ਹੜ੍ਹ ਪ੍ਰਭਾਵਿਤ ਲੋਕਾਂ ਦੇ ਸਾਰੇ ਲੈਬ ਟੈਸਟ ਮੁਫ਼ਤ ਕਰਨ ਦਾ ਐਲਾਨ: ਰਮਨ ਬਹਿਲ
Monday, Sep 15, 2025 - 02:35 PM (IST)

ਗੁਰਦਾਸਪੁਰ(ਵਿਨੋਦ):- ਪੰਜਾਬ ਸਰਕਾਰ ਨੇ ਕਰਸਾਨਾ ਡਾਇਗਨੌਸਟਿਕ ਸੈਂਟਰਾਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਸਾਰੇ ਲੈਬ ਟੈਸਟ ਮੁਫ਼ਤ ਕਰਨ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਹੈ। ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਸਨੀਕ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਕਰਸਾਨਾ ਡਾਇਗਨੌਸਟਿਕ ਸੈਂਟਰਾਂ ਵਿੱਚ ਪਹੁੰਚ ਕੇ ਆਪਣੇ ਸਾਰੇ ਲੈਬ ਟੈਸਟ ਮੁਫ਼ਤ ਕਰਵਾ ਸਕਦੇ ਹਨ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਇਸ ਸਹੂਲਤ ਲਈ ਪੰਜਾਬ ਸਰਕਾਰ ਅਤੇ ਕਰਸਾਨਾ ਲੈਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਰਸਾਨਾ ਲੈਬ ਦਾ ਇਹ ਫੈਸਲਾ ਹੜ੍ਹ ਸੰਕਟ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਨੂੰ ਪਹਿਲਾਂ ਹੀ ਭਾਰੀ ਵਿੱਤੀ ਨੁਕਸਾਨ ਹੋਇਆ ਹੈ ਅਤੇ ਕਈ ਲੋਕ ਬੇਘਰ ਵੀ ਹੋ ਗਏ ਹਨ। ਹੜ੍ਹ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋਣ ਕਾਰਨ ਕਈ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਸਿਹਤ ਵਿਭਾਗ ਹਰ ਹੜ੍ਹ ਪ੍ਰਭਾਵਿਤ ਪਿੰਡ ਵਿੱਚ ਜਾ ਰਿਹਾ ਹੈ ਅਤੇ ਮੁਫ਼ਤ ਮੈਡੀਕਲ ਕੈਂਪ ਲਗਾ ਰਿਹਾ ਹੈ ਅਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਲਾਜ ਦੌਰਾਨ ਲੈਬ ਟੈਸਟ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਰਾਹੀਂ ਮਰੀਜ਼ ਦੀ ਬਿਮਾਰੀ ਦਾ ਸਹੀ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਕਰਸਾਣਾ ਡਾਇਗਨੌਸਟਿਕ ਸੈਂਟਰਾਂ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਤਹਿਤ ਇਹ ਲੈਬ ਹੜ੍ਹ ਪੀੜਤਾਂ ਦੇ ਸਾਰੇ ਟੈਸਟ ਮੁਫ਼ਤ ਵਿੱਚ ਕਰਨਗੇ।
ਇਹ ਵੀ ਪੜ੍ਹੋ-ਪੰਜਾਬੀਆਂ ਦੇ ਗਲ਼ ਪੈ ਗਈ ਨਵੀਂ ਆਫਤ, 329 ਪਿੰਡਾਂ ਦੇ 1,87,058 ਲੋਕ...
ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ, ਕਰਸਾਣਾ ਡਾਇਗਨੌਸਟਿਕ ਸੈਂਟਰ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ, ਜ਼ਿਲ੍ਹਾ ਹਸਪਤਾਲ ਬਾਬਰੀ (ਗੁਰਦਾਸਪੁਰ) ਅਤੇ ਮਾਤਾ ਸੁਲਖਣੀ ਜੀ ਸਿਵਲ ਹਸਪਤਾਲ ਬਟਾਲਾ ਵਿੱਚ ਚੱਲ ਰਹੇ ਹਨ, ਜਿੱਥੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕ ਮੁਫ਼ਤ ਵਿੱਚ ਆਪਣੇ ਟੈਸਟ ਕਰਵਾ ਸਕਦੇ ਹਨ।
ਉਨ੍ਹਾਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਸਮੇਂ ਸਿਰ ਆਪਣੇ ਟੈਸਟ ਕਰਵਾਉਣ, ਇਲਾਜ ਕਰਵਾਉਣ ਅਤੇ ਸਿਹਤਮੰਦ ਜੀਵਨ ਬਤੀਤ ਕਰਨ। ਇਸ ਦੌਰਾਨ ਰਮਨ ਬਹਿਲ ਨੇ ਕਰਸਾਨਾ ਡਾਇਗਨੌਸਟਿਕ ਸੈਂਟਰ ਦੇ ਆਪਰੇਸ਼ਨ ਹੈੱਡ ਨਜਬੀਰ, ਰਾਜੀਵ, ਮੈਨੇਜਰ ਸੁਖਜਿੰਦਰ ਸਿੰਘ ਅਤੇ ਇੰਚਾਰਜ ਰਾਹੁਲ ਦਾ ਇਸ ਸੇਵਾ ਲਈ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ-ਦੁਬਈ ਤੋਂ ਡਿਪੋਰਟ ਕੀਤੇ 8 ਨੌਜਵਾਨਾਂ ਨੂੰ ਡਾ. ਓਬਰਾਏ ਨੇ ਘਰੀਂ ਪਹੁੰਚਾਇਆ
ਉਨ੍ਹਾਂ ਕਰਸਾਨਾ ਲੈਬ ਦੇ ਸੰਚਾਲਕਾਂ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਟੈਸਟ ਕਰਵਾਉਣ ਆਉਣ ਵਾਲੇ ਸਾਰੇ ਲੋਕਾਂ ਦਾ ਟੈਸਟ ਮੁਫ਼ਤ ਅਤੇ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਇਸ ਮੌਕੇ ਸਿੱਖ ਕ੍ਰਾਂਤੀ ਦੇ ਹਲਕਾ ਕੋਆਰਡੀਨੇਟਰ ਅਸ਼ਵਨੀ ਕੁਮਾਰ, ਨਗਰ ਸੁਧਾਰ ਟਰੱਸਟ ਦੇ ਮੈਂਬਰ ਹਿਤੇਸ਼ ਮਹਾਜਨ, ਰਘੁਬੀਰ ਸਿੰਘ ਖਾਲਸਾ, ਨਸ਼ਿਆਂ ਵਿਰੁੱਧ ਜੰਗ ਦੇ ਹਲਕਾ ਕੋਆਰਡੀਨੇਟਰ ਨੀਰਜ ਸਲਹੋਤਰਾ ਅਤੇ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਸਮੇਤ ਹੋਰ ਆਗੂ ਉਨ੍ਹਾਂ ਨਾਲ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8