ਪਹਿਲੀ ਜਮਾਤ ਦੇ ਬੱਚੇ ਦਾ ਜਥੇਦਾਰ ਗੜਗੱਜ ਵੱਲੋਂ ਸਨਮਾਨ

Tuesday, May 26, 2026 - 08:57 PM (IST)

ਪਹਿਲੀ ਜਮਾਤ ਦੇ ਬੱਚੇ ਦਾ ਜਥੇਦਾਰ ਗੜਗੱਜ ਵੱਲੋਂ ਸਨਮਾਨ

ਅੰਮ੍ਰਿਤਸਰ (ਸਰਬਜੀਤ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਪਹਿਲੀ ਜਮਾਤ ਦੇ ਹੋਣਹਾਰ ਬੱਚੇ ਗੁਰਰਹਿਮਤਵੀਰ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਕੱਤਰੇਤ ਵਿਖੇ ਮੁਲਾਕਾਤ ਕੀਤੀ। ਸਿੰਘ ਸਾਹਿਬ ਵੱਲੋਂ ਇਸ ਬੱਚੇ ਦੀ ਵਿਲੱਖਣ ਪ੍ਰਤਿਭਾ ਨੂੰ ਦੇਖਦਿਆਂ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੱਸਿਆ ਕਿ ਇਸ ਬੱਚੇ ’ਤੇ ਅਕਾਲ ਪੁਰਖ ਦੀ ਅਪਾਰ ਬਖ਼ਸ਼ਿਸ਼ ਹੈ। ਛੋਟੀ ਉਮਰ ਦੇ ਬਾਵਜੂਦ ਇਸ ਬੱਚੇ ਨੂੰ ਫ਼ਾਰਸੀ ਭਾਸ਼ਾ ਵਿਚ ਲਿਖਿਆ ਪੂਰਾ ‘ਜ਼ਫ਼ਰਨਾਮਾ’ ਕੰਠ (ਜ਼ੁਬਾਨੀ ਯਾਦ) ਹੈ। ਉਸ ਨੂੰ ਉਰਦੂ, ਅਰਬੀ, ਫ਼ਾਰਸੀ ਅਤੇ ਗੁਰਮੁਖੀ ਦੇ ਅੱਖਰਾਂ ਦੀ ਮੁਕੰਮਲ ਜਾਣਕਾਰੀ ਹੈ। ਬੱਚੇ ਦੀ ਲਿਖਤ (ਕਾਪੀ) ਤੋਂ ਪਤਾ ਲੱਗਾ ਹੈ ਕਿ ਉਸ ਨੂੰ ਗ੍ਰੀਕ, ਕਜ਼ਾਖ ਅਤੇ ਹੋਰ ਵੀ ਕਈ ਵਿਦੇਸ਼ੀ ਭਾਸ਼ਾਵਾਂ ਦੇ ਅੱਖਰਾਂ ਦਾ ਗਿਆਨ ਹੈ ਅਤੇ ਉਹ ਇਨ੍ਹਾਂ ਨੂੰ ਲਿਖਣਾ ਵੀ ਜਾਣਦਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਪਹਿਲੀ ਜਮਾਤ ਵਿਚ ਪੜ੍ਹਦਾ ਇਹ ਬੱਚਾ ਦੂਜੇ ਬੱਚਿਆਂ ਅਤੇ ਸਮਾਜ ਲਈ ਇਕ ਵੱਡਾ ਪ੍ਰੇਰਣਾ ਸਰੋਤ ਹੈ। ਉਨ੍ਹਾਂ ਨੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਇਸ ਬੱਚੇ ’ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।


author

Inder Prajapati

Content Editor

Related News