ਪੰਜਾਬ ਦੀ ਆਰਥਿਕਤਾ ਅਤੇ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਥਾਂ-ਥਾਂ ਦੁਕਾਨਾਂ ਖੋਲ੍ਹ ਕੇ ਬੈਠੇ ਫਰਜ਼ੀ ਟ੍ਰੈਵਲ ਏਜੰਟ

Thursday, Jul 18, 2024 - 04:47 PM (IST)

ਪੰਜਾਬ ਦੀ ਆਰਥਿਕਤਾ ਅਤੇ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਥਾਂ-ਥਾਂ ਦੁਕਾਨਾਂ ਖੋਲ੍ਹ ਕੇ ਬੈਠੇ ਫਰਜ਼ੀ ਟ੍ਰੈਵਲ ਏਜੰਟ

ਝਬਾਲ(ਨਰਿੰਦਰ)-ਪੰਜਾਬ ਦੇ ਨੌਜਵਾਨਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਅਪਣਾ ਕੇ ਪ੍ਰਵਾਸ ਕਰਨਾ ਜਿੱਥੇ ਯੂਰਪ ਮੁਲਕਾਂ ਲਈ ਚੁਣੌਤੀ ਬਣਦਾ ਜਾ ਰਿਹਾ ਹੈ, ਉਥੇ ਡਾਲਰਾਂ ਦੀ ਚਮਕ-ਧਮਕ ’ਚ ਗੁਆਚੇ ਪੰਜਾਬ ਦੇ ਗੱਭਰੂਆਂ ਅੰਦਰ ਵਿਦੇਸ਼ਾਂ ’ਚ ਜਾਣ ਦੀ ਲਾਲਸਾ ਇਸ ਕਦਰ ਵੱਧਦੀ ਜਾ ਰਹੀ ਹੈ ਕਿ ਹਰ ਸਾਲ 20 ਹਜ਼ਾਰ ਤੋਂ ਵੀ ਵੱਧ ਪੰਜਾਬੀ ਨੌਜਵਾਨ ਕਥਿਤ ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ਾਂ ਨੂੰ ਪ੍ਰਵਾਸ ਕਰਦੇ ਦੱਸੇ ਜਾਂਦੇ ਹਨ। ਆਪਣੇ ਪੁਰਖਿਆਂ ਵੱਲੋਂ ਖੂਨ ਪਸੀਨਾ ਇਕ ਕਰ ਕੇ ਸਿੰਜੀ ਗੁਰੂਆਂ, ਪੀਰਾਂ ਦੀ ਚਰਨ ਛੋਹ ਪ੍ਰਾਪਤ ਪੰਜਾਬ ਦੀ ਧਰਤੀ ਨੂੰ ਛੱਡ ਕੇ ਪ੍ਰਵਾਸ ਕਰਨ ਵਾਲੇ ਪੰਜਾਬੀਆਂ ਲਈ ਜਿੱਥੇ ਅੱਜ-ਕੱਲ ਆਸਟ੍ਰੇਲੀਆ ਤੇ ਕੈਨੇਡਾ ਪਹਿਲੀ ਪਸੰਦ ਬਣੇ ਹੋਏ ਹਨ, ਉਥੇ ਯੂਰਪੀ ਮੁਲਕਾਂ ’ਚ ਜਾਣ ਲਈ ਪੰਜਾਬੀ ਨੌਜਵਾਨ ਆਪਣੀ ਜਾਨ ਵੀ ਦਾਅ ’ਤੇ ਲਾ ਦਿੰਦੇ ਹਨ।

ਇਹ ਵੀ ਪੜ੍ਹੋ- ਮਾਣਹਾਨੀ ਮਾਮਲੇ 'ਚ ਬਿਕਰਮ ਮਜੀਠੀਆ ਮਾਨਯੋਗ ਅਦਾਲਤ 'ਚ ਹੋਏ ਪੇਸ਼

ਪੰਜਾਬ ਭਰ ’ਚ ਫਰਜ਼ੀ ਟ੍ਰੈਵਲ ਏਜੰਟਾਂ ਦਾ ਫੈਲਿਆ ਵਿਸ਼ਾਲ ਜਾਲ ਜਿੱਥੇ ਪੰਜਾਬ ਦੀ ਆਰਥਿਕਤਾ ਨੂੰ ਘੁੰਣ ਵਾਂਗ ਜਿੱਥੇ ਖਾ ਰਿਹਾ ਹੈ, ਉਥੇ ਟ੍ਰੈਵਲ ਏਜੰਟਾਂ ਦੇ ਗੈਰ-ਕਾਨੂੰਨੀ ਇਸ ਹੱਥਕੰਡਿਆਂ ਅਤੇ ਮਨੁੱਖੀ ਸਮੱਗਲਿੰਗ ਦਾ ਕੰਮ ਕੌਮਾਂਤਰੀ ਪੱਧਰ ਤੱਕ ਕਥਿਤ ਫੈਲਿਆ ਨੂੰ ਦੱਸਿਆ ਜਾਂਦਾ ਹੈ। ਵਿਦੇਸ਼ ਜਾਣ ਲਈ ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਹੱਥਕੰਡਿਆਂ ਕੁਝ ਵੀ ਕਰਨ ਨੂੰ ਤਿਆਰ ਪੰਜਾਬੀ ਨੌਜਵਾਨਾਂ ਦੀ ਲਾਲਸਾ ਦਾ ਫਾਇਦਾ ਬਾਜ਼ਾਰ ’ਚ ਬੈਠੇ ਫਰਜ਼ੀ ਟ੍ਰੈਵਲ ਏਜੰਟ ਚੁੱਕ ਰਹੇ ਹਨ।

ਇਕ ਪਾਸੇ ਤਾਂ ਇਹ ਲੋਕ ਕਰੋੜਾਂ ਰੁਪਏ ਦੀ ਠੱਗੀ ਮਾਰਦੇ ਹਨ, ਜਦਕਿ ਦੂਜੇ ਪਾਸੇ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕ ਆਪਣੇ ਪੈਸੇ ਵਾਪਸ ਕਰਵਾਉਣ ਲਈ ਥਾਣਿਆਂ ਤੇ ਅਦਾਲਤਾਂ ਦੇ ਚੱਕਰ ਕੱਟਣ ਲਈ ਮਜ਼ਬੂਰ ਹੋ ਰਹੇ ਹਨ। ਇਮੀਗ੍ਰੇਸ਼ਨ ਉਦਯੋਗ ’ਚ ਫੈਲੀ ਧੋਖਾਦੇਹੀ ਨੇ ਪੰਜਾਬ ਦੇ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਆਪਣੇ ਬੱਚਿਆਂ ਦੇ ਹੱਥੋਂ ਮਜਬੂਰ ਮਾਪੇ ਨਾ ਸਿਰਫ ਆਪਣਾ ਸਭ ਕੁਝ ਲੁਟਾਉਣ ਲਈ ਮਜਬੂਰ ਹੁੰਦੇ ਹਨ, ਸਗੋਂ ਠੱਗੀ ਦਾ ਸ਼ਿਕਾਰ ਹੋ ਕੇ ਇਹ ਲੋਕ ਸਾਲਾਂਬੱਧੀ ਆਪਣੇ ਪੈਸੇ ਵਾਪਸ ਲੈਣ ਲਈ ਟ੍ਰੈਵਲ ਏਜੰਟਾਂ ਦੇ ਦਫਤਰਾਂ ਅਤੇ ਪੁਲਸ ਥਾਣਿਆਂ ’ਚ ਚੱਕਰ ਕੱਟਦੇ ਹਨ।

ਟ੍ਰੈਵਲ ਏਜੰਟਾਂ ਵੱਲੋਂ ਵਿਛਾਏ ਜਾਲ ਸਬੰਧੀ ਇਕੱਤਰ ਕੀਤੀ ਜਾਣਕਾਰੀ ਦੌਰਾਨ ਕਈ ਹੈਰਾਨੀਜਨਕ ਪਹਿਲੂ ਸਾਹਮਣੇ ਆਏ ਹਨ, ਜਿਨ੍ਹਾਂ ’ਚ ਕਈ ਅਜਿਹੇ ਪਰਿਵਾਰਾਂ ਬਾਰੇ ਵੀ ਪਤਾ ਲੱਗਾ ਹੈ, ਜੋ ਆਪਣੇ ਬੱਚਿਆਂ ਹੱਥੋਂ ਮਜਬੂਰ ਹੋ ਕੇ ਗੈਰ-ਕਾਨੂੰਨੀ ਢੰਗ ਨਾਲ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਮਜਬੂਰ ਹੋ ਰਹੇ ਹਨ। ਇਥੋਂ ਹੀ ਟ੍ਰੈਵਲ ਏਜੰਟ ਮਜਬੂਰ ਲੋਕਾਂ ਦੀਆਂ ਭਾਵਨਾਵਾਂ ਨਾਲ ਧੋਖਾਦੇਹੀ ਦੀ ਆਪਣੀ ਖੇਡ ਖੇਡਣਾ ਸ਼ੁਰੂ ਕਰ ਦਿੰਦੇ ਹਨ।

ਇਹ ਵੀ ਪੜ੍ਹੋ- ਹੋਟਲ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਸ ਦੀ ਰੇਡ ਦੇਖ 2 ਥਾਈ ਕੁੜੀਆਂ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ

ਇਸ ਮਾਮਲੇ ’ਚ ਫਰਜ਼ੀ ਟ੍ਰੈਵਲ ਏਜੰਟ ਡੇਢ ਤੋਂ 2 ਲੱਖ ਰੁਪਏ ਦੀ ਠੱਗੀ ਮਾਰਦੇ ਦੱਸੇ ਜਾਂਦੇ ਹਨ। ਗੈਰ-ਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਵਾਲਿਆਂ ’ਚੋਂ ਕੁਝ ਤਾਂ ਲੁਕ-ਛਿਪ ਕੇ ਕੰਮ ਕਰਨ ਕਰ ਕੇ ਵਿਦੇਸ਼ੀ ਪੁਲਸ ਦੀ ਨਜ਼ਰ ਤੋਂ ਬਚ ਕੇ ਵਿਦੇਸ਼ਾਂ ’ਚ ਟਿਕੇ ਰਹਿੰਦੇ ਹਨ ਪਰ ਕਾਫੀ ਨੌਜਵਾਨ ਵਿਦੇਸ਼ੀ ਪੁਲਸ ਦੇ ਹੱਥ ਲੱਗ ਜਾਣ ਕਰ ਕੇ ਜੇਲਾਂ ’ਚ ਫਸ ਜਾਂਦੇ ਹਨ। ਪੇਂਡੂ ਖੇਤਰ ਨਾਲ ਸਬੰਧਤ ਪੰਜਾਬੀਆਂ ’ਚ ਗੋਰਿਆਂ ਦੀ ਧਰਤੀ ’ਤੇ ਜਾਣ ਦਾ ਭੂਤ ਇੰਨੇ ਵੱਡੇ ਪੱਧਰ ’ਤੇ ਚੜ੍ਹਿਆ ਹੋਇਆ ਹੈ ਕਿ ਵਿਦੇਸ਼ ਜਾਣ ਲਈ ਉਹ ਜ਼ਮੀਨਾਂ ਤਾਂ ਵੇਚਦੇ ਹੀ ਹਨ, ਨਾਲ ਜਾਨਾਂ ਵੀ ਗਵਾ ਰਹੇ ਹਨ।

ਫਰਜ਼ੀ ਟ੍ਰੈਵਲ ਏਜੰਟ ਘੱਟ-ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਬਣਾਉਂਦੇ ਹਨ ਆਪਣਾ ਸ਼ਿਕਾਰ

ਟ੍ਰੈਵਲ ਏਜੰਟਾਂ ਦੇ ਸ਼ਿਕਾਰ ਹੋਣ ਵਾਲਿਆਂ ’ਚ 48 ਫੀਸਦੀ ਨੌਜਵਾਨ ਘੱਟ-ਪੜ੍ਹੇ ਲਿਖੇ ਬੇਰੋਜ਼ਗਾਰ ਤੇ ਪਿੰਡਾਂ ਤੋਂ ਆਏ ਹੁੰਦੇ ਹਨ, ਜਿਨ੍ਹਾਂ ਨੂੰ ਇਹ ਟ੍ਰੈਵਲ ਏਜੰਟ ਵੱਡੇ-ਵੱਡੇ ਸੁਪਨੇ ਦਿਖਾ ਕੇ ਆਪਣੇ ਜਾਲ ’ਚ ਫਸਾ ਲੈਂਦੇ ਹਨ ਤੇ ਉਸ ਤੋਂ ਬਾਅਦ ਹੌਲੀ-ਹੌਲੀ ਉਨ੍ਹਾਂ ਤੋਂ ਪੇਸੇ ਦੀ ਲੁੱਟ ਸ਼ੁਰੂ ਕਰ ਦਿੰਦੇ ਹਨ। ਜਦੋਂ ਤੱਕ ਇਸ ਨੌਜਵਾਨ ਪੀੜ੍ਹੀ ਨੂੰ ਏਜੰਟ ਬਾਰੇ ਸਮਝ ਆਉਂਦੀ ਹੈ, ਉਦੋਂ ਤੱਕ ਬਹੁਤ ਸਾਰਾ ਪੈਸਾ ਉਨ੍ਹਾਂ ਕੋਲ ਜਾ ਚੁੱਕਾ ਹੁੰਦਾ ਹੈ।

ਇਹ ਵੀ ਪੜ੍ਹੋ- ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਪੁਲਸ ਨੇ ਮੌਕੇ 'ਤੇ ਮਾਰਿਆ ਛਾਪਾ, 10 ਗ੍ਰਿਫ਼ਤਾਰ

ਚੇਨ ਸਿਸਟਮ ਨਾਲ ਜੁੜੇ ਹੋਏ ਹਨ ਫਰਜ਼ੀ ਟ੍ਰੈਵਲ ਏਜੰਟ

ਝੂਠੇ ਜਾਂ ਫਰਜ਼ੀ ਤਰੀਕਿਆਂ ਨਾਲ ਵਿਦੇਸ਼ ਭੇਜਣ ਦੇ ਕਾਰੋਬਾਰ ’ਚ ਲੱਗੇ ਜ਼ਿਆਦਾਤਰ ਟ੍ਰੈਵਲ ਏਜੰਟ ਚੇਨ ਸਿਸਟਮ ਨਾਲ ਜੁੜੇ ਹੋਏ ਹਨ। ਕੁਝ ਵੱਡੇ ਟ੍ਰੈਵਲ ਏਜੰਟਾਂ ਨੇ ਆਪਣੇ ਦਲਾਲਾਂ ਨੂੰ ਬਾਜ਼ਾਰ ’ਚ ਛੱਡਿਆ ਹੋਇਆ ਹੈ, ਜੋ ਸ਼ਹਿਰਾਂ ’ਚ ਆਈਲੈਟਸ ਕਰਨ ਵਾਲਿਆਂ ਤੇ ਕਾਲਜਾਂ ਦੇ ਵਿਦਿਆਰਥੀਆਂ ’ਤੇ ਨਜ਼ਰ ਰੱਖਦੇ ਹਨ। ਉਹ ਇੱਛਾ ਦੇਖ ਕੇ ਟ੍ਰੈਵਲ ਏਜੰਟ ਨੂੰ ਸਾਰੀ ਜਾਣਕਾਰੀ ਦਿੰਦੇ ਹਨ। ਅੱਗੇ ਦੀ ਖੇਡ ਟ੍ਰੈਵਲ ਏਜੰਟਾਂ ਵੱਲੋਂ ਟੈਲੀ-ਮਾਰਕੀਟਿੰਗ ’ਤੇ ਬਿਠਾਈਆਂ ਗਈਆਂ ਲੜਕੀਆਂ ਪੂਰਾ ਕਰਦੀਆਂ ਹਨ। ਉਨ੍ਹਾਂ ਵੱਲੋਂ ਹਰ ਤਰ੍ਹਾਂ ਦੇ ਵੀਜ਼ੇ ਫੋਨ ’ਤੇ ਭੇਜੇ ਜਾਣ ਦਾ ਦਾਅਵਾ ਵੀ ਕੀਤਾ ਜਾਂਦਾ ਹੈ, ਇਥੋਂ ਤੱਕ ਕਿ ਰੱਦ ਹੋਈਆਂ ਫਾਈਲਾਂ ਵਾਲਿਆਂ ਨੂੰ ਵੀ ਟ੍ਰੈਵਲ ਏਜੰਟਾਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਫਸਾਇਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News