ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਵਾਸਤੇ ਕੈਰੀਅਰ ਗਾਈਡੈਂਸ ਫੇਅਰ ਦਾ ਸਫਲ ਆਯੋਜਨ

Friday, May 01, 2026 - 10:39 PM (IST)

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਵਾਸਤੇ ਕੈਰੀਅਰ ਗਾਈਡੈਂਸ ਫੇਅਰ ਦਾ ਸਫਲ ਆਯੋਜਨ

ਅੰਮ੍ਰਿਤਸਰ (ਸਰਬਜੀਤ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਵਿਦਿਆਰਥੀਆਂ ਦੇ ਮਾਰਗ ਦਰਸ਼ਨ ਵਾਸਤੇ ਕੈਰੀਅਰ ਗਾਈਡੈਂਸ ਫੇਅਰ ਲਗਾਇਆ ਗਿਆ, ਜਿਸ ਦਾ ਉਦਘਾਟਨ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਹੋਰਨਾਂ ਪਤਵੰਤਿਆਂ ਦੀ ਹਾਜ਼ਰੀ ਵਿਚ ਕੀਤਾ। ਇਸ ਮੌਕੇ ਹਾਜ਼ਰ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰਨਾਂ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਹਰ ਸਾਲ ਇਹ ਕੈਰੀਅਰ ਗਾਈਡੈਂਸ ਫੇਅਰ ਲਗਾਉਂਦੀ ਹੈ ਜਿਸ ਵਿਚ 9ਵੀਂ, 10ਵੀਂ, 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਦਿੱਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਵਕਤ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਸਾਡੇ ਬੱਚੇ ਉਸ ਸੋਚ ਮੁਤਾਬਕ ਆਪਣੀ ਜੀਵਨ ਦੇ ਟੀਚੇ ਹਾਸਲ ਕਰ ਸਕਣ, ਇਸ ਵਾਸਤੇ ਇਹ ਕੈਂਪ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ। ਇਹ ਬਹੁਤ ਹੀ ਸਾਰਥਕ ਫੋਰਮ ਹੈ ਜਿਸ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਵਧਾਈ ਦੀ ਪਾਤਰ ਹੈ।

ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜੀ ਬਹੁਤ ਵੱਡੀ ਤੇ ਉੱਚੀ ਸੋਚ ਵਾਲੀ ਪੀੜੀ ਹੈ ਜਿਸਨੂੰ ਸਹੀ ਮਾਰਗ ਦਰਸ਼ਨ ਮਿਲੇ ਤਾਂ ਉਹ ਵੱਡੇ ਮੁਕਾਮ ’ਤੇ ਆਪਣੇ ਆਪ ਨੂੰ ਸਥਾਪਿਤ ਕਰ ਸਕਦੇ ਹਨ। ਇਸ ਮੌਕੇ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਕੈਂਪ ਵਿਚ 70 ਦੇ ਕਰੀਬ ਇੰਸਟੀਚਿਊਟਸ ਤੋਂ ਮਾਹਿਰ ਆਏ ਜਿਹਨਾਂ ਆਪਣੇ ਸਟਾਲ ਲਗਾ ਕੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ।

ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪਿਛਲੇ ਤਿੰਨ ਸਾਲ ਤੋਂ ਇਹ ਕੈਂਪ ਲਗਾ ਰਹੀ ਹੈ ਤੇ ਹਰ ਸਾਲ ਇਹਨਾਂ ਕੈਂਪਾਂ ਵਿਚ ਗਾਈਡੈਂਸ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕੈਂਪਾਂ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਪਹੁੰਚ ਕੇ ਨਿੱਤ ਬਦਲ ਰਹੇ ਸਿੱਖਿਆ ਦੇ ਪੱਧਰ ਤੇ ਕੈਰੀਅਰ ਦੇ ਵਿਕਲਪਾਂ ਬਾਰੇ ਗਿਆਨ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਕੈਂਪ ਦੇ ਸਫਲ ਆਯੋਜਨ ਵਾਸਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਿੱਖਿਆ ਖੇਤਰ ਦੇ ਚੇਅਰਮੈਨ ਕੁਲਤਾਰਨ ਸਿੰਘ ਕੋਛੜ ਅਤੇ ਉਨ੍ਹਾਂ ਨਾਲ ਮੈਡਮ ਮਨਿੰਦਰ ਕੌਰ ਤੇ ਬਲਜਿੰਦਰ ਕੌਰ ਵਧਾਈ ਦੇ ਪਾਤਰ ਹਨ ਜਿਹਨਾਂ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਇਸ ਫੇਅਰ ਦਾ ਸਫਲ ਆਯੋਜਨ ਕੀਤਾ। ਇਸ ਮੌਕੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁੱਦੇਦਾਰ, ਮੈਂਬਰ ਅਤੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਮੁਖੀ ਅਤੇ ਸਟਾਫ ਮੈਂਬਰ ਤੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ।


author

Inder Prajapati

Content Editor

Related News