ਸਪੇਅਰ ਪਾਰਟਸ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ
Sunday, Apr 14, 2019 - 09:47 PM (IST)

ਮਾਨਾਂਵਾਲਾ, (ਜਗਤਾਰ)- ਸਥਾਨਕ ਅੱਡਾ ਮਾਨਾਂਵਾਲਾ ਨੇੜੇ ਬਣੇ ਸ਼ੁਕਰਾਨਾ ਪੈਲੇਸ ਦੇ ਪਿਛਲੇ ਪਾਸੇ ਮੋਟਰਸਾਈਕਲ ਸਪੇਅਰ ਪਾਰਟਸ ਦੇ ਇਕ ਗੋਦਾਮ 'ਚ ਸ਼ਾਰਟ ਸਰਕਟ ਕਾਰਨ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਨਾਲ ਸਪੇਅਰ ਪਾਰਟਸ ਸੜਨ ਕਾਰਨ ਕਰੋੜਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਭਿਆਨਕ ਅੱਗ ਨਾਲ ਜਾਨੀ-ਮਾਲੀ ਨੁਕਸਾਨ ਹੋਣੋਂ ਤਾਂ ਬਚਾ ਹੋ ਗਿਆ ਪਰ ਸਪੇਅਰ ਪਾਰਟਸ ਸੜ ਕੇ ਸੁਆਹ ਹੋ ਗਏ। ਮੌਕੇ 'ਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਉਣ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ।
ਇਸ ਸਬੰਧੀ ਗੋਦਾਮ ਦੇ ਮਾਲਕ ਕਰਨਬੀਰ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਸ ਨੇ ਇਹ ਗੋਦਾਮ ਕਿਰਾਏ 'ਤੇ ਲੈ ਕੇ ਮੋਟਰਸਾਈਕਲ ਦੇ ਨਵੇਂ ਸਪੇਅਰ ਪਾਰਟਸ ਰੱਖੇ ਹੋਏ ਸਨ, ਜੋ ਜੋਰਾਨ ਡਿਸਟਰੀਬਿਊਟਰ ਦੇ ਨਾਲ ਉਪਰ ਚੱਲ ਰਿਹਾ ਸੀ। ਉਨ੍ਹਾਂ ਦੁਖੀ ਮਨ ਨਾਲ ਦੱਸਿਆ ਕਿ ਉਹ ਵਿਸਾਖੀ ਦਾ ਦਿਹਾੜਾ ਹੋਣ ਕਰ ਕੇ ਗੋਦਾਮ 'ਚ ਕੰਮ ਕਰਨ ਵਾਲੇ ਵਰਕਰਾਂ ਨੂੰ ਤਨਖਾਹ ਦੇਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਗੋਦਾਮ 'ਚ ਅਚਾਨਕ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਤੇ ਹਫੜਾ-ਦਫੜੀ ਮਚ ਗਈ ਤੇ ਵਰਕਰਾਂ ਨੇ ਆਪਣੀ ਜਾਨ ਬਚਾਉਣ ਲਈ ਪਾਣੀ ਦਾ ਪ੍ਰਬੰਧ ਕਰ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਹੋਰ ਭਿਆਨਕ ਰੂਪ ਧਾਰਨ ਕਰ ਗਈ। ਇਸ ਦੌਰਾਨ ਉਨ੍ਹਾਂ ਮੌਕੇ 'ਤੇ ਫਾਇਰ ਬਿਗ੍ਰੇਡ ਨੂੰ ਫੋਨ ਕੀਤਾ ਪਰ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਡੇਢ ਘੰਟਾ ਦੇਰੀ ਨਾਲ ਪੁੱਜਣ 'ਤੇ ਗੋਦਾਮ 'ਚ ਕਾਫੀ ਹੱਦ ਤੱਕ ਅੱਗ ਫੈਲ ਚੁੱਕੀ ਸੀ, ਜਿਸ ਨਾਲ ਉਸ ਦਾ ਕਰੋੜਾਂ ਦਾ ਨੁਕਸਾਨ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਚਾਟੀਵਿੰਡ ਦੇ ਐੱਚ. ਐੱਚ. ਓ. ਪ੍ਰੀਤਮ ਲਾਲ ਤੇ ਪੁਲਸ ਚੌਕੀ ਦਬੁਰਜੀ ਦੇ ਇੰਚਾਰਜ ਏ. ਐੱਸ. ਆਈ. ਜਗੀਰ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪੁੱਜੇ ਤੇ ਸਥਿਤੀ ਦਾ ਜਾਇਜ਼ਾ ਲਿਆ।