ਪੰਜਾਬ 'ਚ ਮੁਫ਼ਤ ਟੋਲ ਦੀ ਸਹੂਲਤ ਖਤਮ, ਨਵੇਂ ਨਿਯਮਾਂ ਨੇ ਖੜ੍ਹਾ ਕੀਤਾ ਵਿਵਾਦ
Tuesday, Jun 10, 2025 - 01:11 PM (IST)

ਤਰਨਤਾਰਨ (ਰਮਨ)- ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 54 ਉਪਰ ਪਿੰਡ ਉਸਮਾ ਵਿਖੇ ਮੌਜੂਦ ਟੋਲ ਪਲਾਜ਼ਾ ਲਈ ਬੰਦ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਕੰਪਨੀ ਵੱਲੋਂ ਹੁਣ ਇਸ 20 ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਜਾਂ ਤਾਂ ਟੋਲ ਦੇਣਾ ਹੋਵੇਗਾ ਅਤੇ ਜਾਂ ਫਿਰ ਉਨ੍ਹਾਂ ਨੂੰ ਮੰਥਲੀ ਪਾਸ ਬਣਵਾਉਣਾ ਹੋਵੇਗਾ। ਜ਼ਿਕਰਯੋਗ ਹੈ ਕਿ ਸੋਮਵਾਰ ਸਵੇਰੇ ਟੋਲ ਪਲਾਜ਼ਾ ਉਪਰ ਰੋਜ਼ਾਨਾ 20 ਕਿਲੋਮੀਟਰ ਦੇ ਘੇਰੇ ਵਿਚ ਰਹਿਣ ਵਾਲੇ ਅਤੇ ਇਸ ਟੋਲ ਪਲਾਜ਼ਾ ਨੂੰ ਪਾਰ ਕਰਨ ਵਾਲੇ ਵਾਹਨ ਚਾਲਕਾਂ ਨੂੰ ਮਿਲਣ ਵਾਲੀ ਮੁਫਤ ਰਿਆਇਤ ਬੰਦ ਕਰ ਦਿੱਤੀ ਗਈ। ਇੰਨਾ ਹੀ ਨਹੀਂ ਇਸ ਟੋਲ ਨੂੰ ਕਰਾਸ ਕਰਨ ਲਈ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਵੀ ਇਜਾਜ਼ਤ ਨਾ ਦੇਣ ਦੇ ਚੱਲਦਿਆਂ ਟੋਲ ਉਪਰ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਕੰਪਨੀ ਵੱਲੋਂ ਹਰ ਵਾਹਨ ਪਾਸੋਂ 350 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ ਟੈਕਸ ਲੈਣ ਦਾ ਵਿਰੋਧ ਵਾਹਨ ਚਾਲਕਾਂ ਵੱਲੋਂ ਸ਼ਰੇਆਮ ਕੀਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਹਨ ਚਾਲਕਾਂ ਦੀ ਇਸ ਦੌਰਾਨ ਟੋਲ ਪਲਾਜ਼ਾ ਦੇ ਕਰਮਚਾਰੀਆਂ ਨਾਲ ਜਿੱਥੇ ਕਹਾ-ਸੁਣੀ ਹੋਈ ਉਥੇ ਧੱਕਾ-ਮੁੱਕੀ ਵੀ ਵੇਖਣ ਨੂੰ ਮਿਲੀ। ਜ਼ਿਆਦਾਤਰ ਵਾਹਨ ਚਾਲਕ ਕੰਪਨੀ ਵੱਲੋਂ ਲਗਾਏ ਗਏ ਸਟੌਪਰ ਅਤੇ ਬੈਰੀਕੇਡ ਨੂੰ ਜਬਰਦਸਤੀ ਪਾਰ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ- GNDU ਦੇ ਵਿਦਿਆਰਥੀਆਂ ਦੀ ਡਿਗਰੀ ਤੋਂ ਪਹਿਲਾਂ ਨੌਕਰੀ ਪੱਕੀ! ਵੱਡੀਆਂ ਕੰਪਨੀਆਂ ਤੋਂ ਮਿਲੇ ਆਫਰ
ਪਿੰਡ ਉਸਮਾ ਵਿਖੇ ਟੋਲ ਪਲਾਜ਼ਾ ਨੂੰ ਰੋਜ਼ਾਨਾ 9 ਤੋਂ 10 ਹਜ਼ਾਰ ਵਾਹਨ ਪਾਰ ਕਰਕੇ ਅੱਗੇ ਨਿਕਲਦੇ ਹਨ ਜਦਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਇਸ ਦੀ ਗਿਣਤੀ ਵੱਧ ਕੇ 12 ਤੱਕ ਹੋ ਜਾਂਦੀ ਹੈ। ਸਾਲ 2021 ਤੋਂ ਇਸ ਕੰਪਨੀ ਦੀ ਦੇਖ-ਰੇਖ ਕਰ ਰਹੀ ਪਾਥ ਇੰਡੀਆ ਕੰਪਨੀ ਦਾ ਠੇਕਾ 6 ਜੂਨ 2025 ਨੂੰ ਖਤਮ ਹੋਣ ਤੋਂ ਬਾਅਦ ਰਿੱਧੀ ਸਿੱਧੀ ਕੰਪਨੀ ਵੱਲੋਂ ਇਸ ਦਾ ਚਾਰਜ ਆਪਣੇ ਹੱਥੀਂ ਲੈ ਲਿਆ ਗਿਆ। ਜਿਸ ਤੋਂ ਬਾਅਦ ਨਵੀਂ ਕੰਪਨੀ ਵੱਲੋਂ ਟੇਕ ਓਵਰ ਕਰਨ ਤੋਂ ਬਾਅਦ ਤਰਨਤਾਰਨ ਇਲਾਕੇ ਵਿਚ ਉਸਮਾ ਟੋਲ ਪਲਾਜ਼ਾ ਦੇ 20 ਕਿਲੋਮੀਟਰ ਵਾਲੇ ਘੇਰੇ ਵਿਚ ਆਉਣ ਵਾਲੇ ਵਾਹਨ ਚਾਲਕਾਂ ਨੂੰ ਮੁਫਤ ਸਹੂਲਤ ਬੰਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਗਰਮੀ ਨੇ ਤੋੜੇ ਰਿਕਾਰਡ, ਸੂਬੇ ਦੇ 10 ਜ਼ਿਲ੍ਹਿਆਂ 'ਚ Alert ਜਾਰੀ
ਸੋਮਵਾਰ ਸਵੇਰੇ ਜਦੋਂ ਉਸਮਾ ਟੋਲ ਪਲਾਜ਼ਾ ਪਾਰ ਕਰਨ ਸਮੇਂ ਇਲਾਕੇ ਦੇ ਲੋਕਲ ਵਾਹਨ ਚਾਲਕਾਂ ਪਾਸੋਂ 350 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ ਟੈਕਸ ਦੀ ਮੰਗ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਹੈਰਾਨੀ ਪ੍ਰਗਟਉਂਦੇ ਹੋਏ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਵੇਖਦੇ ਹੀ ਵੇਖਦੇ ਇਸ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਲੰਮੀਆਂ ਕਤਾਰਾਂ ਕਈ-ਕਈ ਘੰਟੇ ਤੱਕ ਲੱਗੀਆਂ ਨਜ਼ਰ ਆਈਆਂ, ਜਿਸ ਦੇ ਚੱਲਦਿਆਂ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦਾ ਵਿਰੋਧ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜਿੱਥੇ ਮੌਕੇ ਉਪਰ ਕੀਤਾ ਗਿਆ, ਉਥੇ ਹੀ ਸੋਸ਼ਲ ਮੀਡੀਆ ਉਪਰ ਵੀ ਟੋਲ ਪਲਾਜ਼ਾ ਕਰਮਚਾਰੀਆਂ ਦੀ ਧੱਕੇਸ਼ਾਹੀ ਖਿਲਾਫ ਆਵਾਜ਼ ਚੁੱਕੀ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਦਫ਼ਤਰ
ਇਸ ਸਬੰਧੀ ਜਦੋਂ ਉਸਮਾ ਟੋਲ ਪਲਾਜ਼ਾ ਨੂੰ ਚਲਾ ਰਹੀ ਰਿਧੀ ਸਿੱਧੀ ਕੰਪਨੀ ਦੇ ਮੈਨੇਜਰ ਸਤਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੀ ਕੰਪਨੀ ਵੱਲੋਂ ਇਲਾਕੇ ਦੇ 20 ਕਿਲੋਮੀਟਰ ਵਾਲੇ ਘੇਰੇ ਵਿਚ ਰਹਿਣ ਵਾਲੇ ਵਾਹਨ ਚਾਲਕਾਂ ਨੂੰ ਮੁਫਤ ਟੋਲ ਪਲਾਜ਼ਾ ਦੀ ਸਹੂਲਤ ਦਿੱਤੀ ਗਈ ਸੀ ਪ੍ਰੰਤੂ ਗੌਰਮੈਂਟ ਆਫ ਇੰਡੀਆ ਵੱਲੋਂ ਇਸ ਸਹੂਲਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਮੈਨੇਜਰ ਨੇ ਦੱਸਿਆ ਕਿ ਨਵੀਂ ਕੰਪਨੀ ਵੱਲੋਂ ਦੇਸ਼ ਭਰ ਵਿਚ ਲਾਗੂ ਹੋਏ ਟੋਲ ਪਲਾਜ਼ਾ ਦੇ ਕਾਨੂੰਨ ਤਹਿਤ ਮੁਫਤ ਸਹੂਲਤ ਨਹੀਂ ਦਿੱਤੀ ਜਾਂਦੀ ਹੈ। ਮੈਨੇਜਰ ਨੇ ਦੱਸਿਆ ਕਿ ਰੋਜ਼ਾਨਾ ਆਉਣ-ਜਾਣ ਵਾਲੇ ਵਾਹਨ ਚਾਲਕਾਂ ਦੀ ਸਹੂਲਤ ਲਈ ਕੰਪਨੀ ਵੱਲੋਂ 350 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਚਿੱਟੀ ਪਲੇਟ ਵਾਲੇ ਵਾਹਨ ਚਾਲਕਾਂ ਲਈ) ਪਾਸ ਜਾਰੀ ਕੀਤਾ ਜਾ ਰਿਹਾ ਹੈ। ਜਿਸ ਦਾ ਵਾਹਨ ਚਾਲਕ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਟੋਲ ਪਲਾਜ਼ਾ ਨੂੰ ਆਮ ਤੌਰ ਉਪਰ ਪਾਰ ਕਰਨ ਲਈ ਫਾਸਟ ਟੈਗ ਵਾਲੇ ਵਾਹਨ ਚਾਲਕ ਪਾਸੋਂ ਅੱਪ-ਡਾਊਨ ਲਈ 250 ਰੁਪਏ ਵਸੂਲ ਕੀਤੇ ਜਾਂਦੇ ਹਨ। ਜਦਕਿ ਕੈਸ਼ ਦੇਣ ਵਾਲੇ ਵਾਹਨ ਚਾਲਕ ਪਾਸੋਂ 330 ਰੁਪਏ ਪ੍ਰਤੀ ਵਾਹਨ ਦੇ ਹਿਸਾਬ ਨਾਲ ਸਿਰਫ ਟੋਲ ਨੂੰ ਪਾਰ ਕਰਨ ਦੇ ਹਿਸਾਬ ਨਾਲ ਹੀ ਲਏ ਜਾਂਦੇ ਹਨ ਨਾ ਕਿ ਵਾਪਸੀ ਦੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਕਿਸਾਨ ਸੰਘਰਸ਼ ਕਮੇਟੀ ਅਤੇ ਟੋਲ ਕੰਪਨੀ ਦੇ ਕਰਮਚਾਰੀਆਂ ਵਿਚਕਾਰ ਮੰਗਲਵਾਰ ਵਿਸ਼ੇਸ਼ ਮੀਟਿੰਗ ਹੋਵੇਗੀ। ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਰੋਜ਼ਾਨਾ ਆਉਣ-ਜਾਣ ਵਾਲੇ ਵਾਹਨ ਚਾਲਕ ਦੋ ਦਿਨਾਂ ਦੇ ਅੰਦਰ ਆਪਣੇ ਮੰਥਲੀ ਪਾਸ ਬਣਵਾ ਲੈਣ। ਮੈਨੇਜਰ ਸਤਿੰਦਰ ਕੁਮਾਰ ਨੇ ਦੱਸਿਆ ਕਿ ਇਸ ਟੋਲ ਪਲਾਜ਼ਾ ਨੂੰ ਪਾਰ ਕਰਨ ਲਈ ਪੀਲਾ ਕਾਰਡ ਹੋਲਡਰ ਪੱਤਰਕਾਰਾਂ ਨੂੰ ਮੁਫਤ ਸਹੂਲਤ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8