ਨਸ਼ੇ ਵਾਲੀਆਂ ਗੋਲੀਆਂ ਸਮੇਤ 5 ਅਡ਼ਿੱਕੇ

Thursday, Nov 15, 2018 - 02:19 AM (IST)

ਨਸ਼ੇ ਵਾਲੀਆਂ ਗੋਲੀਆਂ ਸਮੇਤ 5 ਅਡ਼ਿੱਕੇ

ਝਬਾਲ/ਬੀਡ਼ ਸਾਹਿਬ,   (ਲਾਲੂਘੁੰਮਣ, ਬਖਤਾਵਰ, ਨਰਿੰਦਰ)-  ਪੰਜਾਬ ਸਰਕਾਰ ਦੇ ਹੁਕਮਾਂ ’ਤੇ ਨਸ਼ਾ ਵਿਰੋਧੀ ਛੇਡ਼ੀ ਗਈ ਮੁਹਿੰਮ ਤਹਿਤ ਐੱਸ.ਐੱਸ.ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਦੇ ਅਦੇਸ਼ਾਂ ਤਹਿਤ ਉਪ ਪੁਲਸ ਕਪਤਾਨ ਸਬ ਡਵੀਜ਼ਨ ਤਰਨਤਾਰਨ ਸੁੱਚਾ ਸਿੰਘ ਬੱਲ ਦੀ ਅਗਵਾਈ ’ਚ ਸੀ.ਆਈ.ਏ. ਸਟਾਫ ਤਰਨਤਾਰਨ ਦੀਆਂ ਟੀਮਾਂ ਵੱਲੋਂ 2 ਵੱਖ-ਵੱਖ ਥਾਵਾਂ ਤੋਂ ਨਾਕਬੰਦੀ ਦੌਰਾਨ 2 ਲੋਕਾਂ ਨੂੰ ਭਾਰੀ ਮਾਤਰਾ ’ਚ ਨਸ਼ੇ ਵਾਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
 ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਗੁਰਿੰਦਰਬੀਰ ਸਿੰਘ ਸਿੱਧੂ ਅਤੇ ਐੱਸ.ਐੱਚ.ਓ. ਥਾਣਾ ਝਬਾਲ ਗੁਰਚਰਨ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਸੀ.ਆਈ.ਏ. ਸਟਾਫ ਤਰਨਤਾਰਨ ਵਿਖੇ ਤਾਇਨਾਤ ਏ.ਐੱਸ.ਆਈ. ਭੁਪਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਪੁਲ ਸੂਆ ਪਿੰਡ ਕੋਟ ਧਰਮ ਚੰਦ ਨਜ਼ਦੀਕ ਲਾਏ ਗਏ ਨਾਕੇ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕੀਤਾ ਗਿਆ, ਜਿਸ ਦੀ ਤਲਾਸ਼ੀ ਲੈਣ ’ਤੇ ਉਸ ਦੀ ਜੇਬ ਵਿਚੋਂ 100 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। 
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਦੀਪ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਪਿੰਡ ਪੱਧਰੀ ਕਲਾਂ ਵਜੋਂ ਹੋਈ ਹੈ, ਜਿਸ ਵਿਰੁੱਧ ਥਾਣਾ ਝਬਾਲ ਵਿਖੇ ਨਸ਼ਾ ਰੋਕੂ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸੇ ਤਰ੍ਹਾਂ ਸੀ.ਆਈ.ਏ. ਸਟਾਫ ਦੇ ਏ.ਐੱਸ.ਆਈ. ਨਰਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਵੀ ਬੀਤੀ ਦੇਰ ਸ਼ਾਮ ਪਿੰਡ ਬਘਿਆਡ਼ੀ ਸੂਏ ’ਤੇ ਲਾਏ ਗਏ ਨਾਕੇ ਦੌਰਾਨ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ, ਜਿਸ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। 
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਉਕਤ ਦੋਸ਼ੀ ਦੀ ਪਛਾਣ ਬਖਸ਼ੀਸ਼ ਸਿੰਘ ਉਰਫ ਟੋਡਾ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਪੱਧਰੀ ਕਲਾਂ ਵਜੋਂ ਹੋਈ ਹੈ, ਜਿਸ ਵਿਰੁੱਧ ਵੀ ਥਾਣਾ ਝਬਾਲ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਦੋਹਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਵਾ ਕੇ ਨਿਆਂਇਕ ਹਿਰਾਸਤ ’ਚ ਕੇਂਦਰੀ ਜੇਲ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ।
 ਫਤਿਆਬਾਦ,  (ਕੰਵਲ ਸੰਧੂ)-ਜ਼ਿਲਾ ਪੁਲਸ ਮੁਖੀ ਦਰਸ਼ਨ ਸਿੰਘ ਮਾਨ ਵੱਲੋਂ ਚਲਾੲੀ ਨਸ਼ਿਆਂ ਖਿਲਾਫ਼  ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਪੁਲਸ ਚੌਕੀ ਫਤਿਆਬਾਦ ਦੀ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ਪਾਸੋਂ ਨਸ਼ੇ ਵਾਲੀਆਂ ਗੋਲੀਆਂ ਅਤੇ ਅਲਕੋਹਲ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਤਿਆਬਾਦ ਦੇ ਚੌਕੀ ਇੰਚਾਰਜ ਬਲਰਾਜ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪਿੰਡ ਖੇਲੇ ਕੋਲੋਂ  ਇਕ ਸ਼ੱਕੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੇ ਕੋਲੋਂ 204 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਜਿਸ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਛਾਪਡ਼ੀ ਸਾਹਿਬ ਵਜੋਂ ਹੋਈ ਹੈ, ਇਸੇ ਤਰ੍ਹਾਂ ਵਰਿੰਦਰ ਸਿੰਘ ਨਾਮਕ ਵਿਅਕਤੀ ਕੋਲੋਂ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਕ ਹੋਰ ਕਾਰਵਾਈ ਦੌਰਾਨ ਗੁਰਨਾਮ ਸਿੰਘ ਗਾਨਾ ਪੁੱਤਰ ਚਰਨ ਸਿੰਘ ਵਾਸੀ ਫਤਿਆਬਾਦ ਕੋਲੋਂ 32 ਬੋਤਲ ਅਲਕੋਹਲ ਬਰਾਮਦ ਹੋਈ ਹੈ  ਜਿਨ੍ਹਾਂ ਦੇ ਖ਼ਿਲਾਫ ਥਾਣਾ  ਸ੍ਰੀ ਗੋਇੰਦਵਾਲ ਸਾਹਿਬ ਵਿਖੇ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Related News