ਮਾਮੂਲੀ ਤਕਰਾਰ ਦੌਰਾਨ ਕਾਂਗਰਸੀ ਆਗੂ ਦੇ ਘਰ ਹੋਈ ਫਾਇਰਿੰਗ

02/11/2019 7:49:52 PM

ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)- ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਪੰਜਵੜ•ਖੁਰਦ ਦੇ ਵਾਸੀ ਟਕਸਾਲੀ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਪੰਜਵੜ•ਨੇ ਪਿੰਡ ਦੇ ਕੁਝ ਲੋਕਾਂ ਵੱਲੋਂ ਬੀਤੀ ਰਾਤ ਉਸਦੇ ਘਰ ਅੰਦਰ ਦਾਖ਼ਲ ਹੋ ਕੇ ਅੰਨੇਵਾਹ ਫਾਇਰਿੰਗ ਕਰਨ ਤੇ ਘਰ ਦੀ ਭੰਨਤੋੜ ਦੇ ਦੋਸ਼ ਲਾਂਉਦਿਆਂ ਥਾਣਾ ਝਬਾਲ ਦੀ ਪੁਲਿਸ ਤੋਂ ਇੰਨਸਾਫ਼ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਪੁੱਤਰ ਸੁਰਜਨ ਸਿੰਘ ਨੇ ਦੱਸਿਆ ਕਿ ਉਸਦੇ 15 ਸਾਲਾਂ ਲੜਕੇ ਪਰਮਪਾਲ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪੰਜਵੜ ਵਿਚਾਲੇ ਬੀਤੇ ਦਿਨੀਂ ਸੋਸ਼ਲ ਸਾਇਟ 'ਤੇ ਆਪਸ 'ਚ ਕੁਝ ਕੁਮੈਂਟ ਕਰਨ 'ਤੇ ਮਾਮੂਲੀ ਤਕਰਾਰ ਹੋਇਆ ਸੀ, ਜਿਸ ਸਬੰਧੀ ਉਸ ਵੱਲੋਂ ਗੱਲ ਖਤਮ ਕਰ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਐਤਵਾਰ ਦੀ ਦੇਰ ਸ਼ਾਮ ਜਦੋਂ ਉਸਦਾ ਲੜਕਾ ਪਰਮਪਾਲ ਸਿੰਘ ਆਪਣੇ ਦੋਸ਼ਤ ਗੁਰਦੇਵ ਸਿੰਘ ਦੇ ਘਰ ਜਾ ਰਿਹਾ ਸੀ ਤਾਂ ਰਸਤੇ 'ਚ ਸਟੇਡੀਅਮ ਨੇ ਨਜ਼ਦੀਕ ਆਪਣੇ 10-15 ਸਾਥੀਆਂ ਸਮੇਤ ਖੜੇ ਲਵਪ੍ਰੀਤ ਸਿੰਘ ਵੱਲੋਂ ਉਸਦੇ ਲੜਕੇ ਨੂੰ ਵੇਖਣ-ਵਿਖਾਉਣ ਲਈ ਵੰਗਾਰਿਆ ਗਿਆ ਪਰ ਉਸਦਾ ਲੜਕਾ ਝਗੜੇ ਤੋਂ ਡਰਦਾ ਕੁਝ ਨਹੀਂ ਬੋਲਿਆ 'ਤੇ ਆਪਣੇ ਦੋਸਤ ਦੇ ਘਰ ਚਲਾ ਗਿਆ। ਉਸ ਤੋਂ ਬਾਅਦ ਲਵਪ੍ਰੀਤ ਸਿੰਘ ਆਪਣੇ ਉਕਤ ਸਾਥੀਆਂ ਸਣੇ ਜਿੰਨ੍ਹਾਂ ਦੇ ਕੋਲ ਰਾਇਫਲ, ਪਿਸਟਲ ਤੇ ਹੋਰ ਵੀ ਤੇਜ਼ਧਾਰ ਹਥਿਆਰ ਸਨ, ਉਨ੍ਹਾਂ ਦੇ ਘਰ ਆ ਵੜੇ ਤੇ ਉਨ੍ਹਾਂ ਦੇ ਘਰ ਦੇ ਮੇਨ ਗੇਟ ਨੂੰ ਤੋੜ ਦਿੱਤਾ ਉੱਥੇ ਹੀ ਗੁੰਡਾਗਰਦੀ ਕਰਦਿਆਂ ਘਰ ਦੀਆਂ ਲਾਇਟਾਂ ਤੇ ਰਸੋਈ ਦਾ ਦਰਵਾਜਾ ਆਦਿ ਭੰਨ ਦਿੱਤਾ ਗਿਆ। ਉਸਨੇ ਦੱਸਿਆ ਇਕ ਉਕਤ ਲੋਕਾਂ ਵੱਲੋਂ ਉਸ ਦੇ ਘਰ ਅੰਦਰ ਵੜ ਕੇ ਉਸ 'ਤੇ ਹਨੇਰੇ 'ਚ ਫਾਇਰ ਵੀ ਕੀਤੇ ਗਏ, ਜਿੰਨ੍ਹਾਂ ਚੋਂ ਇਕ ਗੋਲੀ ਅੰਦਰ ਪਏ ਸੋਫੇ 'ਚ ਵੱਜੀ ਹੈ। ਗੁਰਪ੍ਰੀਤ ਸਿੰਘ ਲਾਡੀ ਨੇ ਦੱਸਿਆ ਕਿ ਉਸ ਸਮੇਂ ਉਹ ਘਰ 'ਚ ਮੌਜ਼ੂਦ ਨਹੀਂ ਸੀ ਤੇ ਉਸਦੀ ਬਜ਼ੁਰਗ ਮਾਤਾ ਵੱਲੋਂਰੌਲਾ ਪਾਉਣ 'ਤੇ ਉਕਤ ਲੋਕ ਹਵਾਈ ਫਾਇਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਫਰਾਰ ਹੋ ਗਏ। ਗੁਰਪ੍ਰੀਤ ਸਿੰਘ ਲਾਡੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਜਿੱਥੇ ਮੌਕੇ 'ਤੇ ਹੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਉੱਥੇ ਹੀ ਥਾਣਾ ਝਬਾਲ ਦੇ ਮੁੱਖੀ ਨੂੰ ਵੀ ਫੋਨ 'ਤੇ ਸਾਰੀ ਘਟਨਾ ਸਬੰਧੀ ਜਾਣੂ ਕਰਾਇਆ ਗਿਆ ਸੀ। 

ਦੂਜੀ ਧਿਰ ਦੇ ਕੇਵਲ ਸਿੰਘ ਨੇ ਗੁਰਪ੍ਰੀਤ ਸਿੰਘ ਵੱਲੋਂ ਉਨ੍ਹਾਂ 'ਤੋਂ ਗੋਲੀਆਂ ਚਲਾਉਣ ਤੇ ਘਰ 'ਤੇ ਹਮਲਾ ਕਰਕੇ ਭੰਨਤੋੜ ਕਰਨ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਦੋਸ਼ ਬਿਲਕੁਲ ਝੂਠੇ ਤੇ ਬੇਬੁਨਿਆਦ ਹਨ। ਉਸਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਹਥਿਆਰ ਨਹੀਂ ਹੈ ਤੇ ਹਮਲਾ ਉਨ੍ਹਾਂ ਵੱਲੋਂ ਨਹੀਂ ਬਲਕਿ ਗੁਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਦੇ ਘਰ 'ਤੇ ਇੱਟਾਂ-ਰੋੜੇ ਤੇ ਫਾਇਰਿੰਗ ਵੀ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਥਾਣਾ ਝਬਾਲ ਦੇ ਮੁੱਖੀ ਸਬ ਇੰ. ਗੁਰਚਰਨ ਸਿੰਘ ਨੇ ਮਾਮਲੇ ਨੂੰ ਸ਼ੱਕੀ ਕਰਾਰ ਦਿੰਦਿਆਂ ਕਿਹਾ ਕਿ ਫਿਲਹਾਲ ਗੋਲੀਆਂ ਚੱਲਣ ਵਰਗੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ 'ਚ ਮਾਮੂਲੀ ਝਗੜਾ ਜ਼ਰੂਰ ਹੋਇਆ ਹੈ। ਦੋਹਾਂ ਧਿਰਾਂ ਦੀਆਂ ਦੁਰਖਾਸ਼ਤਾਂ ਮਸੂਲ ਹੋਈਆਂ ਹਨ, ਜਿਸ ਸਬੰਧੀ ਏ.ਐੱਸ.ਆਈ. ਹਰਪਾਲ ਸਿੰਘ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


KamalJeet Singh

Content Editor

Related News