ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਲੱਗੀ ਭਿਆਨਕ ਅੱਗ, ਸੰਗਤਾਂ ਦੀ ਮੁਸਤੈਦੀ ਨਾਲ ਟਲਿਆ ਵੱਡਾ ਹਾਦਸਾ
Thursday, May 28, 2026 - 11:00 AM (IST)
ਅੰਮ੍ਰਿਤਸਰ (ਰਮਨ)-ਚਾਟੀਵਿੰਡ ਚੌਕ ਸਥਿਤ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਸ਼ਹੀਦਾਂ ਸਾਹਿਬ) ਵਿਖੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਵਿਚ ਲੱਗੀਆਂ ਚਾਨਣੀਆਂ ਨੂੰ ਅਚਾਨਕ ਅੱਗ ਲੱਗ ਗਈ।ਜਾਣਕਾਰੀ ਅਨੁਸਾਰ ਇਹ ਘਟਨਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਵਾਪਰੀ। ਕੱਪੜੇ ਦੀਆਂ ਬਣੀਆਂ ਹੋਣ ਕਾਰਨ ਚਾਨਣੀਆਂ ਨੇ ਤੁਰੰਤ ਅੱਗ ਫੜ ਲਈ ਅਤੇ ਕੁਝ ਹੀ ਪਲਾਂ ਵਿਚ ਲਪਟਾਂ ਤੇਜ਼ੀ ਨਾਲ ਫੈਲ ਗਈਆਂ। ਇਸ ਕਾਰਨ ਮੌਕੇ ’ਤੇ ਮੌਜੂਦ ਸੰਗਤ ਵਿਚ ਡਰ ਅਤੇ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ।
ਇਹ ਵੀ ਪੜ੍ਹੋ- ਰੇਗਿਸਤਾਨ ਤੋਂ ਵੱਧ ਤਪ ਰਿਹਾ ਪੰਜਾਬ, ਚਿੰਤਾਨਜਨਕ ਬਣੀ ਸਥਿਤੀ
ਸੰਗਤ ਅਤੇ ਸੇਵਾਦਾਰਾਂ ਨੇ ਦਿਖਾਈ ਫੁਰਤੀ
ਹਾਦਸਾ ਵਾਪਰਦੇ ਹੀ ਗੁਰਦੁਆਰਾ ਸਾਹਿਬ ਵਿਚ ਮੌਜੂਦ ਸੇਵਾਦਾਰਾਂ ਅਤੇ ਸੰਗਤ ਨੇ ਬਿਨਾਂ ਸਮਾਂ ਗਵਾਏ ਮੋਰਚਾ ਸੰਭਾਲ ਲਿਆ। ਪਾਣੀ ਵਾਲੀਆਂ ਬਾਲਟੀਆਂ ਅਤੇ ਪਾਈਪਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸੰਗਤ ਅਤੇ ਸੇਵਾਦਾਰਾਂ ਦੀ ਫੁਰਤੀ ਸਦਕਾ ਕੁਝ ਹੀ ਸਮੇਂ ਵਿਚ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਸਭ ਤੋਂ ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
ਪ੍ਰਬੰਧ ਮੁੜ ਬਹਾਲ ਕਰਨ ਦੇ ਯਤਨ ਸ਼ੁਰੂ
ਅੱਗ ਬੁਝਾਉਣ ਤੋਂ ਤੁਰੰਤ ਬਾਅਦ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਪ੍ਰਬੰਧਕਾਂ ਅਨੁਸਾਰ ਸੜੀਆਂ ਹੋਈਆਂ ਚਾਨਣੀਆਂ ਨੂੰ ਹਟਾਉਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਥਾਂ ਨਵੀਆਂ ਚਾਨਣੀਆਂ ਲਗਾਈਆਂ ਜਾ ਰਹੀਆਂ ਹਨ। ਗੁਰਦੁਆਰਾ ਸਾਹਿਬ ਦੀ ਮਰਿਆਦਾ ਅਤੇ ਸੰਗਤ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧਾਂ ਨੂੰ ਜਲਦ ਤੋਂ ਜਲਦ ਮੁੜ ਬਹਾਲ ਕੀਤਾ ਜਾ ਰਿਹਾ ਹੈ।
ਫਾਇਰ ਸੇਫਟੀ ਦੀ ਮੰਗ
ਮੌਕੇ ’ਤੇ ਮੌਜੂਦ ਗੁਰਦਿਆਲ ਸਿੰਘ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਸੰਗਤ ਅੱਗੇ ਨਾ ਆਉਂਦੀ ਤਾਂ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਧਾਰਮਿਕ ਅਸਥਾਨਾਂ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਹਿਮ ਮੰਗਾਂ ਰੱਖੀਆਂ ਹਨ ਕਿ ਅਚਨਚੇਤ ਸ਼ਾਰਟ ਸਰਕਟ ਅੱਗ ਲੱਗਣ ਨਾਲ ਤੁਰੰਤ ਕਰੀਬ 40 ਤੋਂ 50 ਸੇਵਾਦਾਰਾਂ ਅਤੇ ਸੰਗਤ ਨੇ ਮਿਲ ਕੇ ਅੱਗ ’ਤੇ ਕਾਬੂ ਪਾਇਆ। ਇਤਿਹਾਸਕ ਧਾਰਮਿਕ ਸਥਾਨਾਂ ’ਤੇ 24 ਘੰਟੇ ਫਾਇਰ ਸੇਫਟੀ ਅਤੇ ਐਮਰਜੈਂਸੀ ਪਾਣੀ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਸ਼ਾਰਟ ਸਰਕਟ ਵਰਗੀਆਂ ਘਟਨਾਵਾਂ ਤੋਂ ਬਚਣ ਲਈ ਬਿਜਲੀ ਪ੍ਰਣਾਲੀ ਦੀ ਨਿਯਮਤ ਜਾਂਚ ਯਕੀਨੀ ਬਣਾਈ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
