ਜੁਲਾਈ ’ਚ ਰੇਲਵੇ ਟਿਕਟ ਚੈਕਿੰਗ ਰਾਹੀਂ ਵਸੂਲਿਆ 3.32 ਕਰੋੜ ਰੁਪਏ ਜੁਰਮਾਨਾ

Saturday, Aug 03, 2024 - 03:14 AM (IST)

ਜੈਤੋ/ਪਠਾਨਕੋਟ/ਫਿਰੋਜ਼ਪੁਰ (ਪਰਾਸ਼ਰ, ਆਦਿਤਿਆ, ਮਲਹੋਤਰਾ) - ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਦੇ ਟਿਕਟ ਚੈਕਿੰਗ ਸਟਾਫ ਵਲੋਂ ਸਾਰੇ ਅਸਲ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਟਿਕਟ ਸਮੇਤ ਅਤੇ ਅਨਿਯਮਿਤ ਯਾਤਰਾ ’ਤੇ ਰੋਕ ਲਾਉਣ ਲਈ ਟ੍ਰੇਨਾਂ ਵਿਚ ਟਿਕਟ ਜਾਂਚ ਕੀਤੀ ਜਾਂਦੀ ਹੈ। ਮੰਡਲ ਦੀ ਟਿਕਟ ਚੈਕਿੰਗ ਟੀਮ ਵਲੋਂ ਰੇਲ ਗੱਡੀਆਂ ਦੀ ਤਿੱਖੀ ਚੈਕਿੰਗ ਕੀਤੀ ਜਾਂਦੀ ਹੈ।
ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਵਲੋਂ ਜੁਲਾਈ 2024 ਦੌਰਾਨ ਰੇਲਗੱਡੀਆਂ ਵਿਚ ਟਿਕਟਾਂ ਦੀ ਚੈਕਿੰਗ ਦੌਰਾਨ ਕੁੱਲ 35,277 ਯਾਤਰੀ ਬਿਨਾਂ ਟਿਕਟ ਜਾਂ ਬੇਨਿਯਮੀ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 3.32 ਕਰੋੜ ਰੁਪਏ ਦੀ ਆਮਦਨ ਵਸੂਲੀ ਗਈ। ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਤ ਤੌਰ ’ਤੇ ਚੈਕਿੰਗ ਕੀਤੀ ਜਾਂਦੀ ਹੈ।

ਇਸ ਦੇ ਨਤੀਜੇ ਵਜੋਂ ਜੁਲਾਈ ਮਹੀਨੇ ’ਚ 410 ਯਾਤਰੀਆਂ ਤੋਂ ਸਟੇਸ਼ਨ ਕੰਪਲੈਕਸ ’ਚ ਕੂੜਾ ਸੁੱਟਣ ’ਤੇ 77 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਗਿਆ। ਇਸ ਤੋਂ ਇਲਾਵਾ ਯਾਤਰੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਸਮੇਂ-ਸਮੇਂ ’ਤੇ ਸਫ਼ਾਈ ਮੁਹਿੰਮ ਵੀ ਚਲਾਈ ਜਾਂਦੀ ਹੈ। ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ।

 


Inder Prajapati

Content Editor

Related News