ਹੜ੍ਹ ਤੋਂ ਬਾਅਦ ਹੁਣ ਇਸ ਵੱਡੀ ਸਮੱਸਿਆ ਨੇ ਕੀਤਾ ਲੋਕਾਂ ਦਾ ਬੁਰਾ ਹਾਲ
Thursday, Aug 28, 2025 - 07:38 PM (IST)

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ): ਜਿੱਥੇ ਪਿਛਲੇ ਕਈ ਦਿਨਾਂ ਤੋਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਦੇ 35 ਤੋਂ 40 ਪਿੰਡ ਹੜ ਦੀ ਲਪੇਟ ਵਿੱਚ ਆਉਣ ਕਾਰਨ ਪ੍ਰਭਾਵਿਤ ਹੋਏ ਹਨ, ਉਥੇ ਹੀ ਬੀਤੀ ਰਾਤ ਤੋਂ ਕੁਝ ਪਿੰਡਾਂ ਵਿੱਚ ਪਾਣੀ ਘਟਣ ਕਾਰਨ ਲੋਕਾਂ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਹੈ । ਉਥੇ ਹੀ ਇਸ ਦੇ ਨਾਲ ਮਕੌੜਾ ਪੱਤਣ ਦੇ ਰਾਵੀ ਦਰਿਆ ਦੇ ਇਲਾਕੇ ਅਧੀਨ ਆਉਂਦੇ 66 ਕੇਵੀ ਬਿਜਲੀ ਘਰ ਗਾਲੜੀ ਅਤੇ 66 ਕੇਵੀ ਬਿਜਲੀ ਘਰ ਬਾਹਮਣੀ ਵੀ ਇਸ ਹੜ ਦੀ ਲਪੇਟ ਵਿੱਚ ਆਏ ।
ਜਿਸ ਕਾਰਨ ਕਰੀਬ 100 ਤੋਂ ਵੱਧ ਪਿੰਡਾਂ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਿਜਲੀ ਸਪਲਾਈ ਠੱਪ ਹੋ ਗਈ, ਅਤੇ ਜਦੋਂ ਅੱਜ ਪਾਣੀ ਦਾ ਪੱਧਰ ਘਟਿਆ ਤਾਂ ਲੋਕ ਆਪਣੇ ਮੁੜ ਘਰਾਂ ਵਿੱਚ ਪਰਤੇ । ਇਸ ਦੌਰਾਨ ਬਿਜਲੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਹੀ ਇਲਾਕੇ ਅੰਦਰ ਕਿਰਾਏ ਵਿੱਚ ਜਨਰੇਟਰ ਨਾ ਮਿਲਣ ਕਾਰਨ ਲੋਕਾਂ ਵਲੋਂ 35 ਤੋਂ 40 ਕਿਲੋਮੀਟਰ ਦੂਰੀ ਵਾਲੇ ਇਲਾਕੇ 'ਚੋਂ ਕਿਰਾਏ 'ਤੇ ਜਨਰੇਟਰ ਲਿਆ ਕੇ ਆਪਣੇ ਘਰਾਂ ਵਿੱਚ ਬਿਜਲੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।
ਇਸ ਸਬੰਧੀ ਜਦ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਜੇ ਇਹ ਦੋਨੇ ਸਬ ਸਟੇਸ਼ਨ ਚੱਲਣ ਵਿੱਚ ਤਿੰਨ ਤੋਂ ਚਾਰ ਦਿਨ ਦਾ ਸਮਾਂ ਹੋਰ ਲੱਗ ਸਕਦਾ ਹੈ, ਕਿਉਂਕਿ ਇਹਨਾਂ ਅੰਦਰ ਪੂਰੀ ਤਰ੍ਹਾਂ ਪਾਣੀ ਭਰਨ ਕਾਰਨ ਲੋਕਾਂ ਨੂੰ ਇਸ ਵੱਡੀ ਸਮੱਸਿਆ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ।