ਪੰਜਾਬ ''ਚ ਐਮਰਜੈਂਸੀ ਸਿਹਤ ਸੇਵਾਵਾਂ ਨੂੰ ਕੀਤਾ ਜਾਵੇਗਾ ਮਜ਼ਬੂਤ, ਹਰੇਕ ਗੱਡੀ ਵਿਚ ਹੋਵੇ ਫ਼ਸਟ ਏਡ ਕਿੱਟ - ਸਿਹਤ ਮੰਤਰੀ

01/21/2023 2:41:29 PM

ਅੰਮ੍ਰਿਤਸਰ (ਦਲਜੀਤ ਸ਼ਰਮਾ)- ਸਿਹਤ ਮੰਤਰੀ ਬਣਨ ਮਗਰੋਂ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਲਬੀਰ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਪੰਜਾਬ ਨੂੰ ਤੰਦਰੁਸਤ ਬਨਾਉਣਾ ਹੈ ਅਤੇ ਇਸ ਵਿਚ ਸਭ ਤੋਂ ਵੱਧ ਯੋਗਦਾਨ ਸਿਹਤ ਵਿਭਾਗ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਕੇਵਲ ਦਵਾਈਆਂ ਨਾਲ ਮਰੀਜ਼ ਦਾ ਇਲਾਜ ਹੀ ਨਹੀਂ, ਸਗੋਂ ਇਸ ਤਰ੍ਹਾਂ ਦੀ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ, ਜਿਸ ਵਿਚ ਮਰੀਜ਼ ਨੂੰ ਯੋਗ, ਮਨੋ ਚਕਿਤਸਕ ਸੇਵਾਵਾਂ, ਕਸਰਤ ਆਦਿ ਵੱਲ ਲਗਾ ਕੇ ਸੰਪੂਰਨ ਇਲਾਜ ਵੱਲ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਸਰਕਾਰੀ ਹਸਪਤਾਲਾਂ 'ਚ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਵੇ।

ਇਹ ਵੀ ਪੜ੍ਹੋ- ਅੰਮ੍ਰਿਤਸਰ: ਬਿਆਸ ਨੇੜੇ ਗੈਂਗਸਟਰ ਅਤੇ ਪੁਲਸ ਵਿਚਾਲੇ ਮੁਕਾਬਲਾ, ਪੁਲਸ ਮੁਲਾਜ਼ਮ ਨੂੰ ਲੱਗੀ ਗੋਲੀ

ਉਨ੍ਹਾਂ ਕਿਹਾ ਕਿ ਇਸ ਲਈ ਜਿੱਥੇ ਅਸੀਂ ਸਰਕਾਰੀ ਢਾਂਚਾ ਮਜ਼ਬੂਤ ਕਰਾਂਗੇ, ਉਥੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀਆਂ ਸੇਵਾਵਾਂ ਵੀ ਲਾਵਾਂਗੇ। ਉਨ੍ਹਾਂ ਡਾਕਟਰਾਂ, ਸਿਹਤ ਕਰਮੀਆਂ ਤੇ ਹੋਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗੱਡੀਆਂ ਵਿਚ ਫਸਟ ਏਡ ਕਿੱਟ ਰੱਖਣ ਅਤੇ  ਆਪਣੇ ਮਿਤਰਾਂ, ਦੋਸਤਾਂ ਤੇ ਹੋਰ ਲੋਕਾਂ ਨੂੰ ਵੀ ਮੁੱਢਲੀ ਸਹਾਇਤਾ ਦੀ ਸਿੱਖਿਆ ਦੇ ਕੇ ਇਸ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ, ਦਿਲ ਦੇ ਦੌਰੇ ਜਾਂ ਹੋਰ ਕੇਸਾਂ ਵਿਚ ਜੇਕਰ ਸਮੇਂ ਸਿਰ ਮੁੱਢਲੀ ਸਹਾਇਤਾ ਮਿਲ ਜਾਵੇ ਤਾਂ ਜਾਨਾਂ ਬਚ ਸਕਦੀਆਂ ਹਨ। 

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ, 6 ਮਹੀਨੇ ਦੇ ਪੁੱਤ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ

ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਉਨ੍ਹਾਂ ਕਿਹਾ ਕਿ ਇਸ ਦੇ ਚੰਗੇ ਨਤੀਜੇ ਮਿਲੇ ਹਨ ਅਤੇ ਥੋੜ੍ਹੇ ਜਿਹੇ ਅਰਸੇ ਵਿਚ 10 ਲੱਖ ਤੋਂ ਵੱਧ ਲੋਕਾਂ ਨੂੰ ਇਹ ਕਲੀਨਿਕ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 27 ਜਨਵਰੀ ਨੂੰ 400 ਤੋਂ ਵੱਧ ਆਮ ਆਦਮੀ ਕਲੀਨਿਕ ਹੋਰ ਸ਼ੁਰੂ ਕੀਤੇ ਜਾ ਰਹੇ ਹਨ, ਜਿਸਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਕਰਨਗੇ। ਨਸ਼ਿਆਂ ਦੇ ਖ਼ਾਤਮੇ ਲਈ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਬਾਰੇ ਗੱਲ ਕਰਦੇ ਸਿਹਤ ਮੰਤਰੀ ਨੇ ਕਿਹਾ ਕਿ ਨਸ਼ੇ ਨੂੰ ਰੋਕਣਾ ਭਾਵੇਂ ਸਾਡਾ ਕੰਮ ਨਹੀਂ, ਪਰ ਨਸ਼ਾ ਕਰਨ ਲੱਗੇ ਰੋਗੀ ਨੂੰ ਮੁੜ ਜਿੰਦਗੀ ਦੇਣੀ ਡਾਕਟਰਾਂ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਰੋਗੀ ਨੂੰ ਇਕ ਨਾਜਾਇਜ਼ ਨਸ਼ੇ ਤੋਂ ਦਵਾਈ ਦੇ ਨਸ਼ੇ ਵੱਲ ਮੋੜ ਦੇਣਾ ਇਲਾਜ ਨਹੀਂ, ਸਗੋਂ ਉਸਨੂੰ ਨਸ਼ੇ ਵਿਚੋਂ ਕੱਢ ਕੇ ਨਵੀਂ ਜ਼ਿੰਦਗੀ ਦਿਓ। ਉਨ੍ਹਾਂ ਕਿਹਾ ਕਿ ਉਹ ਸਿਹਤ ਵਿਭਾਗ ਦਾ ਡਾਟਾ ਇਕੱਠਾ ਕਰ ਰਹੇ ਹਨ ਅਤੇ ਜਲਦ ਹੀ ਰੈਸਲੇਨਾਈਜੇਸ਼ਨ ਕਰਕੇ ਲੋੜ ਅਨੁਸਾਰ ਡਾਕਟਰਾਂ ਤੇ ਸਿਹਤ ਕਰਮੀਆਂ ਦੀ ਤਾਇਨਾਤੀ ਕਰਨਗੇ। 

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਲੱਖਾਂ ਦੇ ਸੋਨੇ ਦੀ ਲੁੱਟ, ਦੁਕਾਨਦਾਰ ਨੇ ਚੋਰਾਂ ਨੂੰ ਫੜਨ ਵਾਲਿਆਂ ਲਈ ਕਰ ਦਿੱਤਾ ਵੱਡਾ ਐਲਾਨ

ਇਸ ਮੌਕੇ ਵਿਧਾਇਕ ਜਸਬੀਰ ਸਿੰਘ ਸੰਧੂ, ਵਿਧਾਇਕਾ ਸ੍ਰੀ ਜੀਵਨਜੋਤ ਕੌਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਬਲਬੀਰ ਸਿੰਘ ਨੂੰ ਅੰਮ੍ਰਿਤਸਰ ਆਉਣ 'ਤੇ ਜੀ ਆਇਆਂ ਕਿਹਾ। ਇਸ ਮਗਰੋਂ ਸਿਹਤ ਮੰਤਰੀ ਨੇ ਪੁਤਲੀਘਰ ਸਥਿਤ ਉਸ ਸਥਾਨ ਦਾ ਦੌਰਾ ਕੀਤਾ, ਜਿਥੋਂ 27 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ 400 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ ਜਾਣੇ ਹਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News