ਭਾਰੀ ਬਾਰਿਸ਼ ਹੋਣ ਨਾਲ ਕਿਸਾਨਾਂ ਦੀ ਤਬਾਹ ਹੋਈ ਝੋਨੇ ਦੀ ਫ਼ਸਲ, ਮੁਆਵਜ਼ਾ ਦੇਣ ਦੀ ਕੀਤੀ ਮੰਗ
Tuesday, Sep 27, 2022 - 11:36 AM (IST)

ਤਰਨਤਾਰਨ (ਰਮਨ, ਆਹਲੂਵਾਲੀਆ) - ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜ. ਸਕੱਤਰ ਸਰਵਣ ਸਿੰਘ ਪੰਧੇਰ, ਬਲਜਿੰਦਰ ਸਿੰਘ ਤਲਵੰਡੀ ਨੇ ਦੱਸਿਆ ਕਿ ਪਿਛਲੇ 2 ਦਿਨਾਂ ਤੋਂ ਬੇਮੌਸਮੀ ਬਾਰਿਸ਼ ਪੰਜਾਬ ਵਿਚ ਹੋ ਰਹੀ ਹੈ ਤੇ ਝੱਖੜ ਚੱਲ ਰਿਹਾ ਹੈ। ਇਸ ਨਾਲ ਝੋਨੇ ਦੀ ਖੜ੍ਹੀ ਫ਼ਸਲ ਬਰਬਾਦ ਹੋ ਰਹੀ ਹੈ। ਜੋ 1509 ਕਿਸਮ ਮੰਡੀਆਂ ਵਿਚ ਆਈ ਹੈ, ਉਹ ਵੀ ਮੀਂਹ ਦੇ ਪਾਣੀ ’ਚ ਭਿੱਜ ਕੇ ਉੱਗ ਰਹੀ ਹੈ। ਇਸ ਤਰ੍ਹਾਂ ਬੀਜੀਆਂ ਸਬਜ਼ੀਆਂ ਬਰਬਾਦ ਹੋ ਗਈਆਂ ਹਨ, ਜਿਸ ਨਾਲ ਸਬਜ਼ੀ ਮਾਲਕਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ। ਜੇਕਰ ਬਰਸਾਤ ਜਾਰੀ ਰਹੀ ਤਾਂ ਇਹ ਨੁਕਸਾਨ ਕਈ ਗੁਣਾ ਵਧ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਲੈ ਕੇ 2 ਧਿਰਾਂ ’ਚ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ
ਕਿਸਾਨ ਆਗੂਆਂ ਨੇ ਬਰਸਾਤ ਨਾਲ ਤਬਾਹ ਹੋਈਆਂ ਫਸਲਾਂ, ਸਬਜ਼ੀਆਂ ਦਾ ਪ੍ਰਤੀ ਏਕੜ 50 ਹਜ਼ਾਰ ਮੁਆਵਜ਼ਾ ਦੇਣ ਅਤੇ ਫ਼ਸਲਾਂ ਦੀ ਤੁਰੰਤ ਸਪੈਸ਼ਲ ਗਿਰਦਾਵਰੀ ਕਰਵਾਉਣ ਦੀ ਜ਼ੋਰਦਾਰ ਮੰਗ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤਬਾਹ ਹੋਈ ਨਰਮੇ ਦੀ ਫ਼ਸਲ ਤੇ ਬਾਸਮਤੀ ਦੀ ਫ਼ਸਲ ਦਾ ਮੰਨਿਆ ਸਾਢੇ ਸਤਾਰਾਂ (17.5) ਪ੍ਰਤੀ ਏਕੜ ਮੁਆਵਜ਼ਾ ਪੰਜਾਬ ਸਰਕਾਰ ਨਹੀਂ ਦੇ ਰਹੀ। ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ’ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਖ਼ਰਾਬ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਹੁਣ 5400 ਰੁਪਏ ਪ੍ਰਤੀ ਏਕੜ ਦੇਣ ਦੀ ਪੁਰਾਣੀ ਪਾਲਿਸੀ ’ਤੇ ਕੰਮ ਹੋ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਇਸ ਸੀਜ਼ਨ ਵਿਚ ਹੜ੍ਹਾਂ ਤੇ ਬਰਸਾਤਾਂ ਨਾਲ ਦਰਿਆਵਾਂ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਦੀ ਫ਼ਸਲ ਪਾਣੀ ’ਚ ਡੁੱਬ ਚੁੱਕੀ ਹੈ। ਮੁਕਤਸਰ ਤੇ ਫਾਜ਼ਿਲਕਾ ਦੇ ਸੇਮ ਵਾਲੇ ਇਲਾਕਿਆਂ ’ਚ ਨਰਮੇ ਤੇ ਝੋਨੇ ਦੀ ਫ਼ਸਲ ਤਬਾਹ ਹੋ ਗਈ, ਜਿਸ ਦੀ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ ਤੇ ਨਾ ਹੀ ਮੁਆਵਜ਼ਾ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਪੰਜਾਬ ਭਰ ਦੇ ਪੀੜਤ ਕਿਸਾਨਾਂ-ਮਜ਼ਦੂਰਾਂ ਨੂੰ 3 ਅਕਤੂਬਰ ਨੂੰ ਰੇਲਾਂ ਦੇ ਚੱਕਾ ਜਾਮ ਅੰਦੋਲਨ ਵਿਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਆਖਿਆ ਹੈ।