ਡਰੋਨ ਰਾਹੀਂ ਭਾਰਤੀ ਖੇਤਰ ''ਚ ਸੁੱਟੀ 3.98 ਲੱਖ ਦੀ ਜਾਅਲੀ ਕਰੰਸੀ ਬਰਾਮਦ
Saturday, Oct 17, 2026 - 04:22 PM (IST)
ਤਰਨਤਾਰਨ (ਰਾਜੂ)- ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡ ਕਲਸੀਆਂ ਖੁਰਦ ਵਿਖੇ ਐਂਟੀ ਡਰੋਨ ਸਿਸਟਮ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਥਾਣਾ ਖਾਲੜਾ ਦੀ ਪੁਲਸ ਅਤੇ ਬੀ.ਐੱਸ.ਐੱਫ. ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ 3 ਲੱਖ 98 ਹਜ਼ਾਰ 500 ਰੁਪਏ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ ਹੈ।
ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਐਂਟੀ ਡਰੋਨ ਸਿਸਟਮ (ਏ.ਡੀ.ਐੱਸ.) ’ਤੇ ਤਾਇਨਾਤ ਆਪ੍ਰੇਟਰ ਨੇ ਸੂਚਨਾ ਦਿੱਤੀ ਕਿ ਪਿੰਡ ਕਲਸੀਆਂ ਖੁਰਦ ਨਜ਼ਦੀਕ ਪਾਕਿਸਤਾਨੀ ਡਰੋਨ ਦੀ ਹਰਕਤ ਹੋਈ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਤੁਰੰਤ ਬੀ.ਐੱਸ.ਐੱਫ. ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਸਰਚ ਆਪ੍ਰੇਸ਼ਨ ਦੌਰਾਨ ਇੱਕ ਪੀਲੇ ਰੰਗ ਦਾ ਪੈਕੇਟ ਮਿਲਿਆ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਮੋਮੀ ਲਿਫਾਫੇ ਵਿਚ ਲਪੇਟੀ ਹੋਈ ਭਾਰਤੀ ਜਾਅਲੀ ਕਰੰਸੀ ਕਰੀਬ 3 ਲੱਖ 98 ਹਜ਼ਾਰ 500 ਰੁਪਏ ਬਰਾਮਦ ਹੋਈ। ਪੁਲਸ ਵੱਲੋਂ ਇਸ ਸਬੰਧੀ ਅਣਪਛਾਤੇ ਮੁਲਜ਼ਮਾਂ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
