ਸਬ-ਰਜਿਸਟਰਾਰ ਨਾਲ ਵਿਸ਼ਵਾਸ਼ਘਾਤ : ਦਸਤਾਵੇਜ਼ ਦਿਖਾਏ ਹੋਰ ਤੇ ਦਸਤਖ਼ਤ ਕਿਸੇ ਹੋਰ ’ਤੇ ਕਰਵਾਏ

Saturday, Dec 30, 2023 - 05:28 PM (IST)

ਸਬ-ਰਜਿਸਟਰਾਰ ਨਾਲ ਵਿਸ਼ਵਾਸ਼ਘਾਤ : ਦਸਤਾਵੇਜ਼ ਦਿਖਾਏ ਹੋਰ ਤੇ ਦਸਤਖ਼ਤ ਕਿਸੇ ਹੋਰ ’ਤੇ ਕਰਵਾਏ

ਅੰਮ੍ਰਿਤਸਰ (ਨੀਰਜ)- ਰਜਿਸਟਰੀ ਦਫ਼ਤਰ-3 ਵਿਚ ਅੰਬੈਸਡਰ ਰੁਚਿਕਾ ਭੰਡਾਰੀ ਦੀ ਜ਼ਮੀਨ ਦੀ ਜਾਅਲੀ ਰਜਿਸਟਰੀ ਕਰਵਾਉਣ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਸਮੇਤ ਐੱਸ. ਡੀ. ਐੱਮ. ਅੰਮ੍ਰਿਤਸਰ-2 ਤੋਂ ਇਲਾਵਾ ਖੁਦ ਸਬ-ਰਜਿਸਟਰਾਰ ਅੰਮ੍ਰਿਤਸਰ-3 ਵੀ ਆਪਣੇ-ਆਪਣੇ ਪੱਧਰ ’ਤੇ ਜਾਂਚ ਕਰ ਰਹੇ ਹਨ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਕਿ ਤਹਿਸੀਲ ਵਿਚ ਹੀ ਕੰਮ ਕਰਨ ਵਾਲੇ ਕੁਝ ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮਾਂ ਜਿਨ੍ਹਾਂ ਵਿਚ ਮੁੱਖ ਤੌਰ ’ਤੇ ਕਥਿਤ ਵਸੀਕਾ ਨਵੀਸ ਨੇ ਸਬ-ਰਜਿਸਟਰਾਰ ਜਗਤਾਰ ਸਿੰਘ ਨਾਲ ਵਿਸ਼ਵਾਸਘਾਤ ਕੀਤਾ ਹੈ। ਆਪਣੇ ਮਿਲਣਸਾਰ ਸੁਭਾਅ ਦੇ ਚੱਲਦਿਆਂ ਜਗਤਾਰ ਸਿੰਘ ਹਰ ਮੁਲਾਜ਼ਮ ਅਤੇ ਵਸੀਕਾ ਨਵੀਸ ਨਾਲ ਚੰਗੇ ਸਬੰਧ ਰੱਖਦੇ ਹਨ, ਜਿਸ ਦਾ ਨਾਜਾਇਜ਼ ਫਾਇਦਾ ਉਠਾਇਆ ਗਿਆ।

ਜਾਣਕਾਰੀ ਅਨੁਸਾਰ ਸਬ-ਰਜਿਸਟਰਾਰ ਨੂੰ ਦਸਤਾਵੇਜ਼ ਕੁਝ ਦਿਖਾਏ ਗਏ ਸਨ ਅਤੇ ਦਸਤਖ਼ਤ ਕਿਸੇ ਹੋਰ ਦਸਤਾਵੇਜ਼ ’ਤੇ ਕਰਵਾ ਲਏ ਗਏ, ਇੰਨਾ ਹੀ ਨਹੀਂ ਰਜਿਸਟਰੀ ਦਫ਼ਤਰ ਵਿਚ ਕੰਮ ਕਰਨ ਵਾਲੇ ਕਿਸੇ ਨਾ ਕਿਸੇ ਕਰਮਚਾਰੀ ਨੇ ਵੀ ਧੋਖਾਦੇਹੀ ਕਰਨ ਵਾਲਿਆਂ ਦਾ ਸਾਥ ਦਿੱਤਾ, ਜਿਸ ਦਾ ਪਤਾ ਲੱਗ ਚੁੱਕਾ ਹੈ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਵਿਅਕਤੀ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸਾਈਕਲ 'ਤੇ ਕੀਤਾ ਤੈਅ

ਕਿਵੇਂ ਬਣ ਗਏ ਨਕਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ?

ਆਮ ਤੌਰ ’ਤੇ ਆਧਾਰ ਕਾਰਡ ਅਤੇ ਹੋਰ ਸ਼ਨਾਖਤੀ ਦਸਤਾਵੇਜ਼ ਬਣਾਉਣੇ ਆਸਾਨ ਨਹੀਂ ਹੁੰਦੇ ਪਰ ਜਾਅਲੀ ਰਜਿਸਟਰੀ ਕਰਵਾਉਣ ਵਾਲੇ ਇੰਨੇ ਚਲਾਕ ਨਿਕਲੇ ਕਿ ਜ਼ਮੀਨ ਵੇਚਣ ਵਾਲੀ ਮਹਿਲਾ ਅਧਿਕਾਰੀ ਤੱਕ ਦੇ ਨਕਲੀ ਦਸਤਾਵੇਜ਼ ਤਿਆਰ ਕਰ ਲਏ ਅਤੇ ਰਜਿਸਟਰੀ ਕਰਵਾ ਲਈ। ਪ੍ਰਸਾਸ਼ਨ ਦੇ ਸਾਹਮਣੇ ਇਹ ਵੀ ਇੱਕ ਚੁਣੌਤੀ ਰਹੇਗੀ ਕਿ ਨਕਲੀ ਦਸਤਾਵੇਜ਼ ਬਣਾਉਣ ਵਾਲੇ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਜ਼ਿਲ੍ਹਾ ਕਚਹਿਰੀ ’ਚ ਗੈਰ-ਲਾਇਸੈਂਸੀ ਵਸੀਕਾ ਨਵੀਸ ਵੀ ਸਰਗਰਮ

ਜ਼ਿਲ੍ਹਾ ਕਚਹਿਰੀ ਦੀ ਗੱਲ ਕਰੀਏ ਤਾਂ ਇੱਥੇ ਤਿੰਨ ਸੌ ਦੇ ਕਰੀਬ ਲਾਇਸੈਂਸੀ ਵਸੀਕਾ ਨਵੀਸ ਕੰਮ ਕਰਦੇ ਹਨ ਪਰ ਕੁਝ ਅਜਿਹੇ ਕਥਿਤ ਵਸੀਕਾ ਨਵੀਸ ਵੀ ਹਨ ਜੋ ਆਪਣੇ ਆਪ ਨੂੰ ਆਮ ਲੋਕਾਂ ਦੇ ਸਾਹਮਣੇ ਵਸੀਕਾ ਨਵੀਸ ਵਜੋਂ ਪੇਸ਼ ਕਰਦੇ ਹਨ ਪਰ ਉਨ੍ਹਾਂ ਕੋਲ ਵਸੀਕਾ ਨਵੀਸ ਦਾ ਲਾਇਸੈਂਸ ਨਹੀਂ ਹੈ, ਅਜਿਹੇ ਜਾਅਲੀ ਵਸੀਕਾ ਨਵੀਸ ਲਾਇਸੈਂਸੀ ਵਸੀਕਾ ਨਵੀਸਾਂ ਦੇ ਰਜਿਸਟਰ ਵਿੱਚ ਦਸਤਾਵੇਜ਼ ਦਰਜ ਕਰਵਾ ਕੇ ਤਹਿਸੀਲਦਾਰ ਅਤੇ ਸਬ-ਰਜਿਸਟਰਾਰ ਅੱਗੇ ਪੇਸ਼ ਹੋ ਕੇ ਰਜਿਸਟ੍ਰੇਸ਼ਨ ਕਰਵਾ ਲੈਂਦੇ ਹਨ, ਹਾਲਾਂਕਿ ਵਸੀਕਾ ਨਵੀਸ ਯੂਨੀਅਨ ਵਲੋਂ ਕਈ ਵਾਰ ਇਸ ਦਾ ਵਿਰੋਧ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦੁਬਈ ਤੋਂ ਆਏ ਯਾਤਰੀ ਕੋਲੋਂ 67 ਲੱਖ ਦਾ ਸੋਨਾ ਜ਼ਬਤ, ਕਸਟਮ ਵਿਭਾਗ ਨੇ ਕੀਤਾ ਗ੍ਰਿਫ਼ਤਾਰ

ਤਿੰਨਾਂ ਰਜਿਸਟਰੀ ਦਫ਼ਤਰਾਂ ਵਿਚ ਪਹਿਲਾਂ ਵੀ ਫੜੀਆਂ ਜਾ ਚੁੱਕੀਆਂ ਹਨ ਜਾਅਲੀ ਐੱਨ. ਓ. ਸੀਜ਼

ਜਾਅਲੀ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਪਤਾ ਲੱਗਾ ਹੈ ਕਿ ਰਜਿਸਟਰੀ ਦਫ਼ਤਰ-1, 2 ਅਤੇ 3 ਵਿਚ ਜਾਅਲੀ ਦਸਤਾਵੇਜ਼ ਫੜੇ ਜਾਣ ਦਾ ਮਾਮਲਾ ਕੋਈ ਨਵਾਂ ਨਹੀਂ ਹੈ, ਸਗੋਂ ਇਨ੍ਹਾਂ ਤਿੰਨਾਂ ਹੀ ਦਫ਼ਤਰਾਂ ਵਿਚ ਪਹਿਲਾਂ ਵੀ ਜਾਅਲੀ ਐੱਨ. ਓ. ਸੀ. ਫੜੇ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਮੁਲਜ਼ਮ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਜਾਣ ਦੇ ਬਾਵਜੂਦ ਪੁਲਸ ਵਲੋਂ ਧੋਖਾਧੜੀ ਕਰਨ ਵਾਲੇ ਮੁਲਜ਼ਮਾਂ, ਜਿਸ ਵਿਚ ਵਸੀਕਾ ਨਵੀਸ, ਗਵਾਹ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ, ਜਦਕਿ ਤਿੰਨਾਂ ਹੀ ਦਫ਼ਤਰਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਜਾਅਲੀ ਐੱਨ. ਓ. ਸੀ ਫੜੇ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਐੱਸ. ਡੀ. ਐੱਮ.-2 ਨੇ ਗਵਾਹ, ਨੰਬਰਦਾਰ ਸਮੇਤ ਅਧਿਕਾਰੀ ਦੇ ਲਏ ਬਿਆਨ

ਜਾਅਲੀ ਰਜਿਸਟਰੀ ਦੇ ਮਾਮਲੇ ਵਿਚ ਡੀ. ਸੀ. ਵਲੋਂ ਮੁੱਖ ਤੌਰ ’ਤੇ ਐੱਸ. ਡੀ. ਐੱਮ.-2 ਨਿਕਾਸ ਕੁਮਾਰ ਨੂੰ ਜਾਂਚ ਸੌਂਪੀ ਗਈ ਹੈ ਅਤੇ ਐੱਸ. ਡੀ. ਐੱਮ. ਵਲੋਂ ਸ਼ੁੱਕਰਵਾਰ ਦੇ ਦਿਨ ਸਬ-ਰਜਿਸਟਰਾਰ, ਗਵਾਹ, ਨੰਬਰਦਾਰ, ਵਸੀਕਾ ਨਵੀਸ ਅਤੇ ਹੋਰਾਂ ਨੂੰ ਜਾਂਚ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਦੇ ਬਿਆਨ ਵੀ ਲਏ ਗਏ। ਹਾਲਾਂਕਿ ਅਜੇ ਤੱਕ ਜਾਂਚ ਪੂਰੀ ਨਹੀਂ ਹੋਈ ਹੈ ਅਤੇ ਹਰ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ: ਮਾਲਕਣ ਕੁੜੀ ਨਾਲ 2 ਸਾਲਾਂ ਤੋਂ ਢਾਉਂਦੀ ਰਹੀ ਤਸ਼ੱਦਦ, ਹੈਰਾਨ ਕਰੇਗਾ ਪੂਰਾ ਮਾਮਲਾ

ਆਪਣੇ ਹੀ ਦੋ ਪਟਵਾਰੀਆਂ ਨੇ ਕਰਵਾਈ ਸ਼ਾਮਲਾਟ ਜ਼ਮੀਨ ਦੀ ਰਜਿਸਟਰੀ

ਰਜਿਸਟਰੀ ਦਫ਼ਤਰ-3 ਵਿਚ ਹੀ ਇੱਕ ਹੋਰ ਰਜਿਸਟਰੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮਾਲ ਵਿਭਾਗ ਦੇ ਦੋ ਪਟਵਾਰੀਆਂ ਨੇ ਸਬ-ਰਜਿਸਟਰਾਰ ਨੂੰ ਗਲਤ ਦਸਤਾਵੇਜ਼ ਦਿਖਾ ਕੇ ਸ਼ਾਮਲਾਟ ਜ਼ਮੀਨ ਦੀ ਰਜਿਸਟਰੀ ਕਰਵਾ ਲਈ, ਜਿਸ ਦੀ ਭਿਣਕ ਲੱਗਦਿਆ ਹੀ ਸਬ- ਰਜਿਸਟਰਾਰ ਨੇ ਸਬੰਧਤ ਰਜਿਸਟਰੀ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News