ਆਬਕਾਰੀ ਤੇ ਕਰ ਵਿਭਾਗ ਨੇ ਬਿਆਸ ਦਰਿਆ ਕਿਨਾਰੇ ਛਾਪਾਮਾਰੀ ਕਰ 95 ਹਜ਼ਾਰ ਲੀਟਰ ਤੋਂ ਵੱਧ ਲਾਹਣ ਕੀਤੀ ਨਸ਼ਟ

08/24/2022 2:00:53 PM

ਗੁਰਦਾਸਪੁਰ (ਵਿਨੋਦ)- ਆਬਕਾਰੀ ਤੇ ਕਰ ਵਿਭਾਗ ਗੁਰਦਾਸਪੁਰ ਵੱਲੋਂ ਅੱਜ ਬਿਆਸ ਦਰਿਆ ਦੇ ਕਿਨਾਰੇ ਨਾਜਾਇਜ਼ ਸ਼ਰਾਬ ਨੂੰ ਫੜਨ ਸਬੰਧੀ ਵਿਸ਼ੇਸ ਅਭਿਆਨ ਚਲਾਇਆ ਗਿਆ। ਪੁਲਸ ਦੀ ਮਦਦ ਨਾਲ ਵਿਭਾਗ ਦੇ ਅਧਿਕਾਰੀਆਂ ਨੇ ਲਗਭਗ 95 ਹਜ਼ਾਰ ਲੀਟਰ ਲਾਹਣ ਬਰਾਮਦ ਕਰਕੇ ਮੌਕੇ ’ਤੇ ਨਸ਼ਟ ਕਰ ਦਿੱਤੀ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬਿਆਸ ਦਰਿਆ ਕਿਨਾਰੇ ਵੱਸੇ ਪਿੰਡ ਮੌਜਪੁਰ ਅਤੇ ਬੁੱਢਾ ਬਾਲਾ ਤੜਕਸਾਰ ਪੁਲਸ ਦੇ ਨਾਲ ਮਿਲ ਕੇ ਛਾਪਾਮਾਰੀ ਦਾ ਕੰਮ ਸ਼ੁਰੂ ਕੀਤਾ। 

ਇਸ ਦੌਰਾਨ ਪਹਿਲਾਂ ਟੀਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਾਰੇ ਇਲਾਕੇ ’ਚ ਸਰਕੰਡਾ ਅਤੇ ਜੰਗਲੀ ਬੂਟੀ ਹੋਣ ਕਾਰਨ ਕੁਝ ਪਤਾ ਨਹੀਂ ਸੀ ਲੱਗਾ। ਬਾਅਦ ਵਿਚ ਝਾੜੀਆਂ ਵਿਚ ਟੋਏ ਪੁੱਟ ਕੇ ਉਨ੍ਹਾਂ ’ਚ ਲੁਕਾ ਕੇ ਰੱਖੀ ਲਾਹਣ ਬਰਾਮਦ ਕੀਤੀ, ਜੋ ਲਾਹਣ ਬਰਾਮਦ ਕੀਤੀ ਗਈ, ਉਹ ਲਗਭਗ 95 ਹਜ਼ਾਰ ਲੀਟਰ ਸੀ। ਪੁਲਸ ਨੇ ਲਾਹਣ ਨੂੰ ਬਰਾਮਦ ਕਰਨ ਤੋਂ ਬਾਅਦ ਮੌਕੇ ’ਤੇ ਨਸ਼ਟ ਕਰ ਦਿੱਤਾ। ਪੁਲਸ ਨੇ ਪਹਿਲੀ ਵਾਰ ਇੰਨੀ ਵੱਡੀ ਮਾਤਰਾਂ ’ਚ ਲਾਹਣ ਬਰਾਮਦ ਕੀਤੀ ਹੈ। ਦੱਸ ਦੇਈਏ ਕਿ ਇਹ ਇਲਾਕਾ ਪਹਿਲਾਂ ਹੀ ਸ਼ਰਾਬ ਦੇ ਨਾਜਾਇਜ਼ ਨਿਰਮਾਣ ਆਦਿ ਲਈ ਬਦਨਾਮ ਹੈ। 

ਇਸ ਛਾਪਾਮਾਰੀ ਦੀ ਸੂਚਨਾ ਮਿਲਦੇ ਸ਼ਰਾਬ ਤਸ਼ੱਕਰ ਜ਼ਿਲ੍ਹਾ ਹੁਸ਼ਿਆਰਪੁਰ ਵੱਲ ਭੱਜਣ ’ਚ ਸਫ਼ਲ ਹੋ ਗਏ। ਬਿਆਸ ਦਰਿਆ ਦਾ ਦੂਜਾ ਕਿਨਾਰਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਸੀਮਾ ’ਚ ਪੈਂਦਾ ਹੈ, ਜਿਸ ਕਾਰਨ ਇਕ ਵੀ ਦੋਸ਼ੀ ਕਾਬੂ ਨਹੀਂ ਹੋਇਆ। ਵਿਭਾਗ ਨੇ ਵੱਡੀ ਮਾਤਰਾ ’ਚ ਡਰੱਮ ਤੇ ਹੋਰ ਬਰਤਨ ਕਬਜ਼ੇ ’ਚ ਲੈ ਲਏ। ਇਸ ਸਬੰਧੀ ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਗੁਰਦਾਸਪੁਰ ਨੇ ਕਿਹਾ ਕਿ ਇਸ ਸਬੰਧੀ ਦੋਸ਼ੀਆਂ ਖ਼ਿਲਾਫ਼ ਪੁਲਸ ਸਟੇਸ਼ਨ ’ਚ ਕੇਸ ਦਰਜ ਕਰਵਾਇਆ ਗਿਆ ਹੈ।  


rajwinder kaur

Content Editor

Related News