ਦਿੱਲੀ ਕਮੇਟੀ ਵੱਲੋਂ ਪੰਜਵਾਂ ‘ਗੁਰਮਤਿ ਕੈਂਪ’ ਲਗਾਉਣ ਦੀ ਤਿਆਰੀ ਮੁਕੰਮਲ
Tuesday, May 26, 2026 - 09:59 PM (IST)
ਅੰਮ੍ਰਿਤਸਰ (ਸਰਬਜੀਤ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਸਾਲ ਪਹਿਲਾਂ ਆਰੰਭੀ ਆਪਣੀ ਮੁਹਿੰਮ ਦੇ ਹਿੱਸੇ ਵਜੋਂ, ਇਸ ਵਾਰ ਸਕੂਲਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੌਰਾਨ ਪੰਜਵਾਂ ‘ਗੁਰਮਤਿ ਕੈਂਪ’ ਲਗਾਉਣ ਦੀ ਵਿਆਪਕ ਪੱਧਰ ’ਤੇ ਤਿਆਰੀ ਮੁਕੰਮਲ ਕਰ ਲਈ ਹੈ।
ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਇਸ ਵਾਰ ਦੇ ਕੈਂਪਾਂ ਵਿੱਚ 25 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਸ਼ਮੂਲੀਅਤ ਕਰਨ ਦੀ ਉਮੀਦ ਹੈ। ਇਹ ਕੈਂਪ 1 ਜੂਨ ਤੋਂ ਸ਼ੁਰੂ ਹੋਣਗੇ ਅਤੇ ਇਨ੍ਹਾਂ ਦੀ ਸਮਾਪਤੀ 20 ਅਤੇ 21 ਜੂਨ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਹਾਲ (ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ) ਵਿਖੇ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਲ 2022 ਵਿਚ ਪਹਿਲੀ ਵਾਰ ਲਗਾਏ ਗਏ ਕੈਂਪ ਵਿਚ 4 ਹਜ਼ਾਰ ਬੱਚਿਆਂ ਨੇ ਹਿੱਸਾ ਲਿਆ ਸੀ। ਹਰ ਸਾਲ ਇਹ ਗਿਣਤੀ ਵਧਦੀ ਗਈ ਅਤੇ ਇਸ ਵਾਰ ਰਿਕਾਰਡ 25 ਹਜ਼ਾਰ ਵਿਦਿਆਰਥੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਦਿੱਲੀ ਦੇ ਨਾਲ-ਨਾਲ ਰਾਜਸਥਾਨ, ਯੂ.ਪੀ., ਉੱਤਰਾਖੰਡ, ਬਿਹਾਰ, ਅਰੁਣਾਚਲ ਪ੍ਰਦੇਸ਼ ਅਤੇ ਪੰਜਾਬ ਤੋਂ ਵੀ ਕੈਂਪ ਲਗਾਉਣ ਦੀ ਮੰਗ ਆਈ ਹੈ। ਕੁੱਲ 125 ਕੈਂਪ ਲਗਾਏ ਜਾਣਗੇ। ਆਗੂਆਂ ਨੇ ਦੱਸਿਆ ਕਿ ਕੈਂਪਾਂ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਗੁਰਸਿੱਖੀ ਜੀਵਨ ਜਾਚ, ਗੁਰਮੁਖੀ ਭਾਸ਼ਾ, ਆਪਣੇ ਅਮੀਰ ਵਿਰਸੇ ਅਤੇ ਇਤਿਹਾਸ ਨਾਲ ਜੋੜਨਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਗੁਰਮੁਖੀ ਲਿਪੀ ਰਾਹੀਂ ਗੁਰਬਾਣੀ ਦੀ ਰਚਨਾ ਕਰਕੇ ਸਾਨੂੰ ਮਹਾਨ ਸਰਮਾਇਆ ਦਿੱਤਾ ਹੈ। ਇਸ ਵਾਰ ਅਸੀਂ ਸਿਲੇਬਸ ਵਿਚ ਤਬਦੀਲੀ ਕਰਦਿਆਂ ‘ਜੰਗਾਂ ਦਾ ਇਤਿਹਾਸ’ ਸ਼ਾਮਲ ਕੀਤਾ ਹੈ। ਕੈਂਪਾਂ ਵਾਸਤੇ ਲਗਭਗ 1,000 ਵਾਲੰਟੀਅਰਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਸਹਿਜਧਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਰਟੀਫਿਕੇਟ ਅਤੇ ਟ੍ਰਾਫੀਆਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਜਿਸ ਬੱਚੇ ਨੇ ਪਹਿਲਾਂ 14 ਬਾਣੀਆਂ ਕੰਠ ਕੀਤੀਆਂ ਸਨ (ਜਿਸ ਨੂੰ 51,000 ਰੁਪਏ ਇਨਾਮ ਮਿਲਿਆ ਸੀ), ਹੁਣ ਉਸ ਨੇ 21 ਬਾਣੀਆਂ ਕੰਠ ਕਰ ਲਈਆਂ ਹਨ। ਕਮੇਟੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਢਲਾ ਮੰਤਵ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ ਅਤੇ ਉਹ ਇਸ ਮੁਹਿੰਮ ਨੂੰ ਵਿਦੇਸ਼ਾਂ ਤੱਕ ਲੈ ਜਾਣ ਲਈ ਵਚਨਬੱਧ ਹਨ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕਰਨ।
