ਹੱਡੀਆਂ ਦੇ ਮਸ਼ਹੂਰ ਡਾਕਟਰ ਨਾਲ 4.50 ਕਰੋੜ ਦੀ ਵੱਡੀ ਠੱਗੀ, ਮੁਲਾਜ਼ਮ ਕੈਸ਼ ਤੇ 60 ਤੋਲੇ ਸੋਨਾ ਲੈ ਕੇ ਗਾਇਬ
Wednesday, Jul 29, 2026 - 12:36 AM (IST)
ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ) - ਪਠਾਨਕੋਟ ਵਿੱਚ ਇੱਕ ਮਸ਼ਹੂਰ ਹੱਡੀਆਂ ਦੇ ਡਾਕਟਰ ਨਾਲ ਕਰੋੜਾਂ ਰੁਪਏ ਦੀ ਵੱਡੀ ਠੱਗੀ ਦਾ ਮਾਮਲਾ ਸਾਮਣੇ ਆਇਆ ਹੈ। ਡਾਕਟਰ ਦੇ ਘਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ 'ਤੇ ਆਰੋਪ ਹੈ ਕਿ ਉਨ੍ਹਾਂ ਨੇ ਭਰੋਸੇ ਦਾ ਫਾਇਦਾ ਚੁੱਕਦਿਆਂ ਡਾਕਟਰ ਦੀ ਪਤਨੀ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਬੈਂਕ ਖਾਤੇ ਵਿਚੋਂ ਕਰੋੜਾਂ ਰੁਪਏ ਕਢਵਾ ਲਏ। ਇੰਨਾ ਹੀ ਨਹੀਂ, ਘਰ ਵਿੱਚ ਰੱਖੀ ਨਕਦੀ ਅਤੇ ਕਰੀਬ 60 ਤੋਲੇ ਸੋਨੇ ਦੇ ਗਹਿਣੇ ਵੀ ਗਾਇਬ ਕਰ ਦਿੱਤੇ। ਇਸ ਪੂਰੀ ਘਟਨਾ ਵਿੱਚ ਲਗਭਗ 4 ਕਰੋੜ 50 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪਠਾਨਕੋਟ ਦੇ ਪ੍ਰਸਿੱਧ ਹੱਡੀਆਂ ਦੇ ਡਾਕਟਰ ਦੇ ਘਰ ਵਿੱਚ ਕਾਫੀ ਸਮੇਂ ਤੋਂ ਮੁਲਾਜ਼ਮ ਕੰਮ ਕਰ ਰਹੇ ਸਨ। ਘਰ ਦੇ ਮੈਂਬਰਾਂ ਦਾ ਉਨ੍ਹਾਂ 'ਤੇ ਪੂਰਾ ਭਰੋਸਾ ਸੀ। ਆਰੋਪ ਹੈ ਕਿ ਮੁਲਾਜ਼ਮਾਂ ਨੇ ਇਸ ਭਰੋਸੇ ਦਾ ਗਲਤ ਫਾਇਦਾ ਚੁੱਕਿਆ ਅਤੇ ਡਾਕਟਰ ਦੀ ਪਤਨੀ ਨੂੰ ਗੁੰਮਰਾਹ ਕਰਕੇ ਬੈਂਕ ਖਾਤੇ ਵਿਚੋਂ ਅਤੇ ਏ.ਟੀ.ਐਮ ਰਾਹੀਂ ਵੱਡੀ ਰਕਮ ਕਢਵਾ ਲਈ। ਇਸ ਦੇ ਨਾਲ ਹੀ ਘਰ ਵਿੱਚ ਰੱਖੀ ਨਕਦੀ ਅਤੇ ਕਰੀਬ 60 ਤੋਲੇ ਸੋਨੇ ਦੇ ਗਹਿਣੇ ਵੀ ਲੈ ਕੇ ਫਰਾਰ ਹੋ ਗਏ। ਜਦੋਂ ਪਰਿਵਾਰ ਨੂੰ ਇਸ ਧੋਖਾਧੜੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੀੜਤ ਪਰਿਵਾਰ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਸ਼ੁਰੂਆਤੀ ਜਾਂਚ ਵਿੱਚ ਸਾਮਣੇ ਆਇਆ ਹੈ ਕਿ ਕੁੱਲ ਨੁਕਸਾਨ ਕਰੀਬ 4 ਕਰੋੜ 50 ਲੱਖ ਰੁਪਏ ਦਾ ਹੋਇਆ ਹੈ। ਪੁਲਸ ਵੱਲੋਂ ਬੈਂਕ ਦੇ ਲੈਣ-ਦੇਣ, ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤ ਇਕੱਠੇ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਆਰੋਪਿਆਂ ਨੂੰ ਕਾਬੂ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
