ਧੁੱਸੀ ਬੰਨ੍ਹ 'ਤੇ 3 ਫੁੱਟ ਰਸਤਾ ਬਚਿਆ ਹੋਣ ਕਾਰਨ ਆਵਾਜਾਈ ਕੀਤੀ ਬੰਦ, ਵੱਡੀ ਪੱਧਰ ’ਤੇ ਕੰਮ ਜਾਰੀ

07/24/2023 3:02:15 PM

ਬਹਿਰਾਮਪੁਰ/ਗੁਰਦਾਸਪੁਰ (ਗੋਰਾਇਆ, ਵਿਨੋਦ)- ਬੀਤੇ ਦਿਨ ਕੁਝ ਸ਼ਰਾਰਤੀ ਤੱਤਾਂ ਦੇ ਕਾਰਨ ਜੋ ਧੁੱਸੀ ਬੰਨ੍ਹ ’ਤੇ ਠਾਕੁਰਪੁਰ ਦੇ ਕੋਲ ਧੁੱਸੀ ਬੰਨ੍ਹ ਨੁਕਸਾਨਿਆ ਹੋਇਆ ਸੀ, ਸਬੰਧੀ ਹੁਣ ਧੁੱਸੀ ਬੰਨ੍ਹ 'ਤੇ ਮਾਤਰ 3 ਫੁੱਟ ਚੌੜਾ ਰਸਤਾ ਰਹਿਣ ਕਾਰਨ ਉਕਤ ਰਸਤੇ ਨੂੰ ਆਵਾਜਾਈ ਲਈ ਬੰਦ ਕਰ ਕੇ ਇਸ ਵਧੀ ਦਰਾਰ ਨੂੰ ਭਰਨ ਲਈ ਸਬੰਧਤ ਵਿਭਾਗ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ।

ਬੀਤੇ ਦਿਨੀਂ ਰਾਵੀ ਦਰਿਆ ’ਚ ਧੁੱਸੀ ਬੰਨ੍ਹ ਦੇ ਕਿਨਾਰੇ ’ਤੇ ਵਸੇ ਪਿੰਡ ਕਾਹਨਾ ’ਚ ਪਾਣੀ ਭਰਨ ਲੱਗਾ ਤਾਂ ਲੋਕਾਂ ਨੇ ਪਾਣੀ ਦੇ ਨਿਕਾਸ ਵਾਲੇ ਸਥਾਨ ’ਤੇ ਆ ਕੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਪਾਣੀ ਨਿਕਾਸ ਲਈ ਧੁੱਸੀ ਬੰਨ੍ਹ ਦੇ ਹੇਠਾਂ ਪਾਈਆਂ ਪਾਈਪਾਂ ਦੇ ਅੱਗੇ ਬੋਰੀਆ ਪਾ ਕੇ ਬੰਦ ਕਰ ਦਿੱਤਾ ਗਿਆ ਵੇਖਿਆ ਤਾਂ ਉਨ੍ਹਾਂ ਨੇ ਉੱਥੋਂ ਬੋਰੀਆਂ ਹਟਾ ਕੇ ਪਾਣੀ ਦਾ ਨਿਕਾਸ ਸ਼ੁਰੂ ਕਰ ਦਿੱਤਾ। ਪਾਣੀ ਦੇ ਜ਼ਿਆਦਾ ਬਹਾਅ ਤੇ ਦਬਾਅ ਦੇ ਕਾਰਨ ਉੱਥੇ ਪਾਈਪਾਂ ਦੇ ਦੋਵੇਂ ਪਾਸੇ ਤੋਂ ਵੀ ਪਾਣੀ ਦਾ ਨਿਕਾਸ ਸ਼ੁਰੂ ਹੋਣ ਨਾਲ ਧੁੱਸੀ ਬੰਨ੍ਹ ਨੂੰ ਖ਼ਤਰਾ ਬਣਿਆ ਵੇਖ ਜ਼ਿਲ੍ਹਾ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ ਅਤੇ ਮੌਕੇ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- ਹੈਰੋਇਨ ਸਮੇਤ ਫੜਿਆ ਤੇਜਬੀਰ ਸਿੰਘ 2 ਦਿਨਾਂ ਰਿਮਾਂਡ 'ਤੇ, ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਈ ਇਹ ਗੱਲ

ਫਿਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਆਪਣੇ ਪੱਧਰ ’ਤੇ ਰੇਤ ਦੀਆਂ ਬੋਰੀਆਂ ਪਾ ਕੇ ਇਸ ਦਰਾਰ ਨੂੰ ਭਰਨ ਦੀ ਕੋਸ਼ਿਸ ਕੀਤੀ, ਕਿਉਂਕਿ ਉਨ੍ਹਾਂ ਦੇ ਠਾਕੁਰਪੁਰ ਬੀ. ਓ. ਪੀ. ’ਚ ਪਾਣੀ ਭਰਨਾ ਸ਼ੁਰੂ ਹੋ ਗਿਆ ਅਤੇ ਖ਼ਤਰਾ ਬਣ ਗਿਆ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਧੁੱਸੀ ਬੰਨ੍ਹ ਦੇ ਉਪਰੋਂ ਵੀ ਨੁਕਸਾਨ ਸ਼ੁਰੂ ਹੋ ਗਿਆ। ਧੁੱਸੀ ਬੰਨ੍ਹ ’ਚ ਪਾਣੀ ਦਾਖ਼ਲ ਹੋਣ ਕਾਰਨ ਇਸ ਥਾਂ ’ਤੇ ਕਰੀਬ 20 ਫੁੱਟ ਚੌੜੀ ਧੁੱਸੀ ਬੰਨ੍ਹ ਸਿਰਫ਼ 3-4 ਫੁੱਟ ਚੌੜਾ ਰਹਿ ਗਿਆ, ਜਦਕਿ ਬਾਕੀ ਹਿੱਸਾ ਪਾਣੀ ਕਾਰਨ ਨੁਕਸਾਨਿਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਸ਼ਮਸ਼ੇਰ ਸਿੰਘ, ਐੱਸ. ਡੀ. ਐੱਮ. ਦੀਨਾਨਗਰ ਅਰਵਿੰਦਰ ਕੁਮਾਰ ਸਮੇਤ ਤਹਿਸੀਲਦਾਰ ਤਰਸੇਮ ਕੁਮਾਰ ਅਤੇ ਡਰੇਨੇਜ਼ ਵਿਭਾਗ ਦੇ  ਐੱਸ. ਡੀ. ਓ. ਰਾਜ ਕੁਮਾਰ ਆਪਣੇ ਮੁਲਾਜ਼ਮਾਂ ਸਮੇਤ ਮੌਕੇ ’ਤੇ ਪੁੱਜੇ। ਸਥਿਤੀ ਵਿਗੜਦੀ ਦੇਖ ਉਸ ਨੇ ਪਹਿਲਾਂ ਤਾਂ ਪਾਈਪਾਂ ਰਾਹੀਂ ਆਉਣ ਵਾਲੇ ਦਰਿਆ ਦੇ ਪਾਣੀ ਨੂੰ ਟੀਨਾ ਲਗਾ ਕੇ ਰੋਕਿਆ ਅਤੇ ਉਸ ਤੋਂ ਬਾਅਦ ਪੋਕਲੀਨ ਮਸ਼ੀਨ ਮੰਗਵਾ ਕੇ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਅਕਾਲੀ ਆਗੂ ਹੈਰੋਇਨ ਤੇ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਵਿਭਾਗ ਵੱਲੋਂ ਹੁਣ ਠਾਕੁਰਪੁਰ ਦੇ ਸਾਹਮਣੇ ਪੋਕਲੇਨ ਮਸ਼ੀਨ ਰਾਹੀਂ ਧੁੱਸੀ ਬੰਨ੍ਹ ਦੇ ਹੇਠਾਂ ਪਾਈਆਂ ਗਈਆਂ ਦੋਵੇਂ ਪਾਈਪਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਹੇਠਾਂ ਮਜ਼ਬੂਤ ਪ੍ਰਬੰਧ ਕਰਨ ਲਈ ਪੱਥਰ ਆਦਿ ਪਾਏ ਜਾ ਰਹੇ ਹਨ। ਉਸ ਤੋਂ ਬਾਅਦ ਮੁੜ ਤੋਂ ਪਾਈਪਾਂ ਪਾ ਕੇ ਇਸ ਦੇ ਆਲੇ-ਦੁਆਲੇ ਮਜ਼ਬੂਤ ਪ੍ਰਬੰਧ ਕਰ ਕੇ ਧੁੱਸੀ ਬੰਨ੍ਹ ਦੀ ਮੁਰੰਮਤ ਕੀਤੀ ਜਾਵੇਗੀ ਪਰ ਜੇਕਰ ਪਹਾੜਾਂ ’ਤੇ ਭਾਰੀ ਮੀਂਹ ਪੈਂਦਾ ਹੈ ਅਤੇ ਉੱਜ ਨਦੀ ਦਾ ਪਾਣੀ ਰਾਵੀ ਦਰਿਆ ’ਚ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਸਥਾਨ ’ਤੇ ਭਾਰੀ ਨੁਕਸਾਨ ਹੋਣ ਤੋਂ ਬਚਿਆ ਨਹੀਂ ਜਾਵੇਗਾ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਇਹ ਸਾਰਾ ਕੁਝ ਰਾਤੋ-ਰਾਤ ਪੂਰਾ ਹੋ ਜਾਵੇ।

ਇਹ ਵੀ ਪੜ੍ਹੋ-  ਕੁੜੀ ਦੇ ਗੁਪਤ ਅੰਗ 'ਤੇ ਕਰੰਟ ਲਾਉਣ ਦੇ ਮਾਮਲੇ 'ਚ ਦੋ ਹੋਰ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ

ਸਾਡੀ ਪਹਿਲ ਨੁਕਸਾਨੇ ਧੁੱਸੀ ਬੰਨ੍ਹ ਦੀ ਜਲਦੀ ਮੁਰੰਮਤ ਕਰਵਾਉਣਾ : ਅਰਵਿੰਦ ਕੁਮਾਰ, ਸ਼ਮਸ਼ੇਰ ਸਿੰਘ

ਇਸ ਦੌਰਾਨ ਐੱਸ. ਡੀ. ਐੱਮ. ਦੀਨਾਨਗਰ ਅਰਵਿੰਦ ਕੁਮਾਰ ਅਤੇ ‘ਆਪ’ ਆਗੂ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਬੀਤੀ ਰਾਤ ਤੋਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ । ਸਾਡੀ ਪਹਿਲ ਇਸ ਧੁੱਸੀ ਬੰਨ੍ਹ ਦੇ ਅੰਦਰ ਪਈਆਂ ਤਰੇੜਾਂ ਨੂੰ ਭਰਨਾ ਅਤੇ ਪਾਈਪਾਂ ਪਾਉਣਾ ਅਤੇ ਨੁਕਸਾਨੇ ਗਏ ਧੁੱਸੀ ਬੰਨ੍ਹ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣਾ ਹੈ, ਜਿਨ੍ਹਾਂ ਲੋਕਾਂ ਨੇ ਸ਼ਰਾਰਤ ਕਰ ਕੇ ਇਹ ਸਥਿਤੀ ਪੈਦਾ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਪੁਲਸ ਆਪਣੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ ਪਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲ ਹੈ। ਉਨ੍ਹਾਂ ਕਿਹਾ ਕਿ ਦਰਿਆ ’ਚ ਆਏ ਹੜ੍ਹ ਕਾਰਨ ਨੁਕਸਾਨੀਆਂ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ SGPC ਨੇ ਯੂਟਿਊਬ ਚੈਨਲ ਕੀਤਾ ਲਾਂਚ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News