ ਮੌਕੇ 'ਤੇ ਮੌਤ

ਬਟਾਲਾ ਦੇ ਐੱਸ.ਐੱਸ.ਪੀ. ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਤਕਨੀਕੀ ਜਾਣਕਾਰੀ ਉਪਰੰਤ, ਪੁਲਸ ਟੀਮਾਂ ਨੇ ਇਸ ਮਾਡਿਊਲ ਦੇ ਤਿੰਨ ਹੋਰ ਵਿਅਕਤੀਆਂ, ਜੋ ਗੋਲੀਬਾਰੀ ਨੂੰ ਅੰਜਾਮ ਦੇਣ ਵਿਚ ਸਿੱਧੇ ਤੌਰ ’ਤੇ ਸ਼ਾਮਲ ਹਨ, ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਹੋਰ ਪੁੱਛਗਿੱਛ ਜਾਰੀ ਹੈ ਅਤੇ ਜਲਦ ਹੀ ਹੋਰ ਗ੍ਰਿਫ਼ਤਾਰੀਆਂ ਦੀ ਵੀ ਆਸ ਹੈ। ਇਸ ਸਬੰਧੀ ਥਾਣਾ ਸਦਰ ਬਟਾਲਾ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307, 353 ਅਤੇ 186 ਅਤੇ ਅਸਲਾ ਐਕਟ ਦੀ ਧਾਰਾ 25 ਅਧੀਨ ਨਵਾਂ ਕੇਸ ਐੱਫ਼. ਆਈ. ਆਰ. ਨੰਬਰ 127 ਮਿਤੀ 3/11/2023 ਨੂੰ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News