ਕਿਸਾਨ ਜਥੇਬੰਦੀਆਂ ਦਾ ਧਰਨਾ ਦੂਜੇ ਦਿਨ ਵੀ ਜਾਰੀ, ਰੇਲਵੇ ਨੂੰ ਹੋਇਆ ਕਰੋੜਾਂ ਦਾ ਨੁਕਸਾਨ
Saturday, Sep 30, 2023 - 02:18 PM (IST)

ਅੰਮ੍ਰਿਤਸਰ (ਜਸ਼ਨ)- ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਟਰੈਕ ਦਿੱਤਾ ਗਿਆ ਧਰਨਾ ਸ਼ੁੱਕਰਵਾਰ ਨੂੰ ਦੂਜੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਸ ਨਾਲ ਜਿੱਥੇ ਰੇਲ ਗੱਡੀਆਂ ਦੇ ਚੱਕੇ ਜਾਮ ਹਨ, ਉੱਥੇ ਹੀ ਰੇਲ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਇਸ ਪੂਰੇ ਮਾਮਲੇ ਕਾਰਨ ਰੇਲਵੇ ਦੇ ਮਾਲੀਏ ਨੂੰ ਵੀ ਕਰੋੜਾਂ ਰੁਪਏ ਦਾ ਘਾਟਾ ਪਾਇਆ ਹੈ। ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਲੋਕਾਂ ਨੇ ਆਪਣੀ ਮੰਜ਼ਿਲ ਵੱਲ ਜਾਣ ਲਈ ਦੋ-ਤਿੰਨ ਮਹੀਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਲਈਆਂ ਸਨ ਪਰ ਕਿਸਾਨ ਜਥੇਬੰਦੀਆਂ ਦੇ ਦਿੱਤੇ ਧਰਨੇ ਕਾਰਨ ਉਨ੍ਹਾਂ ਦੀ ਯਾਤਰਾ ਆਖਰੀ ਸਮੇਂ ’ਤੇ ਰੱਦ ਕਰ ਦਿੱਤੀ ਗਈ। ਬੰਗਲਾ ਅਤੇ ਬਿਹਾਰ ਜਾਣ ਵਾਲੇ ਕਈ ਰੇਲਵੇ ਯਾਤਰੀ ਪਿਛਲੇ ਦੋ ਦਿਨਾਂ ਤੋਂ ਸਟੇਸ਼ਨ ’ਤੇ ਡੇਰੇ ਲਾਈ ਬੈਠੇ ਹਨ, ਪਰ ਉਨ੍ਹਾਂ ਨੂੰ ਆਪਣੀ ਟ੍ਰੇਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਦੂਜੇ ਪਾਸੇ ਬਾਹਰੋਂ ਆਉਣ ਵਾਲੇ ਸੈਲਾਨੀਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਲਾਸ਼ ਬਣ ਆਏ ਪੁੱਤ ਨੂੰ ਦੇਖ ਧਾਹਾਂ ਮਾਰ ਰੋਏ ਮਾਪੇ
ਅੰਮ੍ਰਿਤਸਰ ਆਉਣ-ਜਾਣ ਵਾਲੀਆਂ ਟਰੇਨਾਂ ਰੱਦ ਹੋਣ ਕਾਰਨ ਉਹ ਮੁੜ ਹੋਟਲਾਂ ਵਿਚ ਰਹਿਣ ਲਈ ਮਜ਼ਬੂਰ ਹਨ। ਟਰੇਨਾਂ ਰੱਦ ਹੋਣ ਕਾਰਨ ਕਈ ਹੋਟਲ ਮਾਲਕਾਂ ਨੇ ਆਪਣੇ ਕਮਰਿਆਂ ਦੇ ਰੇਟ ਵੀ ਵਧਾ ਦਿੱਤੇ ਹਨ। ਇਸ ਕਾਰਨ ਇਨ੍ਹਾਂ ਲੋਕਾਂ ਨੂੰ ਆਰਥਿਕ ਬੋਝ ਵੀ ਝੱਲਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਲੋੜ ਪੈਣ ’ਤੇ ਜਾਣਾ ਪੈ ਰਿਹਾ ਹੈ, ਉਨ੍ਹਾਂ ਤੋਂ ਪ੍ਰਾਈਵੇਟ ਟੈਕਸੀ ਚਾਲਕ ਵੀ ਮੋਟਾ ਕਿਰਾਇਆ ਵਸੂਲ ਕੇ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਲਾਸ਼ ਬਣ ਆਏ ਪੁੱਤ ਨੂੰ ਦੇਖ ਧਾਹਾਂ ਮਾਰ ਰੋਏ ਮਾਪੇ
ਦੂਜੇ ਪਾਸੇ ਪਤਾ ਲੱਗਾ ਹੈ ਕਿ ਰੇਲਵੇ ਪੁਲਸ ਵਾਲੇ ਸਟੇਸ਼ਨ ’ਤੇ ਆਪਣੀਆਂ ਟਰੇਨਾਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਸਟੇਸ਼ਨ ’ਤੇ ਨਾ ਰੁਕਣ ਦੀਆਂ ਧਮਕੀਆਂ ਦੇ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਹੋਰ ਵੀ ਸਮੱਸਿਆਵਾਂ ਦਾ ਸੰਘਰਸ਼ ਕਰਨਾ ਪੈਂਦਾ ਹੈ। ਦਿਨ-ਰਾਤ ਯਾਤਰੀਆਂ ਨਾਲ ਖਚਾਖਚ ਭਰਿਆ ਰਹਿਣ ਵਾਲਾ ਰੇਲਵੇ ਸਟੇਸ਼ਨ ਦਾ ਹਰ ਪਲੇਟਫਾਰਮ ਪਿਛਲੇ ਦੋ ਦਿਨਾਂ ਤੋਂ ਟਰੇਨਾਂ ਤੋਂ ਬਗੈਰ ਸੁੰਨਸਾਨ ਨਜ਼ਰ ਆ ਰਿਹਾ ਹੈ। ਇਹੀ ਹਾਲਤ ਰੇਲਵੇ ਦੇ ਸਰਕੂਲੇਸ਼ਨ ਏਰੀਏ ਵਿਚ ਵੀ ਦੇਖਣ ਨੂੰ ਮਿਲ ਰਹੀ ਹੈ। ਰੇਲਵੇ ਨੇ ਆਪਣੀ ਰਿਜ਼ਰਵਡ ਟਿਕਟਾਂ ਕੈਂਸਲ ਕਰਵਾਉਣ ਲਈ ਯਾਤਰੀਆਂ ਲਈ ਬੇਸ਼ੱਕ ਇੱਕ ਵੱਖਰਾ ਹੈਲਪ ਡੈਸਕ ਸਥਾਪਿਤ ਕੀਤਾ ਹੈ, ਪਰ ਰੇਲਵੇ ਯਾਤਰੀ ਆਪਣੀ ਯਾਤਰਾ ਰੱਦ ਹੋਣ ਕਾਰਨ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਦੂਜੇ ਪਾਸੇ ਬੱਸ ਸਟੈਂਡ ’ਤੇ ਸਵਾਰੀਆਂ ਦੀ ਗਿਣਤੀ ਵਧਣ ਕਾਰਨ ਬੱਸਾਂ ਵਿੱਚ ਬੈਠਣ ਲਈ ਥਾਂ ਨਹੀਂ ਹੈ, ਜਦੋਂ ਇਸ ਮਾਮਲੇ ਸਬੰਧੀ ਸਟੇਸ਼ਨ ’ਤੇ ਕੁਝ ਸਵਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਸਾਰੇ ਕਿਸਾਨਾਂ ਦੇ ਧਰਨੇ ਨੂੰ ਕੋਸਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਰੁੱਧ ਕੋਈ ਰੋਸ ਪ੍ਰਦਰਸ਼ਨ ਕਰਨਾ ਹੈ ਤਾਂ ਇਸ ਨੂੰ ਕਦੇ ਵੀ ਜਨਤਕ ਥਾਵਾਂ ਆਦਿ ਵਿਚ ਨਾ ਲਾਇਆ ਜਾਵੇ ਅਤੇ ਸਬੰਧਤ ਵਿਭਾਗ ਦੇ ਮੰਤਰੀ ਦੇ ਦਫ਼ਤਰ ਅੱਗੇ ਦਿੱਤਾ ਜਾਵੇ। ਕਿਸਾਨ ਹਰ ਵਾਰ ਰੇਲ ਪਟੜੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ, ਜਿਸ ਕਾਰਨ ਪਹਿਲਾਂ ਤਾਂ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਦੂਜਾ ਰੇਲਵੇ ਵਿਭਾਗ ਦੇ ਮਾਲੀਏ ਨੂੰ ਭਾਰੀ ਨੁਕਸਾਨ ਹੁੰਦਾ ਹੈ।
ਇਹ ਵੀ ਪੜ੍ਹੋ- ਸੰਗਰੂਰ ਵਾਸੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਨਾਲ ਹੀ ਕਰ ਦਿੱਤਾ ਇਕ ਹੋਰ ਐਲਾਨ
ਖ਼ਬਰ ਲਿਖੇ ਜਾਣ ਤੱਕ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਦੂਜੇ ਦਿਨ ਵੀ ਹਫੜਾ-ਦਫੜੀ ਮਚੀ ਰਹੀ। ਲੋਕ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਜਾਂਚ ਕਾਊਂਟਰਾਂ ਅਤੇ ਰੇਲਵੇ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਗਾ ਰਹੇ ਸਨ ਪਰ ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣ ਵਿਚ ਵੀ ਕਈ ਉਲਝਣਾਂ ਦਾ ਸਾਹਮਣਾ ਕਰਨਾ ਪਿਆ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8