ਜੇਲ੍ਹ ’ਚ ਬੰਦ ਗੈਂਗਸਟਰ ਦੇ ਭਰਾ ਸਮੇਤ 3 ਵਿਰੁੱਧ ਕੇਸ ਦਰਜ, 2 ਕਾਬੂ

Friday, Dec 13, 2024 - 01:52 PM (IST)

ਜੇਲ੍ਹ ’ਚ ਬੰਦ ਗੈਂਗਸਟਰ ਦੇ ਭਰਾ ਸਮੇਤ 3 ਵਿਰੁੱਧ ਕੇਸ ਦਰਜ, 2 ਕਾਬੂ

ਬਟਾਲਾ (ਸਾਹਿਲ) : ਜੇਲ੍ਹ ’ਚ ਬੰਦ ਗੈਂਗਸਟਰ ਦੇ ਭਰਾ ਸਮੇਤ 3 ਜਣਿਆਂ ਵਿਰੁੱਧ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ ਕੇਸ ਦਰਜ ਕਰਦਿਆਂ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਸਤਪਾਲ ਸਿੰਘ ਨੇ ਦੱਸਿਆ ਕਿ ਉਸ ਪੁਲਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਦੌਰਾਨ ਕਾਹਲਾਂਵਾਲੀ ਚੌਕ ਵਿਖੇ ਮੌਜੂਦ ਸੀ ਕਿ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਉਮਰਪੁਰਾ, ਥਾਣਾ ਮਜੀਠਾ ਦਾ ਭਰਾ ਹਰਮਨਪ੍ਰੀਤ ਸਿੰਘ ਉਰਫ ਹਰਮਨ ਭੁੱਲਰ ਇਕ ਨਾਮੀ ਗੈਂਗਸਟਰ ਹੈ, ਜਿਸ ’ਤੇ ਕਰੀਬ 20 ਮੁਕੱਦਮੇ ਦਰਜ ਹਨ ਅਤੇ ਹਰਪ੍ਰੀਤ ਸਿੰਘ ਕੋਲ ਇਕ ਮੋਬਾਈਲ ਫੋਨ ਹੈ, ਜਿਸਦੀ ਵਰਤੋਂ ਕਰਕੇ ਉਹ ਜੇਲ੍ਹ ਵਿਚ ਬੰਦ ਆਪਣੇ ਉਕਤ ਭਰਾ ਨਾਲ ਗੱਲ ਕਰਦਾ ਹੈ ਅਤੇ ਫਿਰ ਗੈਰ-ਕਾਨੂੰਨੀ ਕੰਮਾਂ ਲਈ ਇਸ ਸਿਮ ਦੀ ਵਰਤੋਂ ਕਰਦਾ ਹੈ। 

ਐੱਸ.ਐੱਚ.ਓ ਨੇ ਅੱਗੇ ਦੱਸਿਆ ਕਿ ਗੁਪਤਚਰ ਨੇ ਇਹ ਵੀ ਆਖਿਆ ਕਿ ਇਹ ਮੋਬਾਈਲ ਸਿਮ ਪਰਗਟ ਮਸੀਹ ਵਾਸੀ ਪਿੰਡ ਰਾਏਮੱਲ ਥਾਣਾ ਕੋਟਲੀ ਸੂਰਤ ਮੱਲ੍ਹੀਆਂ ਨੇ ਖਰੀਦ ਕਰਕੇ ਆਪਣੇ ਦੋਸਤ ਪ੍ਰਵੀਨ ਕੁਮਾਰ ਵਾਸੀ ਪਿੰਡ ਰਾਊਵਾਲ, ਥਾਣਾ ਕੋਟਲੀ ਸੂਰਤ ਮੱਲ੍ਹੀਆਂ ਰਾਹੀਂ ਹਰਪ੍ਰੀਤ ਸਿੰਘ ਪਹੁੰਚਾਈ ਹੈ। ਐੱਸ.ਐੱਚ.ਓ ਸਤਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਰ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਕਤ ਤਿੰਨਾਂ ਨੌਜਵਾਨਾਂ ਖਿਲਾਫ ਥਾਣਾ ਡੇਰਾ ਬਾਬਾ ਨਾਨਕ ਵਿਖੇ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਉਪਰੰਤ ਉਕਤਾਨ ਵਿਚੋਂ ਦੋ ਜਣਿਆਂ ਪ੍ਰਵੀਨ ਕੁਮਾਰ ਤੇ ਹਰਪ੍ਰੀਤ ਸਿੰਘ ਹੈਪੀ ਨੂੰ ਗ੍ਰਿਫਤਾਰ ਕਰਕੇ ਇਕ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ।


author

Gurminder Singh

Content Editor

Related News