ਡਾ. ਸ਼ਾਹਬਾਜ਼ ਸਿੰਘ ਚੀਮਾ ਵੱਲੋਂ ਖਾਦ ਦੇ ਹੋਲਸੇਲਰਾਂ ਤੇ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨੂੰ ਸਖ਼ਤ ਹਦਾਇਤਾਂ

Thursday, Aug 13, 2026 - 07:43 PM (IST)

ਡਾ. ਸ਼ਾਹਬਾਜ਼ ਸਿੰਘ ਚੀਮਾ ਵੱਲੋਂ ਖਾਦ ਦੇ ਹੋਲਸੇਲਰਾਂ ਤੇ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨੂੰ ਸਖ਼ਤ ਹਦਾਇਤਾਂ

ਗੁਰਦਾਸਪੁਰ, (ਹਰਮਨ)-ਜ਼ਿਲ੍ਹਾ ਗੁਰਦਾਸਪੁਰ ਵਿੱਚ ਕਿਸਾਨਾਂ ਨੂੰ ਮਿਆਰੀ ਕਿਸਮ ਦੀਆਂ ਖਾਦਾਂ ਦੀ ਲੋੜ ਅਨੁਸਾਰ ਉਪਲਬਧਤਾ ਯਕੀਨੀ ਬਣਾਉਣ ਅਤੇ ਖਾਦ ਦੀ ਸੁਚੱਜੀ ਤੇ ਇਕਸਾਰ ਵੰਡ ਨੂੰ ਲੈ ਕੇ ਮੁੱਖ ਖੇਤੀਬਾੜੀ ਅਫਸਰ ਡਾ. ਸ਼ਾਹਬਾਜ਼ ਸਿੰਘ ਚੀਮਾ ਵੱਲੋਂ ਖਾਦ ਦੇ ਹੋਲਸੇਲਰਾਂ ਅਤੇ ਵੱਖ-ਵੱਖ ਖਾਦ ਕੰਪਨੀਆਂ ਦੇ ਸੀਨੀਅਰ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਚੀਮਾ ਨੇ ਸਪੱਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸਿਰਫ਼ ਮਿਆਰੀ ਕਿਸਮ ਦੀਆਂ ਖਾਦਾਂ ਹੀ ਉਪਲਬਧ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਡੀਲਰਾਂ ਨੂੰ ਖਾਦ ਦੀ ਵੰਡ ਸੁਚੱਜੇ ਅਤੇ ਢੁਕਵੇਂ ਢੰਗ ਨਾਲ ਕੀਤੀ ਜਾਵੇ, ਤਾਂ ਜੋ ਕਿਸੇ ਵੀ ਖੇਤਰ ਵਿੱਚ ਖਾਦ ਦੀ ਕਮੀ ਨਾ ਆਵੇ ਅਤੇ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਖਾਦ ਦੀ ਇਕਸਾਰ ਤੇ ਲੋੜ ਅਨੁਸਾਰ ਉਪਲਬਧਤਾ ਬਣੀ ਰਹੇ।
ਉਨ੍ਹਾਂ ਸਖ਼ਤ ਹਦਾਇਤ ਕੀਤੀ ਕਿ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਖਾਦਾਂ ਦੀ ਵਿਕਰੀ ਨਿਰਧਾਰਤ ਅਤੇ ਵਾਜਬ ਸਰਕਾਰੀ ਰੇਟਾਂ ’ਤੇ ਹੀ ਕੀਤੀ ਜਾਵੇ। ਕਿਸਾਨਾਂ ’ਤੇ ਖਾਦ ਦੇ ਨਾਲ ਕਿਸੇ ਹੋਰ ਉਤਪਾਦ ਦੀ ਖਰੀਦ ਲਈ ਕੋਈ ਵਾਧੂ ਬੋਝ ਨਾ ਪਾਇਆ ਜਾਵੇ। ਡਾ. ਚੀਮਾ ਨੇ ਇਹ ਵੀ ਕਿਹਾ ਕਿ ਸਾਰੇ ਡੀਲਰ ਆਪਣੇ ਖਾਦ ਸਟਾਕ ਦਾ ਸਹੀ ਅਤੇ ਪੂਰਾ ਰਿਕਾਰਡ ਰੱਖਣ ਅਤੇ ਖਾਦ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਪੱਕੇ ਬਿੱਲ ਜਾਰੀ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਖਾਦ ਦੀ ਵੰਡ ਅਤੇ ਵਿਕਰੀ ਵਿੱਚ ਪੂਰੀ ਪਾਰਦਰਸ਼ਤਾ ਰੱਖੀ ਜਾਵੇ, ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਖੇਤੀਬਾੜੀ ਅਫਸਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਪੱਧਰ ’ਤੇ ਖਾਦ ਦੀ ਕਾਲਾਬਾਜ਼ਾਰੀ, ਟੈਗਿੰਗ, ਨਿਰਧਾਰਤ ਰੇਟ ਤੋਂ ਵੱਧ ਕੀਮਤ ਵਸੂਲਣ ਜਾਂ ਹੋਰ ਕਿਸੇ ਤਰ੍ਹਾਂ ਦੀ ਬੇਨਿਯਮੀ ਸਾਹਮਣੇ ਆਈ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰੇ ਹੋਲਸੇਲਰਾਂ ਅਤੇ ਖਾਦ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਖਾਦ ਦੀ ਨਿਰਵਿਘਨ ਅਤੇ ਬਰਾਬਰ ਵੰਡ ਯਕੀਨੀ ਬਣਾਉਣ ਦੀ ਹਦਾਇਤ ਕੀਤੀ।


author

Shubam Kumar

Content Editor

Related News